ਖੇਡ ਸੰਸਥਾਨਾਂ ਦੇ ‘ਕੋਚਾਂ ਵੱਲੋਂ’ ‘ਮਹਿਲਾ ਖਿਡਾਰੀਆਂ ਦਾ ਸੈਕਸ ਸ਼ੋਸ਼ਣ’

06/11/2022 12:59:51 AM

ਜਬਰ-ਜ਼ਨਾਹ ਅਤੇ ਸੈਕਸ ਸ਼ੋਸ਼ਣ ਦੀ ਬੁਰਾਈ ਸਮਾਜ ਦੇ ਹਰ ਖੇਤਰ ’ਚ ਫੈਲਦੀ ਜਾ ਰਹੀ ਹੈ ਅਤੇ ਸਿੱਖਿਆ ਅਤੇ ਖੇਡ ਸੰਸਥਾਨਾਂ ’ਚ ਵੀ ਅਧਿਆਪਕਾਂ ਤੇ ਕੋਚਾਂ ਵੱਲੋਂ ਜਬਰ-ਜ਼ਨਾਹ, ਸੈਕਸ ਸ਼ੋਸ਼ਣ ਤੇ ਤੰਗ-ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਆਮ ਹੋ ਗਈਆਂ ਹਨ। 2020 ’ਚ ਸਪੋਰਟਸ ਅਥਾਰਿਟੀ ਆਫ ਇੰਡੀਆ (‘ਸਾਈ’) ਨੇ ਮਹਿਲਾ ਐਥਲੀਟਾਂ ਦੀ ਸੁਰੱਖਿਆ ਲਈ ਇਕ ਸ਼ਿਕਾਇਤ ਕਮੇਟੀ ਗਠਿਤ ਕੀਤੀ ਸੀ। ਸਾਈ ਅਨੁਸਾਰ ਸਾਲ 2011 ਤੋਂ 20 ਤੱਕ 9 ਸਾਲਾਂ ’ਚ ਸੈਕਸ  ਸ਼ੋਸ਼ਣ ਦੀਆਂ 35 ਸ਼ਿਕਾਇਤਾਂ ਆਈਆਂ। ਇਨ੍ਹਾਂ ’ਚੋਂ 27 ਸ਼ਿਕਾਇਤਾਂ ਕੋਚਾਂ ਦੇ ਵਿਰੁੱਧ ਸਨ ਅਤੇ ਜਾਂਚ ਕਰਨ ’ਤੇ 14 ਕੋਚਾਂ ਨੂੰ ਦੋਸ਼ੀ ਪਾਇਆ ਗਿਆ। ਸ਼ਿਕਾਇਤ ਕਮੇਟੀ ਦੀ ਟੀਮ ਇਸ ਸਬੰਧ ’ਚ ਕਈ ਕੋਚਾਂ ਨੂੰ ਬਰਖਾਸਤ ਵੀ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਕੋਚਾਂ ਵੱਲੋਂ ਮਹਿਲਾ ਖਿਡਾਰੀਆਂ ਦਾ ਸੈਕਸ ਸ਼ੋਸ਼ਣ ਜਾਰੀ ਹੈ। 

