''ਨਿਰਭਯਾ'' ਨੂੰ 7 ਸਾਲ ਬਾਅਦ ਮਿਲਿਆ ਨਿਆਂ, 4 ਦਰਿੰਦਿਆਂ ਨੂੰ ਹੋਈ ਫਾਂਸੀ

03/21/2020 12:35:37 AM

ਆਖਿਰ ਸਵਾ 7 ਸਾਲਾਂ ਦੇ ਲੰਬੇ ਅਰਸੇ ਤੋਂ ਬਾਅਦ 16 ਦਸੰਬਰ 2012 ਦੀ ਰਾਤ ਨੂੰ ਦਿੱਲੀ ਵਿਚ ਚੱਲਦੀ ਬੱਸ 'ਚ 6 ਵਿਅਕਤੀਆਂ ਵਲੋਂ ਭਿਆਨਕ ਜਬਰ-ਜ਼ਨਾਹ ਦੀ ਸ਼ਿਕਾਰ 23 ਸਾਲਾ 'ਨਿਰਭਯਾ' ਦੇ ਚਾਰਾਂ ਜ਼ਿੰਦਾ ਗੁਨਾਹਗਾਰਾਂ ਨੂੰ 20 ਮਾਰਚ ਨੂੰ ਫਾਂਸੀ 'ਤੇ ਲਟਕਾ ਦਿੱਤੇ ਜਾਣ ਤੋਂ ਬਾਅਦ ਨਿਰਭਯਾ ਨੂੰ ਨਿਆਂ ਮਿਲ ਗਿਆ।
ਨਿਰਭਯਾ ਨੂੰ ਨਿਆਂ ਦਿਵਾਉਣ ਲਈ ਸਮੁੱਚੇ ਦੇਸ਼ 'ਚ ਵਿਆਪਕ ਰੋਸ ਵਿਖਾਵੇ ਕੀਤੇ ਗਏ। ਭਾਰੀ ਠੰਡ 'ਚ ਜੰਤਰ-ਮੰਤਰ 'ਤੇ ਨੌਜਵਾਨਾਂ ਨੇ ਲਗਾਤਾਰ ਕਈ ਦਿਨਾਂ ਤਕ ਰੋਸ ਵਿਖਾਵਾ ਕੀਤਾ, ਜਿਨ੍ਹਾਂ ਨੂੰ ਭਜਾਉਣ ਲਈ ਪੁਲਸ ਨੇ ਹੰਝੂ ਗੈਸ ਅਤੇ ਪਾਣੀ ਦੀਆਂ ਵਾਛੜਾਂ ਵੀ ਛੱਡੀਆਂ।
ਵੱਡੇ ਪੱਧਰ 'ਤੇ ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਜਦੋਂ ਔਰਤਾਂ ਦੀ ਸੁਰੱਖਿਆ ਸਬੰਧੀ ਕਈ ਕਦਮ ਚੁੱਕਣ ਤੋਂ ਇਲਾਵਾ 3 ਮਹੀਨਿਆਂ ਅੰਦਰ ਸਖਤ ਸਜ਼ਾ ਦੀਆਂ ਧਾਰਾਵਾਂ ਵਾਲਾ ਕਾਨੂੰਨ ਵੀ ਬਣਾ ਦਿੱਤਾ ਤਾਂ ਆਸ ਬੱਝੀ ਸੀ ਕਿ ਨਿਰਭਯਾ ਨੂੰ ਜਲਦੀ ਇਨਸਾਫ ਮਿਲੇਗਾ ਪਰ ਅਜਿਹਾ ਨਹੀਂ ਹੋਇਆ।
28 ਜਨਵਰੀ 2013 ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਇਸ ਜੁਰਮ ਦੇ 6ਵੇਂ ਦੋਸ਼ੀ ਨੂੰ ਜੁਵੇਨਾਈਲ ਕਰਾਰ ਦੇ ਕੇ 31 ਅਗਸਤ 2013 ਨੂੰ 3 ਸਾਲ ਦੀ ਸਜ਼ਾ ਸੁਣਾਉਂਦੇ ਹੋਏ ਸੁਧਾਰ ਘਰ ਭੇਜ ਦਿੱਤਾ ਸੀ, ਜੋ ਹੁਣ ਰਿਹਾਅ ਵੀ ਹੋ ਚੁੱਕਾ ਹੈ।
11 ਮਾਰਚ 2013 ਨੂੰ ਤਿਹਾੜ ਜੇਲ 'ਚ ਬੰਦ ਦੋਸ਼ੀਆਂ 'ਚੋਂ ਇਕ ਡਰਾਈਵਰ ਰਾਮ ਸਿੰਘ ਨੇ ਖੁਦਕੁਸ਼ੀ ਕਰ ਲਈ ਅਤੇ 13 ਸਤੰਬਰ 2013 ਨੂੰ ਫਾਸਟ ਟਰੈਕ ਅਦਾਲਤ ਨੇ 4 ਦੋਸ਼ੀਆਂ ਵਿਨੇ ਸ਼ਰਮਾ, ਮੁਕੇਸ਼ ਸਿੰਘ, ਪਵਨ ਗੁਪਤਾ ਅਤੇ ਅਕਸ਼ੈ ਕੁਮਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ। ਕਈ ਪੜਾਵਾਂ 'ਚੋਂ ਲੰਘਣ ਤੋਂ ਬਾਅਦ ਆਖਿਰ ਦਿੱਲੀ ਦੀ ਪਟਿਆਲਾ ਹਾਊਸ ਦੀ ਵਿਸ਼ੇਸ਼ ਅਦਾਲਤ ਨੇ 7 ਜਨਵਰੀ 2020 ਨੂੰ ਪਹਿਲਾ ਡੈੱਥ ਵਾਰੰਟ ਜਾਰੀ ਕਰ ਦਿੱਤਾ।
