ਤਰਸਯੋਗ ਹਾਲਤ ’ਚ ਹੈ ਛੋਟਾ ਘੱਲੂਘਾਰਾ ਸ਼ਹੀਦ ਛੰਭ

ਸਾਲ 1746 ’ਚ ਮੁਗਲਾਂ ਹੱਥੋਂ ਸ਼ਹੀਦ ਕੀਤੇ 11000 ਸਿੱਖਾਂ ਦੀ ਯਾਦ ’ਚ ਪੰਜਾਬ ਸਰਕਾਰ ਵੱਲੋਂ ਬਣਾਏ ਜ਼ਿਲਾ ਗੁਰਦਾਸਪੁਰ ’ਚ ਕਾਹਨੂੰਵਾਨ ਦੇ ਛੰਭ ’ਚ ਲਗਭਗ 18 ਕਰੋਡ਼ ਰੁਪਏ ਦੀ ਲਾਗਤ ਨਾਲ ਬਣਿਆ ਛੋਟਾ ਘੱਲੂਘਾਰਾ ਮੈਮੋਰੀਅਲ ਦੀ ....

 ਗੁਰਦਾਸਪੁਰ, (ਵਿਨੋਦ)- ਸਾਲ 1746 ’ਚ ਮੁਗਲਾਂ ਹੱਥੋਂ ਸ਼ਹੀਦ ਕੀਤੇ 11000 ਸਿੱਖਾਂ ਦੀ ਯਾਦ ’ਚ ਪੰਜਾਬ ਸਰਕਾਰ ਵੱਲੋਂ ਬਣਾਏ ਜ਼ਿਲਾ ਗੁਰਦਾਸਪੁਰ ’ਚ ਕਾਹਨੂੰਵਾਨ ਦੇ ਛੰਭ ’ਚ ਲਗਭਗ 18 ਕਰੋਡ਼ ਰੁਪਏ ਦੀ ਲਾਗਤ ਨਾਲ ਬਣਿਆ ਛੋਟਾ ਘੱਲੂਘਾਰਾ ਮੈਮੋਰੀਅਲ ਦੀ ਹਾਲਤ ਇਸ ਸਮੇਂ ਬਹੁਤ ਹੀ ਖਸਤਾਹਾਲ  ਬਣੀ ਹੋਈ ਹੈ। ਜਦ ਇਸ ਇਤਿਹਾਸਿਕ ਸਿੱਖ ਮੈਮੋਰੀਅਲ ਦੇ ਸੁਧਾਰ ਲਈ ਸਰਕਾਰ, ਜ਼ਿਲਾ ਪ੍ਰਸ਼ਾਸਨ ਤੇ ਸਿੱਖ ਸੰਗਠਨਾਂ ਨੇ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦ ਇਹ ਮੈਮੋਰੀਅਲ ਇਕ ਭੁੱਲੀ ਬਿਸਰੀ ਯਾਦ ਬਣ ਕੇ ਰਹਿ ਜਾਵੇਗਾ, ਕਿਉਂਕਿ ਜਦ ਸਾਲ 2013 ’ਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਉਸ ਦੇ ਬਾਅਦ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਲੋਕ ਗੁਰਦੁਆਰਾ ਘੱਲੂਘਾਰਾ ਦੇ ਨਾਲ-ਨਾਲ ਇਸ ਮੈਮੋਰੀਅਲ ਨੂੰ ਵੇਖਣ  ਲਈ ਆਉਂਦੇ ਸਨ, ਜਦਕਿ ਇਸ ਸਮੇਂ ਇਸ ਦੀ ਤਰਸ ਵਾਲੀ ਹਾਲਤ ਦੇ ਚਲਦੇ ਪ੍ਰਤੀਦਿਨ ਮਾਤਰ 30 ਤੋਂ 40 ਲੋਕ ਹੀ ਆਉਂਦੇ ਹਨ। 

