ਇਟਲੀ 'ਚ ਬੇਰੁਜ਼ਗਾਰੀ ਦਾ ਮਾਰਿਆ ਪੰਜਾਬੀ ਨੌਜਵਾਨ ਲਾਪਤਾ

ਇਟਲੀ ਵਿਚ ਕਾਨੂੰਨ ਲਚਕੀਲਾ ਹੋਣ ਕਾਰਨ ਬਹੁਤੇ ਪੰਜਾਬੀ ਹਰ ਰੋਜ਼ ਆਪਣੀ.....

ਰੋਮ/ਇਟਲੀ(ਕੈਂਥ)— ਇਟਲੀ ਵਿਚ ਕਾਨੂੰਨ ਲਚਕੀਲਾ ਹੋਣ ਕਾਰਨ ਬਹੁਤੇ ਪੰਜਾਬੀ ਹਰ ਰੋਜ਼ ਆਪਣੀ ਕਿਸਮਤ ਨੂੰ ਅਜਮਾਉਣ ਖਾਤਰ ਲੱਖਾਂ ਰੁਪਏ ਕਰਜ਼ ਚੁੱਕ ਕੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਇੱਥੇ ਪਹੁੰਚ ਰਹੇ ਹਨ। ਪਰ ਇੱਥੇ ਆ ਕੇ ਕਾਮਯਾਬ ਹੋਣਾ ਹਰੇਕ ਨੌਜਵਾਨ ਦੇ ਵੱਸ ਦਾ ਕੰਮ ਨਹੀਂ ।ਇਟਲੀ ਵਿਚ ਵੱਧ ਰਹੀ ਬੇਰੁਜ਼ਗਾਰੀ ਨੇ ਵਿਦੇਸ਼ੀਆਂ ਦੇ ਨਾਲ-ਨਾਲ ਇਟਾਲੀਅਨ ਲੋਕਾਂ ਨੂੰ ਵੀ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਡੂੰਘੀ ਚਿੰਤਾ ਵਿਚ ਪਾ ਰੱਖਿਆ ਹੈ। ਇਸ ਬੇਰੁਜ਼ਗਾਰੀ ਦੇ ਚੱਲਦਿਆਂ ਇਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰੈੱਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਗੁਰਮੇਲ ਰਾਮ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਜੈ ਰਾਮ (40) ਪਿਛਲੇ ਕਰੀਬ ਇਕ ਦਹਾਕੇ ਤੋਂ ਇਟਲੀ ਦੇ ਬੈਰਗਾਮੋ ਇਲਾਕੇ ਵਿਚ ਰਹਿ ਰਹੇ ਹਨ ਪਰ ਪਿਛਲੇ ਕਰੀਬ 2 ਮਹੀਨਿਆਂ ਤੋਂ ਉਸ ਦਾ ਭਰਾ ਜੈ ਰਾਮ ਬੇਰੁਜ਼ਗਾਰ ਸੀ। ਉਸ ਨੇ ਕੰਮ ਲਈ ਕਾਫ਼ੀ ਨੱਠ-ਭੱਜ ਕੀਤੀ ਫਿਰ ਵੀ ਉਸ ਨੂੰ ਕੋਈ ਵੀ ਰੁਜ਼ਗਾਰ ਨਹੀਂ ਮਿਲਿਆ ਜਿਸ ਕਾਰਨ ਜੈ ਰਾਮ ਦਿਮਾਗੀ ਤੌਰ ਤੇ ਕਾਫ਼ੀ ਪ੍ਰੇਸ਼ਾਨ ਰਹਿਣ ਲੱਗਾ ਤੇ 28 ਨਵੰਬਰ ਨੂੰ ਬਿਨਾਂ ਕੁਝ ਦੱਸੇ ਸਾਈਕਲ ਲੈਕੇ ਘਰੋਂ ਚਲਾ ਗਿਆ ਤੇ ਹੁਣ ਤੱਕ ਵਾਪਸ ਨਹੀਂ ਮੁੜਿਆ।ਜੈ ਰਾਮ ਜਾਣ ਤੋਂ ਪਹਿਲਾਂ ਆਪਣੇ ਪੇਪਰ ਅਤੇ ਮੋਬਾਇਲ ਫੋਨ ਘਰ ਹੀ ਛੱਡ ਗਿਆ ਜਿਸ ਕਾਰਨ ਹੁਣ ਉਸ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ।

ਗੁਰਮੇਲ ਰਾਮ ਨੇ ਜੈ ਰਾਮ ਦੀ ਕਾਫ਼ੀ ਭਾਲ ਕੀਤੀ ਪਰ ਉਸ ਦੀ ਕਿਸੇ ਪਾਸੇ ਤੋਂ ਵੀ ਕੋਈ ਉੱਗ-ਸੁੱਗ ਨਹੀਂ ਮਿਲੀ।ਉਸ ਨੇ ਪੁਲਸ ਕੋਲ ਵੀ ਜੈ ਰਾਮ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ਼ ਕਰਵਾ ਦਿੱਤੀ ਹੈ ਪਰ ਹਾਲੇ ਤੱਕ ਕੋਈ ਵੀ ਖ਼ਬਰ ਸਾਰ ਨਹੀਂ ਮਿਲੀ। ਗੁਰਮੇਲ ਰਾਮ ਨੇ ਇਟਲੀ ਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਉਸ ਦੇ ਭਰਾ ਜੈ ਰਾਮ ਬਾਰੇ ਜਾਣਕਾਰੀ ਮਿਲੇ ਤਾਂ ਕਿਰਪਾ ਉਸ ਨੂੰ ਜ਼ਰੂਰ ਸੰਪਰਕ ਕਰਨ।

  • Punjabi
  • Italy
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