‘ਕਿਸਾਨ ਅੰਦੋਲਨ ਨੂੰ ਲਟਕਾਉਂਦੇ ਚਲੇ ਜਾਣਾ’ ‘ਕੇਂਦਰ ਸਰਕਾਰ ਲਈ ਉਚਿਤ ਨਹੀਂ’

12/01/2020 3:31:31 AM

ਕੇਂਦਰ ਸਰਕਾਰ ਵਲੋਂ ਪਾਸ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਜ਼ਾਰਾਂ ਕਿਸਾਨ ਦਿੱਲੀ ਕੂਚ ਦੇ ਪੰਜਵੇਂ ਦਿਨ ਦਿੱਲੀ ਦੀਆਂ ਹੱਦਾਂ ’ਤੇ ਆਪਣੇ ਟ੍ਰੈਕਟਰ-ਟਰਾਲੀਆਂ ’ਚ ਰਾਸ਼ਨ, ਭਾਂਡੇ, ਕੰਬਲ, ਪਾਣੀ ਅਤੇ ਇਥੋਂ ਤਕ ਕਿ ਮੋਬਾਇਲ ਫੋਨ ਚਾਰਜ ਕਰਨ ਲਈ ਚਾਰਜਰ ਤਕ ਨਾਲ ਲੈਸ ਹੋ ਕੇ ਡਟੇ ਹੋਏ ਹਨ।

ਸਰਕਾਰ ’ਤੇ ਆਪਣੀਆਂ ਮੰਗਾਂ ਦੀ ਅਣਡਿੱਠਤਾ ਕਰਨ ਦਾ ਦੋਸ਼ ਲਗਾ ਰਹੇ ਕਿਸਾਨਾਂ ਨੂੰ ਵੱਖ-ਵੱਖ ਸੰਗਠਨਾਂ ਅਤੇ ਲੋਕਾਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਸਮਾਜ ਸੇਵੀ ਅੰਨਾ ਹਜ਼ਾਰੇ ਨੇ ਵੀ ਕਹਿ ਦਿੱਤਾ ਹੈ ਕਿ ‘‘ਕਿਸਾਨਾਂ ਅਤੇ ਸਰਕਾਰ ਦੀ ਸਥਿਤੀ ਭਾਰਤ ਅਤੇ ਪਾਕਿਸਤਾਨ ਵਰਗੀ ਹੋ ਗਈ ਹੈ। ਸਰਕਾਰ ਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਅੱਜ ਉਹ ਅਹਿੰਸਕ ਹਨ, ਜੇਕਰ ਕਲ ਨੂੰ ਉਹ ਹਿੰਸਾ ਕਰਨ ਲੱਗੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ?’’

‘ਸਰਵਖਾਪ’ ਦੇ ਝੰਡੇ ਹੇਠ ਹਰਿਆਣਾ ਦੀ ‘ਹੁੱਡਾ’, ‘ਮਲਿਕ’, ‘ਮੇਹਮ’, ‘ਚੌਬੀਸੀ’ ਅਤੇ ‘ਨਾਂਦਲ’ ਆਦਿ 9 ਵੱਡੀਆਂ ‘ਖਾਪਾਂ’ ਦੇ 30 ਪ੍ਰਤੀਨਿਧੀਆਂ ਨੇ ਆਪਣੀ ਬੈਠਕ ’ਚ ਕਿਸਾਨਾਂ ਨੂੰ ਪੂਰਾ ਸਮਰਥਨ ਦੇਣ ਅਤੇ ਉਨ੍ਹਾਂ ਦੇ ‘ਦਿੱਲੀ ਕੂਚ’ ਿਵਚ ਸ਼ਾਮਲ ਹੋਣ ਦਾ ਫੈਸਲਾ ਕਰ ਦਿੱਤਾ ਹੈ।

