‘ਮਹਿੰਗਾਈ ਦੀ ਅੱਗ’ ਰਸੋਈ ਤਕ ਪਹੁੰਚੀ, ਸਬਜ਼ੀਆਂ ਦੇ ਭਾਅ ‘ਛੂਹਣ ਲੱਗੇ ਆਸਮਾਨ’

07/12/2020 3:32:52 AM

ਲਾਕਡਾਊਨ ਦੌਰਾਨ ਫਲ-ਸਬਜ਼ੀਆਂ ਦੀ ਇਕ ਸੂਬੇ ਤੋਂ ਦੂਜੇ ਸੂਬੇ ’ਚ ਢੁਆਈ ਸੀਮਤ ਹੋ ਜਾਣ ਅਤੇ ਸਥਾਨਕ ਬਾਜ਼ਾਰਾਂ ’ਚ ਇਨ੍ਹਾਂ ਦੀ ਬਹੁਤਾਤ ਹੋ ਜਾਣ ਨਾਲ ਇਨ੍ਹਾਂ ਦੇ ਭਾਅ ਕਾਫੀ ਹੇਠਾਂ ਆ ਗਏ ਸਨ ਪਰ ਹੁਣ ਦੇਸ਼ ਦੇ ਅਨਲਾਕ ਹੋਣ, ਕਾਫੀ ਹੱਦ ਤਕ ਹੋਟਲ-ਢਾਬੇ ਆਦਿ ਖੁੱਲ੍ਹ ਜਾਣ ਨਾਲ ਖਪਤ ਵਧਣ ਕਰ ਕੇ ਅਤੇ ਸਪਲਾਈ ਘਟ ਜਾਣ ਨਾਲ ਇਨ੍ਹਾਂ ਦੇ ਭਾਅ ਫਿਰ ਤੇਜ਼ੀ ਨਾਲ ਵਧਣ ਲੱਗੇ ਹਨ। ਮੰਡੀ ਦੇ ਥੋਕ ਵਪਾਰੀਆਂ ਦੇ ਅਨੁਸਾਰ ਲੱਗਭਗ ਸਮੁੱਚੇ ਦੇਸ਼ ਦੀਆਂ ਮੰਡੀਆਂ ’ਚ ਕੁਝ ਸਮਾਂ ਪਹਿਲਾਂ ਤਕ ਗਾਹਕਾਂ ਲਈ ਤਰਸਦੀਆਂ ਸਬਜ਼ੀਆਂ ਹੁਣ ਇਨ੍ਹਾਂ ਦੇ ਭਾਅ ’ਚ ਭਾਰੀ ਉਛਾਲ ਕਾਰਣ ਗਾਹਕਾਂ ਨੂੰ ਤਰਸਾ ਰਹੀਆਂ ਹਨ।

ਮੰਡੀਆਂ ’ਚ ਕਰੇਲਾ, ਲੌਕੀ, ਕੱਦੂ, ਭਿੰਡੀ, ਬੈਂਗਣ ਆਦਿ ਦੀ ਆਮਦ ਘੱਟ ਹੋ ਜਾਣ ਕਾਰਣ ਥੋਕ ’ਚ ਸਬਜ਼ੀਆਂ ਦੇ ਭਾਅ ਦੁੱਗਣੇ ਅਤੇ ਪ੍ਰਚੂਨ ’ਚ ਦੁੱਗਣੇ-ਚੌਗੁਣੇ ਹੋ ਗਏ ਹਨ। ਡੀਜ਼ਲ ਦੇ ਭਾਅ ਵਧਣ ਕਾਰਣ ਟਰਾਂਸਪੋਰਟੇਸ਼ਨ ਦਾ ਖਰਚਾ ਵਧ ਜਾਣ ਨਾਲ ਸਬਜ਼ੀਆਂ ਵੀ ਮਹਿੰਗੀਆਂ ਹੋਈਆਂ ਹਨ। ਜੋ ਟਮਾਟਰ ਜੂਨ ’ਚ 10 ਰੁਪਏ ਕਿਲੋ ਵਿਕ ਰਿਹਾ ਸੀ, ਉਹ ਹੁਣ 70 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਿਆ ਹੈ ਅਤੇ ਪਹਿਲਾਂ 40-45 ਰੁਪਏ ਕਿਲੋ ਵਿਕਣ ਵਾਲੇ ਮਟਰ ਹੁਣ 70 ਰੁਪਏ ਪ੍ਰਤੀ ਕਿਲੋ ਹੋ ਗਏ ਹਨ। ਇਸੇ ਤਰ੍ਹਾਂ ਲੌਕੀ 15 ਰੁਪਏ ਤੋਂ ਵਧ ਕੇ 40 ਰੁਪਏ, ਸ਼ਿਮਲਾ ਮਿਰਚ 25 ਰੁਪਏ ਤੋਂ ਵਧ ਕੇ 45-50 ਰੁਪਏ, ਗੋਭੀ 25 ਰੁਪਏ ਤੋਂ ਵਧ ਕੇ 40 ਰੁਪਏ, ਭਿੰਡੀ 20 ਤੋਂ ਵਧ ਕੇ 40 ਰੁਪਏ ਪ੍ਰਤੀ ਕਿਲੋ ਤਕ ਪਹੰੁਚ ਗਈ ਹੈ।

ਇਕ ਪਾਸੇ ਤਾਂ ਕੋਰੋਨਾ ਵਾਇਰਸ ਕਾਰਣ ਵੱਡੀ ਗਿਣਤੀ ’ਚ ਲੋਕਾਂ ਤੋਂ ਰੋਜ਼ਗਾਰ ਖੁੱਸਣ ਕਾਰਣ ਉਨ੍ਹਾਂ ਦੀ ਆਮਦਨ ਦੇ ਸ੍ਰੋਤ ਖਤਮ ਹੋ ਗਏ ਹਨ ਅਤੇ ਦੂਸਰੇ ਪਾਸੇ ਸਬਜ਼ੀਆਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਨੇ ਪਰਿਵਾਰਾਂ ਦਾ ਪੂਰਾ ਬਜਟ ਹੀ ਵਿਗਾੜ ਕੇ ਰੱਖ ਦਿੱਤਾ ਹੈ। ਅਜਿਹੀ ਹਾਲਤ ’ਚ ਲੋਕਾਂ ਦੀ ਮੰਗ ਹੈ ਕਿ ਸਰਕਾਰ ਤੇਲ ਦੀਆਂ ਕੀਮਤਾਂ ਨੂੰ ਸਥਿਰ ਕਰੇ ਤਾਂ ਕਿ ਢੁਆਈ ਦੀ ਲਾਗਤ ਘਟਣ ਨਾਲ ਖਪਤਕਾਰਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਉਹ ਆਪਣੇ ਬਜਟ ’ਚ ਰਹਿੰਦਿਆਂ ਆਪਣੇ ਖਾਣ-ਪੀਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ।

-ਵਿਜੇ ਕੁਮਾਰ


Bharat Thapa

Content Editor

Related News