1746 ’ਚ ਮੁਗਲਾਂ ਨੇ 11000 ਸਿੱਖਾਂ ਨੂੰ ਕੀਤਾ ਸੀ ਸ਼ਹੀਦ
 10 ਮਾਰਚ 1746 ’ਚ ਮੁਗਲ ਸ਼ਾਸਨ ’ਚ ਮੁਗਲ ਸ਼ਾਸਕ ਮਿਲਟਰੀ ਕਮਾਂਡਰ ਜਸਪਤ ਰਾਏ ਦੀ ਅਗਵਾਈ ’ਚ ਮੁਗਲ ਸੈਨਾ ਨੇ ਜ਼ਿਲਾ ਗੁਰਦਾਸਪੁਰ ਤੋਂ ਕੁਝ ਦੂਰੀ ’ਤੇ ਕਾਹਨੂੰਵਾਨ ਇਲਾਕੇ ਦੇ ਛੰਭ ਦੇ ਜੰਗਲਾਂ ਦੀ ਘੇਰਾਬੰਦੀ ਕਰ ਕੇ 11 ਹਜ਼ਾਰ ਤੋਂ ਜ਼ਿਆਦਾ ਸਿੱਖ ਮਰਦਾਂ ਤੇ ਅੌਰਤਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਸ਼ਹੀਦਾਂ ਦੀ ਯਾਦ ’ਚ ਇਸ ਇਲਾਕੇ ’ਚ ਇਕ ਇਤਿਹਾਸਿਕ ਗੁਰਦੁਆਰਾ ਵੀ ਬਣਿਆ ਹੋਇਆ ਹੈ, ਜਿਸ ਦੀ ਬਹੁਤ ਮਾਨਤਾ ਹੈ। ਇਸ ਲਗਭਗ 10 ਏਕਡ਼ ’ਚ ਬਣੀ ਯਾਦਗਾਰ ’ਤੇ ਲਗਭਗ 18 ਕਰੋਡ਼ ਰੁਪਏ ਖਰਚ ਕੀਤਾ ਗਿਆ ਸੀ ਤੇ 28 ਨਵੰਬਰ 2011 ਨੂੰ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਹੀ ਇਸ ਮੈਮੋਰੀਅਲ ਦਾ ਉਦਘਾਟਨ ਕੀਤਾ ਸੀ ਤੇ ਉਦੋਂ ਲਗਦਾ ਸੀ ਕਿ ਇਹ ਯਾਦਗਾਰ ਪੰਜਾਬ ਦੀ ਸਭ ਤੋਂ ਵਧੀਆ ਯਾਦਗਾਰ ਹੋਵੇਗੀ। ਇਸ ਮੈਮੋਰੀਅਲ ਨੂੰ ਚਲਾਉਣ  ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ’ਚ ਇਕ ਕਮੇਟੀ ਬਣਾਈ ਗਈ, ਜਿਸ ’ਚ ਲਗਭਗ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਕੁਝ ਪ੍ਰਮੁੱਖ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। PunjabKesari