‘ਖਾਪ’ ਨੇਤਾ ਸੁਰੇਸ਼ ਦੇਸਵਾਲ ਅਨੁਸਾਰ, ‘‘ਇਸ ਸਮੇਂ ਜਦੋਂਕਿ ਔਰਤਾਂ ਅਤੇ ਬੱਚਿਆਂ ਨਾਲ ਕਿਸਾਨ ਖੁੱਲ੍ਹੇ ’ਚ ਅੰਦੋਲਨ ਕਰ ਰਹੇ ਹਨ, ਉਨ੍ਹਾਂ ਦਾ ਸਮਰਥਨ ਕਰਨਾ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨਾ ਸਾਡਾ ਨੈਤਿਕ ਫਰਜ਼ ਹੈ।’’

ਟੈਕਸੀ ਅਤੇ ਟਰਾਂਸਪੋਰਟ ਨਾਲ ਜੁੜੀਆਂ 10 ਯੂਨੀਅਨਾਂ ਵੀ ਕਿਸਾਨਾਂ ਦੇ ਸਮਰਥਨ ’ਚ ਆ ਗਈਆਂ ਹਨ ਅਤੇ ਉਨ੍ਹਾਂ ਨੇ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ’ਤੇ ਦੇਸ਼ ਭਰ ’ਚ ਟੈਕਸੀਆਂ ਅਤੇ ਟਰੱਕ ਨਹੀਂ ਚਲਾਉਣ ਦੀ ਧਮਕੀ ਦੇ ਦਿੱਤੀ ਹੈ।

ਅੰਦੋਲਨਕਾਰੀ ਕਿਸਾਨਾਂ ਨੂੰ ਦੇਸ਼-ਵਿਦੇਸ਼ ਤੋਂ ਲਗਾਤਾਰ ਸਹਾਇਤਾ ਮਿਲ ਰਹੀ ਹੈ ਜਦਕਿ ਸ਼ਰਾਰਤੀ ਤੱਤਾਂ ਵਲੋਂ ਅੰਦੋਲਨਕਾਰੀ ਕਿਸਾਨਾਂ ਦੇ ਪੰਕਚਰ ਕੀਤੇ ਅਤੇ ਵਿਗਾੜੇ ਹੋਏ ਵਾਹਨਾਂ ਦੀ ਮਿਸਤਰੀ ਮੁਫਤ ਮੁਰੰਮਤ ਕਰ ਰਹੇ ਹਨ। ਕਈ ਥਾਵਾਂ ’ਤੇ ਡਾਕਟਰ ਬੀਮਾਰ ਅੰਦੋਲਨਕਾਰੀਆਂ ਦਾ ਮੁਫਤ ’ਚ ਇਲਾਜ ਕਰ ਰਹੇ ਹਨ।

ਗਾਇਕ ਅਤੇ ਗੀਤਕਾਰ ਆਪਣੇ ਗੀਤਾਂ ਨਾਲ ਕਿਸਾਨਾਂ ਦਾ ਉਤਸ਼ਾਹ ਵਧਾ ਰਹੇ ਹਨ। ਮਹਿਲਾ ਕਲਾਕਾਰ ਵੀ ਆਪਣੇ ਗੀਤਾਂ ਅਤੇ ਨੁੱਕੜ ਨਾਟਕਾਂ ਰਾਹੀਂ ਕਿਸਾਨਾਂ ਨੂੰ ਅੰਦੋਲਨ ਲਈ ਉਤਸ਼ਾਹਿਤ ਕਰ ਰਹੀਆਂ ਹਨ। ਇਕ ਮਹਿਲਾ ਅਨੁਸਾਰ, ‘‘ਗਰੀਬੀ ’ਚ ਮਰਨ ਨਾਲੋਂ ਚੰਗਾ ਹੈ ਕਿ ਮੈਂ ਅੰਦੋਲਨ ’ਚ ਹਿੱਸਾ ਲੈ ਕੇ ਆਪਣੇ ਪ੍ਰਾਣ ਦੇ ਿਦਆਂ।’’

