ਪਾਕਿਸਤਾਨ ਤੋਂ ਪੰਜਾਬ ਅਤੇ ਕਸ਼ਮੀਰ ਵਾਦੀ ’ਚ ਵੱਡੀ ਪੱਧਰ ’ਤੇ ਭਿਜਵਾਏ ਜਾ ਰਹੇ ‘ਨਾਜਾਇਜ਼ ਹਥਿਆਰ’

10/14/2019 12:51:47 AM

ਪਾਕਿਸਤਾਨ ਨੇ ਵਿਸ਼ਵ ਭਾਈਚਾਰੇ ’ਚ ਫਜ਼ੀਹਤ ਹੋਣ ਦੇ ਬਾਵਜੂਦ ਆਪਣੀਆਂ ਭਾਰਤ ਵਿਰੋਧੀ ਸਰਗਰਮੀਆਂ ਨਾ ਸਿਰਫ ਜਾਰੀ ਰੱਖੀਆਂ ਹੋਈਆਂ ਹਨ ਸਗੋਂ ਇਹ ਉਨ੍ਹਾਂ ਦੀ ਸਰਕਾਰੀ ਨੀਤੀ ਦਾ ਇਕ ਅੰਗ ਵੀ ਹਨ ਅਤੇ ਪਾਕਿਸਤਾਨ ਪੰਜਾਬ ਅਤੇ ਕਸ਼ਮੀਰ ਵਾਦੀ ’ਚ ਜਾਅਲੀ ਕਰੰਸੀ, ਹਥਿਆਰਾਂ ਅਤੇ ਨਸ਼ੇ ਦੀ ਸਮੱਗਲਿੰਗ ਕਰਵਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਰਚ 2017 ਤੋਂ ਹੁਣ ਤਕ ਸੁਰੱਖਿਆ ਬਲਾਂ ਨੇ ਅਤਿ- ਆਧੁਨਿਕ 151 ਪਿਸਤੌਲਾਂ ਅਤੇ ਰਿਵਾਲਵਰਾਂ ਤੋਂ ਇਲਾਵਾ 50 ਏ. ਕੇ. 47 ਅਤੇ ਏ. ਕੇ. 56 ਸਬਮਰੀਨ ਬੰਦੂਕਾਂ ਅਤੇ ਹੋਰ ਹਥਿਆਰ ਜ਼ਬਤ ਕਰਨ ਦੇ ਨਾਲ ਹੀ 320 ਕਿਲੋ ਆਰ. ਡੀ. ਐਕਸ. ਵੀ ਫੜਿਆ ਹੈ। ਸੀਨੀਅਰ ਸੁਰੱਖਿਆ ਅਧਿਕਾਰੀ ਅਨੁਸਾਰ ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ’ਚ ਆਈ ਤੇਜ਼ੀ ਅਤਿਅੰਤ ਚਿੰਤਾਜਨਕ ਹੈ।

ਇਹੀ ਨਹੀਂ, ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਨੇ ‘ਡਰੋਨਾਂ’ ਰਾਹੀਂ ਪੰਜਾਬ ’ਚ ਚੀਨ ਦੇ ਬਣੇ ਹਥਿਆਰ ਡੇਗਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। 10 ਕਿਲੋ ਵਿਸਫੋਟਕ ਲਿਆਉਣ ਦੇ ਸਮਰੱਥ ਡਰੋਨਾਂ ਨੇ ਸਤੰਬਰ ਦੇ ਸ਼ੁਰੂਆਤੀ ਦਿਨਾਂ ’ਚ ਹੀ 5 ਚੱਕਰ ਲਾ ਕੇ ਹਥਿਆਰ ਸੁੱਟੇ।

ਸੁਰੱਖਿਆ ਅਧਿਕਾਰੀਆਂ ਦੀ ਚਿੰਤਾ ਦਾ ਦੂਸਰਾ ਵਿਸ਼ਾ ਹੈ ਪੰਜਾਬ ’ਚ ਖਾਲਿਸਤਾਨ ਸਮਰਥਕ ਇੱਕਾ-ਦੁੱਕਾ ਗਿਰੋਹਾਂ ਜਾਂ ਸਲੀਪਰ ਸੈੱਲਾਂ ਵਲੋਂ ਕਸ਼ਮੀਰੀ ਅੱਤਵਾਦੀਆਂ ਨਾਲ ਮਿਲ ਕੇ ਸਾਂਝੀਆਂ ਕਾਰਵਾਈਆਂ ਕਰਨਾ, ਹਾਲ ਹੀ ’ਚ ਕਠੂਆ ’ਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਤੋਂ ਅਨੇਕ ਏ. ਕੇ. 47 ਰਾਈਫਲਾਂ ਦੀ ਬਰਾਮਦਗੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਨੇ ਇਹ ਹਥਿਆਰ ਪੰਜਾਬ ’ਚੋਂ ਹਾਸਲ ਕੀਤੇ।

ਹਾਲਾਂਕਿ ਪੁਲਸ ਅਧਿਕਾਰੀਆਂ ਨੂੰ ਹਥਿਆਰਾਂ ਦੀ ਇਹ ਬਰਾਮਦਗੀ ਪੁਲਸ ਬਲਾਂ ਦੀ ਮੁਸਤੈਦੀ ਦਾ ਸੰਕੇਤ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ ਅਤੇ ਪਾਕਿਸਤਾਨ ਤੋਂ ਜਾਅਲੀ ਕਰੰਸੀ, ਹਥਿਆਰਾਂ ਅਤੇ ਨਸ਼ੇ ਦੀ ਸਪਲਾਈ ਲਾਈਨ ਤੋੜਨ, ਪਾਕਿਸਤਾਨ ਤੋਂ ਅੱਤਵਾਦੀਆਂ ਅਤੇ ਹੋਰ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਦੀ ਫੜੋ-ਫੜੀ ਤੇਜ਼ ਕਰਨ ਅਤੇ ਉਨ੍ਹਾਂ ਦੇ ਟਿਕਾਣੇ ਤਬਾਹ ਕਰਨ ਦੀ ਕਾਰਵਾਈ ਹੋਰ ਤੇਜ਼ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


Bharat Thapa

Content Editor

Related News