ਕਈ ਸਾਲਾਂ ਤੋਂ ਬੰਦ ਪਏ ਨੇ ਫੁਆਰੇ
 ਇਸ ਯਾਦਗਾਰ ’ਚ ਲੱਖਾਂ ਰੁਪਏ ਖਰਚ ਕਰ ਕੇ ਲਗਾਏ ਗਏ ਫੁਆਰੇ ਸਾਲਾਂ ਤੋਂ ਬੰਦ ਪਏ ਹਨ ਤੇ ਫੁਆਰਿਆਂ ’ਚ ਖਡ਼੍ਹਾ ਪਾਣੀ ਬਦਬੂ ਮਾਰ ਰਿਹਾ ਹੈ। ਫੁਆਰਿਆਂ ਦੀ ਹਾਲਤ ਵੇਖ ਕੇ ਹੀ ਪਤਾ ਚੱਲ ਜਾਂਦਾ ਹੈ ਕਿ ਇਨ੍ਹਾਂ ਨੂੰ ਕਈ ਸਾਲਾਂ ਤੋਂ ਚਾਲੂ ਨਹੀਂ ਕੀਤਾ ਗਿਆ ਹੈ। ਬਣਾਏ ਰਸਤਿਆਂ ’ਚ ਘਾਹ ਦਾ ਜ਼ੋਰ ਹੈ , ਜਦਕਿ ਸਫਾਈ ਦਾ ਬੁਰਾ ਹਾਲ ਹੈ। ਬਣੀਆਂ ਸਮਾਰਕਾਂ ਤੋਂ ਪੱਥਰ ਟੁੱਟ ਕੇ ਡਿੱਗ ਰਹੇ ਹਨ ਤੇ ਉਨ੍ਹਾਂ ਦੀ ਮੁਰੰਮਤ ਕਰਵਾਉਣ ਵਾਲਾ ਕੋਈ ਨਹੀਂ ਹੈ। ਸੁਰੱਖਿਆ ਦੀ ਦ੍ਰਿਸ਼ਟੀ ਨਾਲ ਰਾਤ ਦੇ ਸਮੇ ਪੁਰਾਣਾ ਸ਼ਾਲਾ ਪੁਲਸ ਸਟੇਸਨ ਤੋਂ ਦੋ ਪੁਲਸ ਕਰਮਚਾਰੀ ਇਥੇ ਹਰ ਰੋਜ਼ ਸ਼ਾਮ ਨੂੰ ਆਉਂਦੇ ਹਨ ਤੇ ਸਵੇਰੇ ਚਲੇ ਜਾਂਦੇ ਹਨ। ਪ੍ਰਵੇਸ਼ ਦੁਆਰ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਇਤਿਹਾਸਿਕ ਯਾਦਗਾਰ ਦੀ ਹਾਲਤ ਕੀ ਹੋਵੇਗੀ।
ਕਰਮਚਾਰੀਅਾਂ ਨੂੰ 4 ਮਹੀਨਿਅਾਂ ਤੋਂ ਨਹੀਂ ਮਿਲੀ ਤਨਖਾਹ 
 ਇਸ ਯਾਦਗਾਰ ’ਚ ਇਸ ਸਮੇਂ ਇਕ ਇੰਚਾਰਜ-ਕਮ-ਗਾਈਡ, ਇਕ ਕਲਰਕ-ਕਮ-ਲੇਖਾਕਾਰ, 6 ਮਾਲੀ, 2 ਸੇਵਾਦਾਰ ਤੇ 2 ਸਫਾਈ ਕਰਮਚਾਰੀ ਤਾਇਨਾਤ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਕਰਮਚਾਰੀਆਂ ਨੂੰ ਵੀ ਬੀਤੇ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ। ਕਰਮਚਾਰੀਆਂ ਨੂੰ ਡੀ. ਸੀ. ਰੇਟ ਦੀ ਬਜਾਏ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ। ਜਿਸ ਨੂੰ ਲੈਣ ਲਈ ਕਈ-ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ। ਦੋ ਸਫਾਈ ਕਰਮਚਾਰੀ ਤਨਖ਼ਾਹ ਨਾ ਮਿਲਣ ਕਾਰਨ ਕੰਮ ਛੱਡ ਕੇ ਜਾ ਚੁੱਕੇ ਹਨ। 
ਇਸ ਸ਼ਹੀਦੀ ਯਾਦਗਾਰ ਦੀ ਹਾਲਤ ਵੇਖ ਕੇ ਹਰ ਸਿੱਖ ਨੂੰ ਦੁੱਖ ਪਹੁੰਚਦਾ ਹੈ। ਸਿੱਖਾਂ ਨੇ ਇਸ ਯਾਦਗਾਰ ’ਚ ਜਾਣਾ ਹੀ ਬੰਦ ਕਰ ਦਿੱਤਾ ਹੈ। ਜੇ ਸਰਕਾਰ ਇਸ ਨੂੰ ਨਹੀਂ ਚਲਾ ਸਕਦੀ ਤੇ  ਜੇਕਰ  ਸਰਕਾਰ ਸਾਡੇ ਟਰੱਸਟ ਨੂੰ ਇਹ ਸ਼ਹੀਦੀ ਯਾਦਗਾਰ ਸੌਂਪ ਦਿੰਦੀ ਹੈ ਤਾਂ ਅਸੀਂ ਇਸ ਨੂੰ ਵਧੀਆ ਢੰਗ ਨਾਲ ਚਲਾਵਾਂਗੇ। 
    ਮਾਸਟਰ ਜੌਹਰ ਸਿੰਘ, ਇਤਿਹਾਸਿਕ ਗੁਰਦੁਆਰਾ ਘੱਲੂਘਾਰਾ ਟਰੱਸਟ ਦੇ ਪ੍ਰਧਾਨ
ਪੈਸੇ ਦੀ ਘਾਟ ਦੇ ਚਲਦੇ ਇਸ ਯਾਦਗਾਰ ਦਾ ਰਖ-ਰਖਾਅ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦੇ ਮਹੱਤਵ ਨੂੰ ਵੇਖਦੇ ਹੋਏ ਬੀਤੇ ਸਮੇਂ ’ਚ ਮੀਟਿੰਗ ਬੁਲਾਈ ਗਈ ਸੀ ਤੇ ਪੰਜਾਬ ਸਰਕਾਰ ਨੂੰ ਇਸ ਯਾਦਗਾਰ ਨੂੰ ਵਧੀਆ ਬਣਾਉਣ  ਲਈ ਫੰਡ ਦੀ ਮੰਗ ਕੀਤੀ ਗਈ ਸੀ।  ਪੰਜਾਬ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ 15 ਅਗਸਤ ਦੇ ਸਮਾਗਮ ’ਚ ਇਸ ਯਾਦਗਾਰ ਲਈ ਦੋ ਕਰੋਡ਼ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਅਜੇ ਇਹ ਰਾਸ਼ੀ ਵੀ ਨਹੀਂ ਮਿਲੀ ਹੈ। ਜਲਦੀ ਹੀ ਸਰਕਾਰ ਤੋਂ ਫੰਡ ਮਿਲਣ ਦੀ ਸੰਭਾਵਨਾ ਹੈ ਤੇ ਇਸ ਯਾਦਗਾਰ ਨੂੰ ਸੁੰਦਰ ਬਣਾਉਣ  ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
    -ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ 

  • Ghallughara Shaheed Chhoba
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