45 ਵਰ੍ਹਿਆਂ ਬਾਅਦ, ਭਾਰਤ-ਚੀਨ ਸਰਹੱਦ ’ਤੇ ਇਕ ਵਾਰ ਫਿਰ ‘ਖੂਨੀ ਝੜਪ’

06/17/2020 3:32:10 AM

ਜਿਥੇ ਭਾਰਤ ਸਰਕਾਰ ਦੁਨੀਆ ਦੇ ਕਈ ਦੇਸ਼ਾਂ ਨਾਲ ਦੋਸਤਾਨਾ ਸਬੰਧ ਵਧਾ ਰਹੀ ਹੈ, ਉਥੇ ਨੇਪਾਲ, ਚੀਨ, ਪਾਕਿਸਤਾਨ ਆਦਿ ਗੁਆਂਢੀਅਾਂ ਦੇ ਨਾਲ ਇਸ ਦੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਨੇਪਾਲ ਦੇ ਨਾਲ ਤਣਾਅ ਵਿਚਾਲੇ ਲੱਦਾਖ ’ਚ ਭਾਰਤ ਅਤੇ ਚੀਨ ’ਚ ਚੱਲਿਆ ਆ ਰਿਹਾ ਸਰਹੱਦੀ ਵਿਵਾਦ ਵੀ ਗੰਭੀਰ ਰੂਪ ਲੈਂਦਾ ਜਾ ਰਿਹਾ ਹੈ ਅਤੇ ਪਿਛਲੇ ਲਗਭਗ 5 ਦਹਾਕਿਅਾਂ ’ਚ ਜੋ ਨਹੀਂ ਹੋਇਆ ਉਹ ਹੁਣ ਹੁੰਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ’ਚ ਫੌਜੀ ਤਣਾਅ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਵੱਖ-ਵੱਖ ਪੱਧਰਾਂ ’ਤੇ ਚੱਲ ਰਹੀ ਗੱਲਬਾਤ ਦੇ ਸਿਲਸਿਲੇ ’ਚ 15 ਜੂਨ ਨੂੰ ਵੀ ਦੋਵਾਂ ਧਿਰਾਂ ਵਿਚਾਲੇ ਗਲਵਾਨ ਘਾਟੀ ’ਚ ਫੌਜੀਅਾਂ ਨੂੰ ਵਾਪਸ ਭੇਜ ਕੇ ਅਪ੍ਰੈਲ ਤੋਂ ਪਹਿਲਾਂ ਵਰਗੀ ਆਮ ਸਥਿਤੀ ਬਰਕਰਾਰ ਕਰਨ ਨੂੰ ਲੈ ਕੇ ਚਰਚਾ ਹੋਈ ਪਰ ਇਸ ਦਾ ਹਾਂ-ਪੱਖੀ ਨਤੀਜਾ ਅਜੇ ਤਕ ਨਹੀਂ ਨਿਕਲਿਆ।

