ਬਿਹਾਰ ਚੋਣਾਂ ਦੀ ਉੱਠਕ-ਬੈਠਕ ਦਰਮਿਆਨ ‘ਸੌਗਾਤਾਂ ਦੀ ਵਾਛੜ’

09/23/2020 3:34:41 AM

ਬਿਹਾਰ ਸੂਬਾ ਲੋਕ ਸਭਾ ’ਚ 40 ਅਤੇ ਰਾਜ ਸਭਾ ’ਚ 14 ਮੈਂਬਰ ਭੇਜਦਾ ਹੈ। ਇਨ੍ਹਾਂ ਚੋਣਾਂ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਭਿਆਨਕ ਹੜ੍ਹ ਪਿੱਛੋਂ ਕੋਰੋਨਾ ਮਹਾਮਾਰੀ ਕਾਰਨ ਮੌਤਾਂ ਦੀ ਵਧਦੀ ਗਿਣਤੀ ਦਰਮਿਆਨ ਚੋਣ ਕਮਿਸ਼ਨ ਇਹ ਚੋਣਾਂ ਕਰਵਾ ਰਿਹਾ ਹੈ ਅਤੇ ਇਸੇ ਕਾਰਨ ਕਿਸੇ ਵੀ ਪਾਰਟੀ ਨੇ ਅਜਿਹੇ ਸਮੇਂ ’ਚ ਇਹ ਚੋਣਾਂ ਕਰਵਾਉਣ ਦਾ ਵਿਰੋਧ ਨਹੀਂ ਕੀਤਾ ਹੈ।

ਇਸ ਕਾਰਨ ਨਾ ਸਿਰਫ ਰੈਲੀਆਂ ਅਤੇ ਪੋਲਿੰਗ ਕੇਂਦਰਾਂ ਵਿਖੇ ਵੋਟਰ ਕੋਰੋਨਾ ਦੀ ਲਪੇਟ ’ਚ ਆ ਸਕਦੇ ਹਨ ਸਗੋਂ ਸਾਡੀਆਂ ਨੀਮ ਸੁਰੱਖਿਆ ਫੋਰਸਾਂ ਦੇ ਮੈਂਬਰ, ਪੁਲਸ ਮੁਲਾਜ਼ਮ ਅਤੇ ਚੋਣ ਕਰਮਚਾਰੀ ਸਭ ਇਨਫੈਕਸ਼ਨ ਦੇ ਘੇਰੇ ’ਚ ਆ ਸਕਦੇ ਹਨ। ਅਜਿਹੇ ਹਾਲਾਤ ’ਚ ਵੀ ਬਿਹਾਰ ’ਚ ਸਿਆਸੀ ਸਰਗਰਮੀਆਂ ਦਾ ਦੌਰ ਆਪਣੇ ਸਿਖਰਾਂ ’ਤੇ ਹੈ।

ਇਸ ਸਮੇਂ ਜਿਥੇ ਹਾਸ਼ੀਏ ’ਤੇ ਆਇਆ ਲਾਲੂ ਯਾਦਵ ਦਾ ‘ਰਾਜਦ’ ਅਤੇ ਉਨ੍ਹਾਂ ਦਾ ‘ਮਹਾਗਠਜੋੜ’ ਅੰਦਰੂਨੀ ਕਲਹ ਦਾ ਸ਼ਿਕਾਰ ਹੈ, ਉਥੇ ਚੋਣਾਂ ਤੋਂ ਠੀਕ ਪਹਿਲਾਂ ਕਈ ਮੈਂਬਰਾਂ ਵਲੋਂ ਪਾਰਟੀ ਨੂੰ ਛੱਡੇ ਜਾਣ ਕਾਰਨ ਵੀ ਇਸ ਨੂੰ ਭਾਰੀ ਝਟਕਾ ਲੱਗਾ ਹੈ।

ਕੁਝ ਦਿਨ ਪਹਿਲਾਂ ਪਾਰਟੀ ਦੇ ਉਪ ਪ੍ਰਧਾਨ ਰਘੂਵੰਸ਼ ਪ੍ਰਸਾਦ ਸਿੰਘ ਵਲੋਂ ਪਾਰਟੀ ਤੋਂ ਅਸਤੀਫਾ (ਜਿਨ੍ਹਾਂ ਦੀ ਅਗਲੇ ਹੀ ਦਿਨ ਮੌਤ ਹੋ ਗਈ) ਤੋਂ ਬਾਅਦ ਲਾਲੂ ਦੇ 30 ਸਾਲਾਂ ਦੇ ਸਾਥੀ ਸਤੀਸ਼ ਕੁਮਾਰ ਗੁਪਤਾ ਨੇ ਵੀ ਪਾਰਟੀ ਦੇ ਸਭ ਅਹੁਦਿਆਂ ਅਤੇ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬਿਹਾਰ ’ਚ ਰਾਜਦ ਨਾਲ ਮਿਲ ਕੇ ਚੋਣਾਂ ਲੜਨ ਦਾ ਐਲਾਨ ਕਰ ਕੇ ਰਾਜਦ ਨੂੰ ਕੁਝ ਸਹਾਰਾ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ।

ਦੂਜੇ ਪਾਸੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸੀਟਾਂ ਦੀ ਵੰਡ ’ਤੇ ਚਰਚਾ ਪਿੱਛੋਂ ਕਿਹਾ ਹੈ ਕਿ ਭਾਜਪਾ, ਜਨਤਾ ਦਲ (ਯੂ) ਅਤੇ ਚਿਰਾਗ ਪਾਸਵਾਨ ਦੀ ‘ਲੋਜਪਾ’ ’ਤੇ ਅਾਧਾਰਿਤ ‘ਰਾਜਗ’ ਗਠਜੋੜ ਇਕਮੁੱਠ ਹੋ ਕੇ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲੜੇਗਾ।

ਲਗਾਤਾਰ ਨਿਤੀਸ਼ ਸਰਕਾਰ ਦੀ ਆਲੋਚਨਾ ਕਰਦੇ ਆ ਰਹੇ ‘ਲੋਜਪਾ’ ਸੁਪਰੀਮੋ ਚਿਰਾਗ ਪਾਸਵਾਨ ਨੇ 12 ਸਤੰਬਰ ਨੂੰ ਆਪਣੇ ਸੁਰ ਨਰਮ ਕਰਦੇ ਹੋਏ ਕਿਹਾ ਸੀ ਕਿ ਭਾਜਪਾ ਜੋ ਵੀ ਫੈਸਲਾ ਕਰੇਗੀ ਉਹ ਉਸ ਨੂੰ ਮੰਨਣਗੇ ਪਰ ਦੋ ਹੀ ਦਿਨ ਬਾਅਦ 14 ਸਤੰਬਰ ਨੂੰ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ’ਚ ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਦੇ ਕੰਮ ਕਰਨ ਦੇ ਢੰਗ ਤੋਂ ਲੋਕ ਖੁਸ਼ ਨਹੀਂ ਹਨ ਜਿਸਦਾ ਅਸਰ ਚੋਣ ਨਤੀਜਿਆਂ ’ਤੇ ਪੈ ਸਕਦਾ ਹੈ। ਚਿਰਾਗ ਨੇ ਉਨ੍ਹਾਂ ਨੂੰ ਬਿਹਾਰ ’ਚ ਨੌਕਰਸ਼ਾਹੀ ਦੇ ਕੰਮ ਕਰਨ ਦੇ ਢੰਗ ਬਾਰੇ ਵੀ ਦੱਸਿਆ।

ਇਹੀ ਨਹੀਂ 16 ਸਤੰਬਰ ਨੂੰ ਚਿਰਾਗ ਨੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੂੰ ‘ਬੇਨਤੀ’ ਕੀਤੀ ਕਿ ਇਸ ਵਾਰ ਲੋਕ ਨਿਤੀਸ਼ ਸਰਕਾਰ ਦੇ ਵਿਰੁੱਧ ਹਨ। ਇਸ ਲਈ ਭਾਜਪਾ ਨੂੰ ਇਨ੍ਹਾਂ ਚੋਣਾਂ ’ਚ ਜਨਤਾ ਦਲ (ਯੂ) ਤੋਂ ਵੱਧ ਸੀਟਾਂ ’ਤੇ ਚੋਣ ਲੜਨੀ ਚਾਹੀਦੀ ਹੈ।

ਇਸ ਦੌਰਾਨ ਕੇਂਦਰ ਸਰਕਾਰ ਨੇ ਬਿਹਾਰ ਸੂਬੇ ’ਤੇ ਚੋਣ ਸੌਗਾਤਾਂ ਦੀ ਵਾਛੜ ਕਰ ਦਿੱਤੀ ਹੈ। ਸੂਬੇ ’ਚ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਜ਼ੋਰਾਂ ’ਤੇ ਹਨ।

ਪ੍ਰਧਾਨ ਮੰਤਰੀ ਵਲੋਂ ‘ਨਮਾਮੀ ਗੰਗੇ’ ਅਤੇ ‘ਅਮਰੁਤ ਯੋਜਨਾ’ ਨਾਲ ਸਬੰਧਤ 543.41 ਕਰੋੜ ਰੁਪਏ ਦੀਆਂ 7 ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਤੇ ਇਤਿਹਾਸਕ ‘ਕੋਸੀ ਮਹਾਸੇਤੂ’ ਸਮੇਤ ਯਾਤਰੀ ਸਹੂਲਤ ਨਾਲ ਜੁੜੀਆਂ 12 ਰੇਲ ਯੋਜਨਾਵਾਂ ਬਿਹਾਰ ਨੂੰ ਸਮਰਪਿਤ ਕਰਨ ਦੇ ਨਾਲ-ਨਾਲ 14258 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ 9 ਰਾਜਮਾਰਗੀ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ।