* 21 ਅਕਤੂਬਰ, 2021 ਨੂੰ ਪੁੱਡੂਚੇਰੀ ਦੇ ਇਕ ਸੀਨੀਅਰ ਕ੍ਰਿਕਟ ਕੋਚ ‘ਥਮਰਾਈਕਨਨ’ ਨੂੰ ਇਕ ਖਿਡਾਰਨ ਦੇ ਨਾਲ ਸੈਕਸ  ਸ਼ੋਸ਼ਣ ਦੇ ਮਾਮਲੇ ’ਚ  ਦੋਸ਼ੀ ਪਾਏ ਜਾਣ ’ਤੇ ਪੁੱਡੂਚੇਰੀ ਕ੍ਰਿਕਟ ਸੰਘ ਵੱਲੋਂ ਇਕ ਸਾਲ ਦੇ ਲਈ ਮੁਅੱਤਲ ਕੀਤਾ ਗਿਆ। ਪੀੜਤ ਲੜਕੀ ਦੇ ਅਨੁਸਾਰ ਕੋਚ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਦੇ ਪਿਆਰ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਉਸ ਨੂੰ ਕੋਚਿੰਗ ਨਹੀਂ ਦੇਵੇਗਾ। 
* 26 ਅਪ੍ਰੈਲ, 2022 ਨੂੰ ਰਾਸ਼ਟਰੀ ਬਾਸਕਟਬਾਲ ਖਿਡਾਰੀ ਲਿਥਾਰਾ ਨੇ ਪਟਨਾ ਦੇ ਰਾਜੀਵ ਨਗਰ ਸਥਿਤ ਆਪਣੇ ਘਰ ’ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਲਿਥਾਰਾ ਦੇ ਮਾਮੇ ਨੇ ਉਸ ਦੇ ਕੋਚ ਰਵੀ ਸਿੰਘ ’ਤੇ ਉਸ ਦੇ ਮਾਨਸਿਕ ਅਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ। 
* 8 ਜੂਨ, 2022 ਨੂੰ ਮਹਾਰਾਸ਼ਟਰ ਦੇ ਨਾਗਪੁਰ ’ਚ ਕਰਾਟੇ ਦੀ ਟ੍ਰੇਨਿੰਗ ਲੈ ਰਹੀ ਇਕ 11 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਕੋਚ ‘ਗੋਪਾਲ ਰਾਮੇਸ਼ਵਰ ਗੋਂਡਾਨੇ’ ’ਤੇ 5 ਹੋਰਨਾਂ ਵਿਦਿਆਰਥਣਾਂ ਨੇ ਵੀ ਜਬਰ-ਜ਼ਨਾਹ ਕਰਨ ਅਤੇ ਧਮਕਾਉਣ ਦੇ ਦੋਸ਼ ਲਾਏ ਹਨ। ਉਹ ਆਪਣੀਆਂ ਨਾਬਾਲਗ ਚੇਲੀਆਂ ਨੂੰ ਸੁੰਨਸਾਨ ਥਾਂ ’ਤੇ ਕਰਾਟੇ ਦੇ ਗੁਰ ਸਿਖਾਉਣ ਅਤੇ ਫੌਜ ’ਚ ਨੌਕਰੀ ਦਿਵਾਉਣ ਦੇ ਬਹਾਨੇ ਲਿਜਾ ਕੇ ਉਨ੍ਹਾਂ  ਨਾਲ ਜਬਰ-ਜ਼ਨਾਹ ਕਰਦਾ ਸੀ। 
* 9 ਜੂਨ ਨੂੰ ਰਾਸ਼ਟਰੀ ਪੱਧਰ ਦੀ ਇਕ ਮਹਿਲਾ ਨਾਵਿਕ (ਸੇਲਰ) ਨੇ ਟੀਮ ਦੇ ਕੋਚ ’ਤੇ ਜਰਮਨੀ ਯਾਤਰਾ ਦੇ ਦੌਰਾਨ ਉਸ ਨੂੰ ਅਸਹਿਜ ਮਹਿਸੂਸ ਕਰਾਉਣ ਦਾ ਦੋਸ਼ ਲਾਇਆ। 
* 9 ਜੂਨ ਨੂੰ ਹੀ ਸੈਕਸ  ਸ਼ੋਸ਼ਣ ਦੇ ਇਕ ਹੋਰ ਮਾਮਲੇ ’ਚ ਭਾਰਤੀ ਖੇਡ  ਅਥਾਰਿਟੀ (ਸਾਈ) ਨੇ ਸਲੋਵੇਨੀਆ ’ਚ ਟ੍ਰੇਨਿੰਗ ਕੈਂਪ ’ਚ ਇਕ ਚੋਟੀ ਦੀ ਮਹਿਲਾ ਸਾਈਕਲਿਸਟ ਦਾ ਸੈਕਸ ਸ਼ੋਸ਼ਣ ਕਰਨ ਦੇ ਮਾਮਲੇ ’ਚ 56 ਸਾਲਾ ਕੋਚ ਆਰ. ਕੇ. ਸ਼ਰਮਾ ਦਾ ਐਗਰੀਮੈਂਟ ਰੱਦ ਕਰਨ ਦੇ ਇਲਾਵਾ ਟੀਮ ਨੂੰ ਵੀ ਵਾਪਸ ਸੱਦ  ਲਿਆ।  