ਕਿਸਾਨਾਂ ਦੇ ‘ਦਿੱਲੀ ਚਲੋ ਕੂਚ’ ਦੌਰਾਨ ਹਰਿਆਣਾ ’ਚ ਪੁਲਸ ਨੇ ਹਜ਼ਾਰਾਂ ਕਿਸਾਨਾਂ ਵਿਰੁੱਧ ਵੱਖ-ਵੱਖ ਦੋਸ਼ਾਂ ’ਚ ਕੇਸ ਦਰਜ ਕੀਤੇ ਹਨ ਪਰ ਕੋਈ ਵੀ ਰੁਕਾਵਟ ਉਨ੍ਹਾਂ ਦਾ ਰਾਹ ਰੋਕ ਨਹੀਂ ਪਾ ਰਹੀ ਹੈ। ਥਾਂ-ਥਾਂ ਹੋਟਲ ਵਾਲੇ ਕਿਸਾਨਾਂ ਨੂੰ ਖਾਣ-ਪੀਣ ਅਤੇ ਹੋਰ ਸਾਰੀਆਂ ਵਸਤੂਆਂ ਦੀ ਸਹੂਲਤ ਦੇ ਰਹੇ ਹੈ।

ਕਈ ਥਾਂ ਵਿਖਾਵਾਕਾਰੀਆਂ ਦੀ ਭੀੜ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲਸ ਨੇ ਪੈਰਾ ਮਿਲਟਰੀ ਫੋਰਸ ਨਾਲ ਨਾਕੇਬੰਦੀ ਕੀਤੀ ਹੈ ਅਤੇ ਕਈ ਥਾਂ ਰੈਪਿਡ ਐਕਸ਼ਨ ਫੋਰਸ (ਆਰ.ਏ. ਐੱਫ.) ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ, ਜੋ ਆਪਣੇ ਮੋਬਾਇਲ ਫੋਨ ਾਂ ਨਾਲ ਕਿਸਾਨਾਂ ’ਤੇ ਨਜ਼ਰ ਰੱਖ ਰਹੇ ਹਨ।

ਕਿਸਾਨਾਂ ਨੇ ਦਿੱਲੀ ਜਾਣ ਵਾਲੇ ਵੀ ਰਸਤੇ ਬੰਦ ਕਰਕੇ ਦਿੱਲੀ ਘੇਰਣ ਦੀ ਧਮਕੀ ਦੇ ਦਿੱਤੀ ਹੈ ਅਤੇ ਕਿਸੇ ਵੀ ਹਾਲਤ ’ਚ ਪਰਤਣ ਲਈ ਤਿਆਰ ਨਹੀਂ ਹਨ, ਜਿਸ ਨਾਲ ਕਿਸਾਨ ਅੰਦੋਲਨ ਨਾਜ਼ੁਕ ਦੌਰ ’ਚ ਪਹੁੰਚ ਗਿਆ ਹੈ।

ਇਸੇ ਪਿਛੋਕੜ ’ਚ 30 ਨਵੰਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਕਿਸਾਨ ਅੰਦੋਲਨ ’ਤੇ ਲਗਭਗ 2 ਘੰਟੇ ਤਕ ਬੈਠਕ ਕੀਤੀ ਅਤੇ ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਕਿਸੇ ਸਥਾਨਕ ਕਿਸਾਨ ਨੇਤਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ’ਤੇ ਗੱਲ ਕਰਨ ਤੋਂ ਬਾਅਦ ਦਾਅਵਾ ਕੀਤਾ ਕਿ ਅਮਿਤ ਸ਼ਾਹ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਨ ਲਈ ਤਿਆਰ ਹੋ ਗਏ ਹਨ ਅਤੇ 36 ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਉਨ੍ਹਾਂ ਦੀ ਜਲਦੀ ਹੀ ਗੱਲਬਾਤ ਹੋਵੇਗੀ।

ਦੂਜੇ ਪਾਸੇ ਕਿਸਾਨ ਆਗੂਆਂ ਨੇ 30 ਨਵੰਬਰ ਨੂੰ ਆਪਣੀ ਬੈਠਕ ਤੋਂ ਬਾਅਦ ਕਿਹਾ ਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਕਾਫੀ ਸੁਣ ਲਈ ਹੈ, ਹੁਣ ਉਹ ਕਿਸਾਨਾਂ ਦੇ ਮਨ ਦੀ ਗੱਲ ਸੁਣਨ।