ਦੂਜੇ ਪਾਸੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਵਲੋਂ ਬੀਤੇ ਸਮੇਂ ’ਚ ਬਿਹਾਰ ਲਈ ਐਲਾਨੇ ਗਏ ਰਾਹਤ ਪੈਕੇਜਾਂ ਦਾ ਹਿਸਾਬ ਮੰਗ ਰਹੀ ਹੈ। ਰਾਜਦ ਨੇਤਾ ਤੇਜਸਵੀ ਯਾਦਵ ਨੇ ਇਨ੍ਹਾਂ ਐਲਾਨਾਂ ਨੂੰ ਸੂਬੇ ਦੇ ਲੋਕਾਂ ਨਾਲ ਧੋਖਾ ਦੱਸਦੇ ਹੋਏ ਕਿਹਾ ਹੈ ਕਿ ਬਿਹਾਰੀਆਂ ਨੂੰ ਗੁੰਮਰਾਹ ਕਰਨ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ।

ਇਸ ਦੌਰਾਨ ਬਿਹਾਰ ’ਚ ਸੱਤਾਧਾਰੀ ਗਠਜੋੜ ਅਤੇ ਵਿਰੋਧੀ ਪਾਰਟੀਆਂ ਦੇ ਮਹਾਗਠਜੋੜ ਵਲੋਂ ਨਵੇਂ-ਨਵੇਂ ਨਾਅਰੇ ਘੜਨ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ।

ਅੱਜਕਲ ਰਾਜਧਾਨੀ ਪਟਨਾ ’ਚ ‘ਨਿਆਂ ਕੇ ਸਾਥ ਤਰੱਕੀ, ਨਿਤੀਸ਼ ਕੀ ਬਾਤ ਪੱਕੀ’ ਨਾਅਰੇ ਅਤੇ ਇਕੱਠਿਆਂ ਨਰਿੰਦਰ ਮੋਦੀ ਤੇ ਨਿਤੀਸ਼ ਕੁਮਾਰ ਦੀਆਂ ਤਸਵੀਰਾਂ ਵਾਲੇ ਪੋਸਟਰ ਨਜ਼ਰ ਆ ਰਹੇ ਹਨ ਪਰ ਇਨ੍ਹਾਂ ਪੋਸਟਰਾਂ ’ਚ ਚਿਰਾਗ ਦੀ ‘ਲੋਜਪਾ’ ਕਿਤੇ ਵੀ ਨਹੀਂ ਹੈ।

ਮੰਨਿਆ ਇਹ ਵੀ ਜਾ ਰਿਹਾ ਸੀ ਕਿ ਅਭਿਨੇਤਾ ਸੁਸ਼ਾਂਤ ਰਾਜਪੂਤ ਦੀ ਮੌਤ ਦਾ ਮੁੱਦਾ ਇਸ ਲਈ ਵੀ ਭਖਦਾ ਰੱਖਿਆ ਗਿਆ ਕਿਉਂਕਿ ਉਹ ਬਿਹਾਰ ਨਾਲ ਸਬੰਧਤ ਸਨ। ਅਜਿਹੀ ਹਾਲਤ ’ਚ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਬਿਆਨਾਂ ਨੇ ਵੀ ਬਿਹਾਰ ਦੀਆਂ ਚੋਣਾਂ ’ਤੇ ਆਪਣਾ ਅਸਰ ਪਾਇਆ ਹੈ। ਉਨ੍ਹਾਂ ਦੀ ਮਾਤਾ ਨੇ ਹੁਣੇ ਜਿਹੇ ਹੀ ਭਾਜਪਾ ਦਾ ਪੱਲਾ ਫੜਿਆ ਹੈ ਅਤੇ ਭਾਜਪਾ ਉਨ੍ਹਾਂ ਨੂੰ ਬਿਹਾਰ ਦੀ ਚੋਣ ਪ੍ਰਚਾਰ ਮੁਹਿੰਮ ’ਚ ਵੀ ਉਤਾਰ ਸਕਦੀ ਹੈ।

ਕੁਲ ਮਿਲਾ ਕੇ ਬਿਹਾਰ ਚੋਣਾਂ ਤੋਂ ਪਹਿਲਾਂ ਜਿਥੇ ਦੋਹਾਂ ਗਠਜੋੜਾਂ ’ਚ ਰੱਸਾਕਸ਼ੀ ਚੱਲ ਰਹੀ ਹੈ, ਉਥੇ ਹਮੇਸ਼ਾ ਵਾਂਗ ਇਸ ਚੋਣ ’ਚ ਵੀ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਸੌਗਾਤਾਂ ਦੀ ਵਾਛੜ ਕੀਤੀ ਜਾ ਰਹੀ ਹੈ। ਚੋਣਾਂ ’ਚ ਇਸ ਤਰ੍ਹਾਂ ਦੀ ਉੱਠਕ-ਬੈਠਕ ਤਾਂ ਚੱਲਦੀ ਹੀ ਰਹਿੰਦੀ ਹੈ ਪਰ ਇਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਨ੍ਹਾਂ ਸਭ ਯਤਨਾਂ ਦਾ ਕੀ ਸਿੱਟਾ ਨਿਕਲਦਾ ਹੈ।

-ਵਿਜੇ ਕੁਮਾਰ


Bharat Thapa

Content Editor

Related News