ਆਖਿਰਕਾਰ ਦੋਵਾਂ ਦੇਸ਼ਾਂ ’ਚ ਜਾਰੀ ਤਣਾਅ ਉਸੇ ਦਿਨ ਹਿੰਸਕ ਝੜਪ ’ਚ ਬਦਲ ਗਿਆ ਅਤੇ ਗਲਵਾਨ ਘਾਟੀ ’ਚ ਦੋਵਾਂ ਦੇਸ਼ਾਂ ਦੇ ਫੌਜੀਅਾਂ ਵਿਚਾਲੇ ਹੋਈ ਝੜਪ ’ਚ ਭਾਰਤ ਦੇ ਇਕ ਅਫਸਰ, ਇਕ ਜੇ. ਸੀ. ਓ. ਅਤੇ ਇਕ ਜਵਾਨ ਸ਼ਹੀਦ ਅਤੇ ਚੀਨ ਦੇ 5 ਫੌਜੀਅਾਂ ਦੀ ਮੌਤ ਅਤੇ 11 ਫੌਜੀ ਜ਼ਖਮੀ ਹੋ ਗਏ। 1962 ਦੀ ਭਾਰਤ-ਚੀਨ ਜੰਗ ਤੋਂ ਬਾਅਦ 1975 ’ਚ ਐੱਲ. ਏ. ਸੀ. ’ਤੇ ਫਾਇਰਿੰਗ ’ਚ 4 ਭਾਰਤੀ ਜਵਾਨ ਸ਼ਹੀਦ ਹੋਏ ਸਨ ਅਤੇ ਉਸ ਦੇ 45 ਸਾਲਾਂ ਬਾਅਦ ਹੁਣ ਐੱਲ. ਏ. ਸੀ. ’ਤੇ ਇਕ ਵਾਰ ਫਿਰ ਭਾਰਤੀ ਅਤੇ ਚੀਨੀ ਫੌਜੀਅਾਂ ’ਚ ਖੂਨੀ ਝੜਪ ਹੋਈ ਹੈ। ਕੁਲ ਮਿਲਾ ਕੇ ਇਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਅਤਿ-ਗੰਭੀਰ ਸਥਿਤੀ ਬਣ ਰਹੀ ਹੈ ਅਤੇ ਗੱਲਬਾਤ ਦਾ ਕੋਈ ਨਤੀਜਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਹੈ। ਇਥੇ ਜ਼ਿਕਰਯੋਗ ਹੈ ਕਿ ਚੀਨ ਦੇ ਇਸ਼ਾਰੇ ’ਤੇ ਗੁਆਂਢੀ ਨੇਪਾਲ ਵੀ ਭਾਰਤ ਨੂੰ ਅੱਖਾਂ ਦਿਖਾ ਰਿਹਾ ਹੈ। ਅਜੇ ਹਾਲ ਹੀ ’ਚ ਜਿਥੇ ਨੇਪਾਲ ਸਰਕਾਰ ਨੇ ਦੇਸ਼ ਦੇ ਆਪਣੇ ਨਵੇਂ ਨਕਸ਼ੇ ’ਚ ਭਾਰਤ ਦੇ ਤਿੰਨ ਇਲਾਕਿਅਾਂ ‘ਲਿਪੁਲੇਖ’, ‘ਕਾਲਾਪਾਣੀ’ ਅਤੇ ‘ਲਿੰਪੀਆਧੁਰਾ’ ਨੂੰ ਨੇਪਾਲੀ ਖੇਤਰ ’ਚ ਦਿਖਾਉਂਦੇ ਹੋਏ ਇਸ ’ਤੇ ਆਪਣਾ ਦਾਅਵਾ ਜਤਾਇਆ ਹੈ, ਉਥੇ ਸਰਹੱਦ ’ਤੇ ਕਈ ਸਥਾਨਾਂ ’ਤੇ ਸੁਰੱਖਿਆ ਚੌਕੀਅਾ ਕਾਇਮ ਕਰ ਕੇ ਪੈਟਰੋਲਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇੰਨਾ ਹੀ ਨਹੀਂ ਨੋ ਮੈਂਸ ਲੈਂਡ ’ਤੇ ਲੱਗੇ 25 ਤੋਂ 30 ਫੀਸਦੀ ਤਕ ਪਿੱਲਰਾਂ ਨੂੰ ਹਟਾ ਕੇ ਉਥੇ ਨੇਪਾਲੀ ਨਾਗਰਿਕਾਂ ਨੇ ਖੇਤੀ ਵੀ ਸ਼ੁਰੂ ਕਰ ਦਿੱਤੀ ਹੈ ਜੋ ਨੇਪਾਲ ਦੇ ਨਾਲ ਸਬੰਧ ਸੁਧਾਰਨ ਦੀ ਦਿਸ਼ਾ ’ਚ ਭਾਰਤ ਦੀ ਉਮੀਦ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਇਸ ਦਾਅਵੇ ਨੂੰ ਝੁਠਲਾਉਂਦਾ ਹੈ, ‘‘ਦੋਵਾਂ ਦੇਸ਼ਾਂ ਵਿਚਾਲੇ ਰੋਟੀ ਅਤੇ ਬੇਟੀ ਦਾ ਰਿਸ਼ਤਾ ਹੈ, ਜਿਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਤੋੜ ਸਕਦੀ।’’

ਇਕ ਪਾਸੇ ਪਾਕਿਸਤਾਨ ਨੇ ਭਾਰਤ ਵਿਰੁੱਧ ਅਸਿੱਧੀ ਜੰਗ ਛੇੜ ਰੱਖੀ ਹੈ ਤਾਂ ਦੂਜੇ ਪਾਸੇ ਨੇਪਾਲ ਵੀ ਭਾਰਤ ਨੂੰ ਅੱਖਾਂ ਦਿਖਾ ਰਿਹਾ ਹੈ ਅਤੇ ਚੀਨ ਵੀ ਖੁੱਲ੍ਹ ਕੇ ਭਾਰਤ ਦੇ ਵਿਰੁੱਧ ਆਉਂਦਾ ਨਜ਼ਰ ਆ ਰਿਹਾ ਹੈ। ਇਸ ਘਟਨਾਕ੍ਰਮ ਨਾਲ ਇਸ ਖੇਤਰ ਦੇ ਨਾਲ-ਨਾਲ ਪੂਰੀ ਦੁਨੀਆ ’ਚ ਇਕ ਅਜਿਹੀ ਸਥਿਤੀ ਬਣਨ ਦਾ ਖਦਸ਼ਾ ਹੈ, ਜੋ ਦੁਨੀਆ ਦੀ ਸ਼ਾਂਤੀ ਲਈ ਕਿਤੇ ਖਤਰਾ ਨਾ ਬਣ ਜਾਵੇ। ਅਜਿਹੇ ’ਚ ਦੋਵੇਂ ਹੀ ਧਿਰਾਂ ਨੂੰ ਧੀਰਜ ਰੱਖਣਾ ਚਾਹੀਦਾ ਹੈ ਤਾਂ ਕਿ ਇਸ ਖੇਤਰ ਦੇ ਵਿਵਾਦ ਦੇ ਕਾਰਨ ਦੁਨੀਆ ਦੀ ਸ਼ਾਂਤੀ ਪ੍ਰਭਾਵਿਤ ਨਾ ਹੋਵੇ।

–ਵਿਜੇ ਕੁਮਾਰ


Bharat Thapa

Content Editor

Related News