ਸ਼ਿਕਾਇਤ ਦੇ ਅਨੁਸਾਰ ਕੋਚ ਨੇ ਆਪਣੀ ਧੀ ਤੋਂ ਵੀ ਛੋਟੀ ਉਮਰ ਦੀ ਇਸ ਸਾਈਕਲਿਸਟ ਨੂੰ ਆਪਣੀ ਪਤਨੀ ਬਣਾਉਣ ਦੀ  ਪੇਸ਼ਕਸ਼ ਕੀਤੀ, ਉਸ ’ਤੇ ਆਪਣੇ ਕਮਰੇ ’ਚ ਆਉਣ ਦਾ ਦਬਾਅ ਬਣਾਇਆ ਅਤੇ ਕਿਹਾ ਕਿ ਉਸ ਦੇ ਨਾਲ ਪਤਨੀ ਵਰਗਾ ਵਿਹਾਰ ਕਰੇ। 
* ਕੁਝ ਸਮਾਂ ਪਹਿਲਾਂ ਰਾਸ਼ਟਰੀ ਐਥਲੀਟ ਦੂਤੀ ਚੰਦ ਨੇ ਵੀ ਦੋਸ਼ ਲਾਇਆ ਸੀ ਕਿ ਖੇਡ ਅਕਾਦਮੀਆਂ ’ਚ ਬੱਚੀਆਂ ਦਾ ਸੈਕਸ ਸ਼ੋਸ਼ਣ ਹੁੰਦਾ ਹੈ ਤੇ ਸ਼ਿਕਾਇਤ ਕਰਨ ’ਤੇ ਉਨ੍ਹਾਂ ਨੂੰ ਬਦਨਾਮ ਕਰਨ ਜਾਂ ਉਨ੍ਹਾਂ ਦਾ ਕਰੀਅਰ  ਤਬਾਹ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਖੇਡ ਜਗਤ ’ਚ ਸੈਕਸ ਸ਼ੋਸ਼ਣ ਭਾਵ ‘ਸੈਕਸਟਾਰਸ਼ਨ’ ਦੇ ਕਈ ਹਾਈ-ਪ੍ਰੋਫਾਈਲ ਮਾਮਲਿਆਂ ਨੇ ਇਸ ਸਮੱਸਿਆ ਦੇ ਪ੍ਰਤੀ ਲੋਕਾਂ ਦਾ ਧਿਆਨ ਖਿੱਚਿਆ ਹੈ। ‘ਟ੍ਰਾਂਸਪੇਰੈਂਸੀ ਇੰਟਰਨੈਸ਼ਨਲ’ ਦੀ ਹਾਲੀਆ ਰਿਪੋਰਟ ’ਚ ਵੀ ਖੇਡ ਜਗਤ ’ਚ ਤੇਜ਼ੀ ਨਾਲ ਵਧਦੇ ਸੈਕਸ ਸ਼ੋਸ਼ਣ ਦੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ‘ਟ੍ਰਾਂਸਪੇਰੈਂਸੀ ਇੰਟਰਨੈਸ਼ਨਲ’ ’ਚ ਖੋਜ ਮੁਖੀ ਮੈਰੀ ਚੇਨ ਦੇ ਅਨੁਸਾਰ, ‘‘ਕੋਚਾਂ ਦੇ ਕੋਲ ਕੁਝ ਮਾਮਲਿਆਂ ’ਚ ਤੁਹਾਡੇ ਕਰੀਅਰ ਨੂੰ ਬਣਾਉਣ ਜਾਂ ਬਰਬਾਦ ਕਰਨ ਦੀ ਸ਼ਕਤੀ ਹੁੰਦੀ ਹੈ। ਇਸ ਕਾਰਨ ਸਥਿਤੀ ਕਦੀ-ਕਦੀ ਧਮਾਕਾਖੇਜ਼ ਬਣ ਜਾਂਦੀ ਹੈ। ਖੇਡ ਸੰਗਠਨਾਂ, ਸਰਕਾਰਾਂ ਅਤੇ ਸੱਭਿਅਕ ਸਮਾਜ ਨੂੰ ਦੁਰਵਿਵਹਾਰ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਖੇਡਾਂ ’ਚ ‘ਸੈਕਸਟਾਰਸ਼ਨ’ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ।’’ ਅਧਿਕਾਰੀਆਂ ਦੇ ਅਨੁਸਾਰ ਆਮ ਤੌਰ ’ਤੇ ਕੋਚਾਂ ਆਦਿ ਵੱਲੋਂ ਉਨ੍ਹਾਂ ਦਾ ਕਰੀਅਰ ਖਰਾਬ ਕਰ ਦੇਣ ਦੇ ਡਰ ਕਾਰਨ ਔਰਤਾਂ ਆਪਣੀਆਂ ਸ਼ਿਕਾਇਤਾਂ ਵਾਪਸ ਲੈ ਲੈਂਦੀਆਂ ਹਨ ਜਾਂ ਬਿਆਨ ਬਦਲ ਦਿੰਦੀਆਂ ਹਨ ਜਿਸ ਨਾਲ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਔਖੀ ਹੋ ਜਾਂਦੀ ਹੈ। 

