‘ਸਰਕਾਰੀ ਹਸਪਤਾਲ ’ਚ ਕਰਵਾਇਆ ਆਪਣਾ ਜਣੇਪਾ’

03/05/2020 1:33:20 AM

ਅਸੀਂ ਸ਼ੁਰੂ ਤੋਂ ਹੀ ਲਿਖਦੇ ਆ ਰਹੇ ਹਾਂ ਕਿ ਸਾਡੇ ਮੰਤਰੀਆਂ, ਨੇਤਾਵਾਂ ਅਤੇ ਅਧਿਕਾਰੀਆਂ ਨੂੰ ਆਪਣੇ ਸੂਬਿਆਂ ’ਚ ਸੜਕ ਮਾਰਗ ਰਾਹੀਂ ਯਾਤਰਾ ਕਰ ਕੇ ਮਾਰਗ ’ਚ ਪੈਣ ਵਾਲੇ ਸਕੂਲਾਂ, ਹਸਪਤਾਲਾਂ ਅਤੇ ਸਰਕਾਰੀ ਦਫਤਰਾਂ ’ਚ ਅਚਾਨਕ ਛਾਪੇ ਮਾਰਨੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਇਨ੍ਹਾਂ ਦੀਆਂ ਕਮੀਅਾਂ ਦਾ ਪਤਾ ਲੱਗ ਸਕੇ। ਅਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਅਨੇਕ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਸੁਚੇਤ ਕਰ ਚੁੱਕੇ ਹਾਂ ਕਿ ਉਹ ਸੂਬੇ ’ਚ ਸੜਕ ਮਾਰਗ ਰਾਹੀਂ ਯਾਤਰਾ ਕਰਨ ਅਤੇ ਿੲਸ ਦੌਰਾਨ ਕਿਸੇ ਸਰਕਾਰੀ ਸਕੂਲ, ਹਸਪਤਾਲ ਜਾਂ ਦਫਤਰ ’ਚ ਅਚਾਨਕ ਪਹੁੰਚ ਜਾਣ ਤਾਂ ਉਨ੍ਹਾਂ ਨੂੰ ਉਥੋਂ ਦੀਆਂ ਕਮੀਆਂ ਦਾ ਪਤਾ ਲੱਗੇਗਾ ਅਤੇ ਨਾਲ ਹੀ ਉਸ ਇਲਾਕੇ ਦੇ ਹੋਰ ਸਰਕਾਰੀ ਅਦਾਰਿਆਂ ਦੇ ਕੰਮ ’ਚ ਖੁਦ ਹੀ ਕੁਝ ਸੁਧਾਰ ਜ਼ਰੂਰ ਹੋ ਜਾਵੇਗਾ। ਸਾਡੇ ਸੁਝਾਅ ’ਤੇ 2010 ’ਚ ਇਹ ਸਿਲਸਿਲਾ ਸ਼ੁਰੂ ਤਾਂ ਕੀਤਾ ਗਿਆ ਪਰ ਵਿਸ਼ੇਸ਼ ਤੇਜ਼ੀ ਨਹੀਂ ਫੜ ਸਕਿਆ। ਇਸ ਲਈ 2016 ’ਚ ਸ਼੍ਰੋਅਦ ਸਰਕਾਰ ’ਚ ਸਿੱਖਿਆ ਮੰਤਰੀ ਸ਼੍ਰੀ ਚੀਮਾ ਦੇ ਨਿਰਦੇਸ਼ ’ਤੇ ਲੰਬੀ ਛੁੱਟੀ ਲੈ ਕੇ ਵਿਦੇਸ਼ਾਂ ’ਚ ਬੈਠੇ 1200 ਅਧਿਆਪਕਾਂ ਵਿਰੁੱਧ ਕਾਰਵਾਈ ਕਰ ਕੇ ਕਈ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਵੀ ਕੀਤੀਅਾਂ ਗਈਆਂ। ਹੁਣ ਕੁਝ ਸਮੇਂ ਤੋਂ ਇਨ੍ਹਾਂ ’ਚ ਕੁਝ ਤੇਜ਼ੀ ਆਈ ਹੈ ਅਤੇ ਪਿਛਲੇ ਕੁਝ ਸਮੇਂ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਅਤੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅਚਾਨਕ ਛਾਪੇ ਮਾਰ ਕੇ ਦੋਸ਼ੀ ਪਾਏ ਗਏ ਕਰਮਚਾਰੀਅਾਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਹਨ। ਜਿਥੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਅਚਾਨਕ ਛਾਪਿਅਾਂ ਦੇ ਸਾਰਥਕ ਨਤੀਜੇ ਮਿਲ ਰਹੇ ਹਨ, ਉੱਥੇ ਹੀ ਕੁਝ ਸੁਹਿਰਦ ਅਧਿਕਾਰੀ ਵੀ ਆਪਣੇ ਤਰੀਕੇ ਨਾਲ ਸਰਕਾਰੀ ਵਿਭਾਗਾਂ ਦਾ ਕੰਮਕਾਜ ਸੁਧਾਰਨ ’ਚ ਯੋਗਦਾਨ ਦੇ ਰਹੇ ਹਨ। ਇਸੇ ਲੜੀ ’ਚ ਝਾਰਖੰਡ ਵਿਚ ਗੋਡਾ ਜ਼ਿਲੇ ਦੀ ਡਿਪਟੀ ਕਮਿਸ਼ਨਰ ਕਿਰਣ ਪਾਸੀ ਨੇ ਕਿਸੇ ਮਹਿੰਗੇ ਪ੍ਰਾਈਵੇਟ ਹਸਪਤਾਲ ਦੀ ਬਜਾਏ ਸਸਤੇ ਸਰਕਾਰੀ ਹਸਪਤਾਲ ’ਚ ਜਣੇਪਾ ਕਰਾ ਕੇ ਮਿਸਾਲ ਕਾਇਮ ਕੀਤੀ ਹੈ। ਲਖਨਊ ਦੀ ਰਹਿਣ ਵਾਲੀ ਕਿਰਣ ਨੇ ਗਰਭ ਦੇ ਕੁਝ ਮਹੀਨਿਆਂ ’ਚ ਹੀ ਇਹ ਫੈਸਲਾ ਕਰ ਲਿਆ ਸੀ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਸਿਹਤ ਸੇਵਾਵਾਂ ’ਤੇ ਭਰੋਸਾ ਪ੍ਰਗਟਾਉਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਹਸਪਤਾਲ ਦੇ ਸਿਵਲ ਸਰਜਨ ਡਾ. ਸ਼ਿਵ ਪ੍ਰਸਾਦ ਮਿਸ਼ਰਾ ਦੇ ਅਨੁਸਾਰ, ‘‘ ਡਿਪਟੀ ਕਮਿਸ਼ਨਰ ਮੈਡਮ ਸ਼ੁਰੂ ਤੋਂ ਹੀ ਜ਼ਿਲੇ ’ਚ ਸਿਹਤ ਸੇਵਾਵਾਂ ਸੁਧਾਰ ਅਤੇ ਸਰਕਾਰੀ ਸੇਵਾਵਾਂ ਪ੍ਰਤੀ ਲੋਕਾਂ ਦਾ ਭਰੋਸਾ ਪੈਦਾ ਕਰਨ ਲਈ ਕੰਮ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਦਾ ਇਹ ਕਦਮ ਇਨ੍ਹਾਂ ਹੀ ਯਤਨਾਂ ਦੀ ਅਗਲੀ ਲੜੀ ਹੈ।’’ ਇਹ ਉਹੀ ਹਸਪਤਾਲ ਹੈ, ਜੋ ਕੁਝ ਸਮਾਂ ਪਹਿਲਾਂ ਇਕ ਨਾ-ਤਸੱਲੀਯੋਗ ਸੇਵਾਵਾਂ ਲਈ ਚਰਚਾ ’ਚ ਰਿਹਾ ਕਰਦਾ ਸੀ ਪਰ ਅੱਜ ਇਹ ਡਿਪਟੀ ਕਮਿਸ਼ਨਰ ਕਿਰਣ ਪਾਸੀ ਦੇ ਯਤਨਾਂ ਨਾਲ ਸਰਵ ਸਹੂਲਤ ਸੰਪੰਨ ਹਸਪਤਾਲ ਬਣ ਚੁੱਕਾ ਹੈ। ਯਕੀਨਨ ਹੀ ਇਹ ਕਿਰਣ ਪਾਸੀ ਦਾ ਸ਼ਲਾਘਾਯੋਗ ਕਦਮ ਹੈ ਅਤੇ ਹੋਰ ਨੌਜਵਾਨ ਅਧਿਕਾਰੀਆਂ ਨੂੰ ਵੀ ਅਜਿਹੀ ਪਹਿਲ ਕਰਨੀ ਚਾਹੀਦੀ ਹੈ ਪਰ ਸਵਾਲ ਇਹ ਵੀ ਹੈ ਕਿ ਜਿਹੜੀਆਂ ਸਹੂਲਤਾਂ ਉਨ੍ਹਾਂ ਨੂੰ ਦਿੱਤੀਆਂ ਗਈਆਂ, ਕੀ ਉਹੀ ਸਹੂਲਤਾਂ ਆਮ ਲੋਕਾਂ ਨੂੰ ਵੀ ਪ੍ਰਾਪਤ ਹੋਣਗੀਆਂ। ਜੋ ਵੀ ਹੋਵੇ, ਸਾਡਾ ਮੰਨਣਾ ਹੈ ਕਿ ਜੇਕਰ ਹੋਰ ਅਧਿਕਾਰੀ ਵੀ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਇਲਾਜ ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ’ਚ ਕਰਵਾਉਣ ਲੱਗਣ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ ਲੱਗਣ ਤਾਂ ਯਕੀਨਨ ਹੀ ਇਨ੍ਹਾਂ ਦਾ ਕਾਇਆ-ਕਲਪ ਹੋ ਜਾਵੇਗਾ।

-ਵਿਜੇ ਕੁਮਾਰ\\\


Bharat Thapa

Content Editor

Related News