ਇਸ ਦੇ ਅਨੁਸਾਰ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਵਜੇ ਫਾਂਸੀ ਦਿੱਤੀ ਜਾਣੀ ਸੀ ਪਰ ਦੋਸ਼ੀਆਂ ਦੇ ਵਕੀਲਾਂ ਵਲੋਂ ਉਨ੍ਹਾਂ ਨੂੰ ਬਚਾਉਣ ਲਈ ਕਾਨੂੰਨਬਾਜ਼ੀ ਕਾਰਣ ਇਕ ਤੋਂ ਬਾਅਦ ਇਕ ਡੈੱਥ ਵਾਰੰਟਾਂ 'ਤੇ ਤਾਮੀਲ ਟਲਦੀ ਚਲੀ ਗਈ ਅਤੇ ਆਖਿਰ ਚੌਥੇ ਡੈੱਥ ਵਾਰੰਟ 20 ਮਾਰਚ 2020 ਨੂੰ ਸਵੇਰੇ 5:30 ਵਜੇ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਕੇ ਉਨ੍ਹਾਂ ਦੇ ਅੰਜਾਮ ਤਕ ਪਹੁੰਚਾਇਆ ਗਿਆ।
19 ਮਾਰਚ ਨੂੰ ਦਿਨ ੇ ਸੁਪਰੀਮ ਕੋਰਟ ਤੇ ਦਿੱਲੀ ਦੀ ਐਡੀਸ਼ਨਲ ਸੈਸ਼ਨ ਕੋਰਟ 'ਚ ਗੁਨਾਹਗਾਰਾਂ ਦੀਆਂ ਇਕ ਤੋਂ ਬਾਅਦ 5 ਰਿੱਟਾਂ ਖਾਰਿਜ ਹੋਣ ਤੋਂ ਬਾਅਦ ਦੇਰ ਰਾਤ 12 ਵਜੇ ਦਿੱਲੀ ਹਾਈਕੋਰਟ ਨੇ ਫਾਂਸੀ 'ਤੇ ਰੋਕ ਲਾਉਣ ਦੀ ਰਿੱਟ ਖਾਰਿਜ ਕਰ ਦਿੱਤੀ ਪਰ ਇਸ ਤੋਂ ਬਾਅਦ ਵੀ 'ਨਿਰਭਯਾ' ਦੇ ਗੁਨਾਹਗਾਰ ਜਾਨ ਬਚਾਉਣ ਲਈ ਕਾਨੂੰਨੀ ਪੈਂਤੜੇ ਚੱਲਦੇ ਰਹੇ। ਰਾਤ 2.30 ਵਜੇ ਦੋਸ਼ੀਆਂ ਦੇ ਵਕੀਲ ਦੀ ਬੇਨਤੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋਈ ਅਤੇ 3.30 ਵਜੇ ਰਿੱਟ ਖਾਰਿਜ ਕਰਦੇ ਹੋਏ 20 ਮਾਰਚ ਸਵੇਰੇ 5.30 ਵਜੇ ਫਾਂਸੀ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ।
ਬੇਸ਼ੱਕ 'ਨਿਰਭਯਾ' ਦੇ ਗੁਨਾਹਗਾਰਾਂ ਨੂੰ ਫਾਂਸੀ ਨਾਲ 'ਨਿਰਭਯਾ' ਦੇ ਪਰਿਵਾਰ ਨੂੰ ਰਾਹਤ ਮਿਲੀ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ। ਨਿਆਂ ਪ੍ਰਕਿਰਿਆ 'ਚ ਸੁਧਾਰ ਲਿਆਉਣ ਲਈ ਅਜਿਹੇ ਉਪਾਅ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਇਸ ਤਰ੍ਹਾਂ ਦੇ ਦੋਸ਼ੀਆਂ ਨੂੰ ਜਲਦੀ ਸਜ਼ਾ ਅਤੇ ਹੋਰ ਪੀੜਤਾਵਾਂ ਨੂੰ ਜਲਦੀ ਨਿਆਂ ਮਿਲੇ।

                                                                                                     —ਵਿਜੇ ਕੁਮਾਰ


KamalJeet Singh

Content Editor

Related News