ਦਿੱਲੀ ਦੇ ਲੋਕਾਂ ਤੋਂ ਮੁਆਫੀ ਮੰਗਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਨਾ ਜਾਣ ਦਾ ਉਨ੍ਹਾਂ ਦਾ ਫੈਸਲਾ ਆਖਰੀ ਹੈ। ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰੇ ਨਹੀਂ ਤਾਂ ਹੁਣ ਉਹ ਦਿੱਲੀ ਦਾ ਦਾਣਾ-ਪਾਣੀ ਬੰਦ ਕਰਕੇ ਦੁੱਧ, ਫਲ ਅਤੇ ਸਬਜ਼ੀਆਂ ਦੀ ਸਪਲਾਈ ਵੀ ਰੋਕਣਗੇ।

ਕਿਉਂਕਿ ਪਹਿਲਾਂ ਹੀ ਕਿਸਾਨਾਂ ਦੀ ਨਾਰਾਜ਼ਗੀ ਦੀ ਅਣਡਿੱਠਤਾ ਕਰਕੇ ਕੇਂਦਰ ਸਰਕਾਰ ਵੱਡੀ ਗਲਤੀ ਕਰ ਚੁੱਕੀ ਹੈ, ਇਸ ਲਈ ਇਸ ਸਮੱਸਿਆ ਨੂੰ ਹੋਰ ਲਟਕਾਉਣਾ ਦੇਸ਼ ਲਈ ਤਾਂ ਕਾਫੀ ਮਹਿੰਗਾ ਸਿੱਧ ਹੋਵੇਗਾ ਹੀ ਖੁਦ ਕੇਂਦਰ ’ਚ ਸੱਤਾਧਾਰੀ ਭਾਜਪਾ ਲਈ ਵੀ ਘਾਟੇ ਦਾ ਸੌਦਾ ਹੋਵੇਗਾ।

ਜਿਥੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦਾ ਗਠਜੋੜ ਸਹਿਯੋਗੀ ‘ਸ਼੍ਰੋਮਣੀ ਅਕਾਲੀ ਦਲ’ ਇਸ ਨਾਲੋਂ ਨਾਤਾ ਤੋੜ ਚੁੱਕਾ ਹੈ, ਉਥੇ ਭਾਜਪਾ ਦੀ ਇਕ ਹੋਰ ਗਠਜੋੜ ਸਹਿਯੋਗੀ ‘ਰਾਸ਼ਟਰੀ ਲੋਕਤੰਤਰਿਕ ਪਾਰਟੀ’ ਦੇ ਕਨਵੀਨਰ ਅਤੇ ਸੰਸਦ ਮੈਂਬਰ ਹਨੁਮਾਨ ਪ੍ਰਸਾਦ ਬੇਨੀਵਾਲ ਨੇ ਕੇਂਦਰ ਸਰਕਾਰ ਵਲੋਂ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਨਾ ਲੈਣ ’ਤੇ ਗਠਜੋੜ ਨਾਲੋਂ ਵੱਖ ਹੋਣ ਦੀ ਧਮਕੀ ਵੀ ਦੇ ਦਿੱਤੀ ਹੈ।

ਲਿਹਾਜ਼ਾ ਹੁਣ ਹੋਰ ਦੇਰ ਕੀਤੇ ਬਿਨਾਂ ਇਸ ਨੂੰ ਸੁਲਝਾਉਣ ’ਚ ਹੀ ਸਿਆਣਪ ਹੈ। ਜੇਕਰ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਿਹਾ ਅਤੇ ਕਿਸਾਨ ਹਿੰਸਾ ’ਤੇ ਉਤਰ ਆਏ ਤਾਂ ਇਸ ਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ ਅਤੇ ਦੇਸ਼ ਦਾ ਹਾਲ ਕੀ ਹੋਵੇਗਾ, ਇਸ ਦਾ ਅੰਦਾਜ਼ਾ ਪਾਠਕ ਖੁਦ ਲਗਾ ਸਕਦੇ ਹਨ।

–ਵਿਜੇ ਕੁਮਾਰ


Bharat Thapa

Content Editor

Related News