ਲੱਖੋਵਾਲ ’ਚ ਨਸ਼ੇ ਕਾਰਨ ਨੌਜਵਾਨ ਦੀ ਮੌਤ

ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਲੱਖੋਵਾਲ ਵਿਖੇ ਇਕ ਨੌਜਵਾਨ ਗੋਪੀ ਕੁਮਾਰ (22) ਦੀ ਨਸ਼ਾ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਅਤੇ ਪੁਲਸ ਨੇ ਉਸਦੇ ਸਾਥੀ  ਵਰਿੰਦਰ ਸਿੰਘ....

ਮਾਛੀਵਾਡ਼ਾ ਸਾਹਿਬ,(ਟੱਕਰ, ਸਚਦੇਵਾ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਲੱਖੋਵਾਲ ਵਿਖੇ ਇਕ ਨੌਜਵਾਨ ਗੋਪੀ ਕੁਮਾਰ (22) ਦੀ ਨਸ਼ਾ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਅਤੇ ਪੁਲਸ ਨੇ ਉਸਦੇ ਸਾਥੀ  ਵਰਿੰਦਰ ਸਿੰਘ ਉਰਫ਼ ਕੈਪਟਨ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਸੰਦੀਪ ਕੁਮਾਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਗੋਪੀ ਕੁਮਾਰ, ਜੋ ਕਿ ਫੈਕਟਰੀ ਵਿਚ ਕੰਮ ਕਰਦਾ ਸੀ, ਨੂੰ ਕੱਲ ਸਵੇਰੇ 9 ਵਜੇ ਪਿੰਡ ਦਾ ਹੀ ਵਿਅਕਤੀ ਵਰਿੰਦਰ ਸਿੰਘ ਜੋ ਕਿ ਨਸ਼ੇਡ਼ੀ ਕਿਸਮ ਦਾ ਲਡ਼ਕਾ ਹੈ, ਘਰੋਂ ਬੁਲਾ ਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਵਰਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਓ ਕੇਂਦਰ ’ਚੋਂ ਬਾਹਰ ਆਇਆ ਸੀ ਤੇ ਗੋਪੀ ਕੁਮਾਰ ਨੂੰ ਖੇਤਾਂ ਵਿਚ ਲੈ ਗਿਆ ਤੇ ਉਥੇ ਜਾ ਕੇ ਓਵਰਡੋਜ਼ ਵਾਲਾ ਨਸ਼ੇ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। 
 ®ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੋਪੀ ਕੁਮਾਰ ਪਹਿਲਾਂ ਨਸ਼ਾ ਕਰਦਾ ਸੀ ਪਰ ਉਸਨੇ ਹੁਣ ਛੱਡ ਦਿੱਤਾ ਸੀ ਅਤੇ ਘਰ ਵਿਚ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜੋ ਕਿ 2 ਮਹੀਨੇ ਬਾਅਦ ਹੋਣਾ ਸੀ। ਨਸ਼ੇ ਕਾਰਨ ਵਿਆਹ ਦੀ ਘੋਡ਼ੀ ਚਡ਼੍ਹਨ ਦੀ ਬਜਾਏ ਇਹ ਨੌਜਵਾਨ ਅਰਥੀ ’ਤੇ ਪਹੁੰਚ ਗਿਆ, ਜਿਸ ਕਾਰਨ ਘਰ ਵਿਚ ਖੁਸ਼ੀ ਦੀ ਬਜਾਏ ਮਾਤਮ ਛਾ ਗਿਆ। ਪੁਲਸ ਵਲੋਂ ਗੋਪੀ ਕੁਮਾਰ ਦੀ ਲਾਸ਼  ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ, ਜਦਕਿ ਨਸ਼ੇ ਦਾ ਟੀਕਾ ਦੇਣ ਵਾਲੇ ਵਰਿੰਦਰ ਸਿੰਘ ਖਿਲਾਫ਼ ਕੂੰਮਕਲਾਂ ਪੁਲਸ ਨੇ ਮਾਮਲਾ ਦਰਜ ਕਰ ਲਿਆ। ਫਿਲਹਾਲ ਉਹ ਫ਼ਰਾਰ ਹੈ।
 ਜ਼ਿਕਰਯੋਗ ਹੈ ਕਿ  ਨਸ਼ਿਆਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਥਾਣਾ ਕੂੰਮਕਲਾਂ ਅਧੀਨ ਪੈਂਦਾ ਪਿੰਡ ਚੌਂਤਾ ਵੀ ਲੱਖੋਵਾਲ ਦੇ ਨੇਡ਼ੇ ਹੈ, ਜਿੱਥੋਂ ਦਾ ਇਹ ਨੌਜਵਾਨ ਨਸ਼ੇ ਕਾਰਨ ਮਰਿਆ। ਬੇਸ਼ੱਕ ਪੁਲਸ ਵਲੋਂ ਇਸ ਇਲਾਕੇ ’ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ ਹੈ ਪਰ ਨਸ਼ਿਆਂ ਦੇ ਸਮੱਗਲਰ ’ਤੇ ਪੁਲਸ ਪੂਰੀ ਤਰ੍ਹਾਂ ਕਾਬੂ ਪਾਉਣ ਵਿਚ ਫਿਲਹਾਲ ਤਾਂ ਨਾਕਾਮਯਾਬ ਦਿਖਾਈ ਦੇ ਰਹੀ ਹੈ।

  • Lakhowal
  • death
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