ਔਰਤਾਂ ਦੇ ਸਸ਼ਕਤੀਕਰਨ ਸਬੰਧੀ ਇਕ ਸੰਸਦੀ ਕਮੇਟੀ ਇਹ ਗੰਭੀਰ ਦੋਸ਼ ਵੀ ਲਾ ਚੁੱਕੀ ਹੈ ਕਿ ਕੋਚ ਆਪਣੇ ਰੁਤਬੇ ਅਤੇ ਦਬਦਬੇ  ਦਾ ਅਣਉਚਿਤ ਲਾਭ ਉਠਾਉਂਦੇ ਹਨ ਜਦਕਿ ਵੱਡੀ ਗਿਣਤੀ ’ਚ ਟ੍ਰੇਨੀ ਖਿਡਾਰਨਾਂ ਚੋਣ ਨਾ ਹੋਣ ਦੇ ਡਰ ਤੋਂ ਆਪਣੇ ਨਾਲ ਹੋਣ ਵਾਲਾ ਅਣਉਚਿਤ ਵਿਹਾਰ ਚੁੱਪਚਾਪ ਸਹਿੰਦੀਆਂ ਰਹਿੰਦੀਆਂ ਹਨ। ਖਿਡਾਰਨਾਂ ਵੱਲੋਂ ਕੋਚਾਂ ਦੇ ਸੈਕਸ ਸ਼ੋਸ਼ਣ ਦਾ ਸ਼ਿਕਾਰ ਹੋਣ ਦੇ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਖੇਡ ਸੰਸਥਾਨਾਂ ’ਚ ਮਹਿਲਾ ਕੋਚਾਂ ਦੀ ਗਿਣਤੀ ਬਹੁਤ ਘੱਟ ਹੈ। ਲਿਹਾਜ਼ਾ ਖੇਡ ਸੰਸਥਾਨਾਂ ’ਚ ਸਾਰੇ ਪੱਧਰਾਂ ’ਤੇ ਮਹਿਲਾ ਕੋਚਾਂ ਦੀ ਗਿਣਤੀ  ਵਧਾਉਣ ਦੀ ਵੀ ਲੋੜ ਹੈ। ਵਿਸ਼ਵ ’ਚ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਜਾਨ ਲੜਾਉਣ ਵਾਲੀਆਂ  ਖਿਡਾਰਨਾਂ  ਦੇ ਸੈਕਸ  ਸ਼ੋਸ਼ਣ  ਦੁਆਰਾ ਉਨ੍ਹਾਂ  ਦੇ ਸਫੈਦ ਦਾਮਨ ’ਤੇ ਦਾਗ ਲਗਾਉਣਾ ਕਿਸੇ  ਵੀ ਤਰ੍ਹਾਂ  ਉਚਿਤ ਨਹੀਂ ਹੈ  ਜਿਸ ਦੇ ਲਈ ਜ਼ਿੰਮੇਵਾਰ ਕੋਚਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਵਿਜੇ ਕੁਮਾਰ 


Karan Kumar

Content Editor

Related News