‘ਅਭੀ ਕੁਛ ਲੋਗ ਬਾਕੀ ਹੈਂ ਜਹਾਂ ਮੇਂ’ ਪੁਲਸ ਵਿਭਾਗ ਦੇ ਫਰਜ਼ਾਂ ਪ੍ਰਤੀ ਸੁਚੇਤ ਅਧਿਕਾਰੀ

ਅਕਸਰ ਪੁਲਸ ਵਲੋਂ ਲਾਪਰਵਾਹੀ, ਫਰਜ਼ਾਂ ਪ੍ਰਤੀ ਬੇਮੁਖਤਾ ਅਤੇ ਲੋਕਾਂ ਦੇ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਪੁਲਸ ’ਚ ਕੁਝ ਫਰਜ਼ਾਂ ਪ੍ਰਤੀ ਸੁਚੇਤ ਅਧਿਕਾਰੀ ਵੀ ਮੌਜੂਦ ਹਨ, ਜੋ ਆਪਣੀ ਲਗਨ ਅਤੇ ਕੰਮ ਪ੍ਰਤੀ

ਅਕਸਰ ਪੁਲਸ ਵਲੋਂ ਲਾਪਰਵਾਹੀ, ਫਰਜ਼ਾਂ ਪ੍ਰਤੀ ਬੇਮੁਖਤਾ ਅਤੇ ਲੋਕਾਂ ਦੇ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਪੁਲਸ ’ਚ ਕੁਝ ਫਰਜ਼ਾਂ ਪ੍ਰਤੀ ਸੁਚੇਤ ਅਧਿਕਾਰੀ ਵੀ ਮੌਜੂਦ ਹਨ, ਜੋ ਆਪਣੀ ਲਗਨ ਅਤੇ ਕੰਮ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਭਾਗ ਦਾ ਨਾਂ ਰੌਸ਼ਨ ਕਰ ਰਹੇ ਹਨ। ਇਥੇ ਪੇਸ਼ ਹਨ ਅਜਿਹੀਅਾਂ ਹੀ ਚੰਦ ਮਿਸਾਲਾਂ :
* 26 ਫਰਵਰੀ ਨੂੰ ਸਹਾਰਨਪੁਰ ਨੇੜੇ ਬੜਾ ਗਾਂਵ ’ਚ ਡਿਊਟੀ ’ਤੇ ਤਾਇਨਾਤ ਥਾਣੇਦਾਰ ਭੂਪੇਂਦਰ ਸਿੰਘ ਤੋਮਰ ਨੂੰ ਸੂਚਨਾ ਮਿਲੀ ਕਿ ਰਾਮਪੁਰ ਮਨਿਹਾਰਨ ’ਚ ਖੂਨ ਨਾਲ ਲੱਥਪਥ ਇਕ ਵਿਅਕਤੀ ਸੜਕ ਦੇ ਕੰਢੇ ਬੇਹੋਸ਼ ਪਿਆ ਹੈ, ਉਸ ਨੂੰ ਛੇਤੀ ਹਸਪਤਾਲ ਪਹੁੰਚਾਇਆ ਜਾਵੇ। ਭੂਪੇਂਦਰ ਸਿੰਘ ਜ਼ਖ਼ਮੀ ਨੂੰ ਲੈਣ ਲਈ ਚੱਲ ਪਏ। ਉਹ ਰਸਤੇ ’ਚ ਹੀ ਸਨ ਕਿ ਉਨ੍ਹਾਂ ਨੂੰ ਫੋਨ ’ਤੇ ਆਪਣੀ ਬੇਟੀ ਦੇ ਇਸ ਦੁਨੀਆ ’ਚ ਨਾ ਰਹਿਣ ਦੀ ਖ਼ਬਰ ਮਿਲੀ। 
ਉਨ੍ਹਾਂ ਨਾਲ ਗੱਡੀ ’ਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਫੌਰਨ ਘਰ ਜਾਣ ਲਈ ਕਿਹਾ ਪਰ ਭੂਪੇਂਦਰ ਨੇ ਜਵਾਬ ਦਿੱਤਾ ਕਿ ‘‘ਮੇਰੀ ਬੇਟੀ ਤਾਂ ਇਸ ਦੁਨੀਆ ’ਚ ਨਹੀਂ ਰਹੀ ਪਰ ਜ਼ਖ਼ਮੀ ਵਿਅਕਤੀ ਵੀ ਕਿਸੇ ਦੇ ਘਰ ਦਾ ਬੇਟਾ ਹੈ। ਮੇਰੇ ਘਰ ਦੀ ਜੋਤੀ ਤਾਂ ਬੁਝ ਗਈ ਹੈ ਪਰ ਮੈਂ ਕਿਸੇ ਦੂਜੇ ਘਰ ਦਾ ਚਿਰਾਗ ਬੁਝਣ ਨਹੀਂ ਦੇਵਾਂਗਾ।’’ ਉਨ੍ਹਾਂ ਨੇ ਪਹਿਲਾਂ ਜ਼ਖ਼ਮੀ ਨੂੰ ਲਿਜਾ ਕੇ ਹਸਪਤਾਲ ’ਚ ਦਾਖਲ ਕਰਵਾਇਆ ਅਤੇ ਫਿਰ ਆਪਣੇ ਘਰ ਗਏ।
* 23 ਮਾਰਚ  ਨੂੰ ਸਹਾਰਨਪੁਰ ’ਚ ਰਿਜ਼ਰਵ ਪੁਲਸ ਲਾਈਨ ਗੇਟ ’ਤੇ ਗੱਡੀਅਾਂ ਦੀ ਚੈਕਿੰਗ ਦੌਰਾਨ ਐੱਚ. ਸੀ. ਪੀ. ਰਾਮ ਮੇਹਰ ਸਿੰਘ ਦਾ ਬੇਟਾ ਹਰਸ਼ ਬਿਨਾਂ ਹੈਲਮੇਟ ਪਹਿਨੀ ਬੁਲੇਟ ’ਤੇ ਸਵਾਰ ਹੋ ਕੇ ਉਥੋਂ ਲੰਘਿਆ ਅਤੇ ਪਿਤਾ ਨੂੰ ਦੇਖ ਕੇ ਅੱਗੇ ਵਧਣ ਲੱਗਾ। 
ਰਾਮ ਮੇਹਰ ਨੇ ਬੇਟੇ ਨੂੰ ਝਿੜਕਦੇ ਹੋਏ ਰੋਕਿਆ ਅਤੇ ਹੈਲਮੇਟ ਨਾ ਪਹਿਨਣ ’ਤੇ ਚਲਾਨ ਕੱਟ ਕੇ 100 ਰੁਪਏ ਵਸੂਲ ਕੀਤੇ। ਇੰਨਾ ਹੀ ਨਹੀਂ, ਰਾਮ ਮੇਹਰ ਨੇ ਸਾਰਿਅਾਂ ਦੇ ਸਾਹਮਣੇ ਹਰਸ਼ ਨੂੰ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਭਵਿੱਖ ’ਚ ਉਹ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਦਾ ਬੁਲੇਟ ‘ਸੀਜ਼’ ਕਰ ਦਿੱਤਾ ਜਾਵੇਗਾ। ਰਾਮ ਮੇਹਰ ਦੀ ਫਰਜ਼ਾਂ ਪ੍ਰਤੀ ਇਸ ਵਫਾਦਾਰੀ ਲਈ ਉੱਚ ਅਧਿਕਾਰੀਅਾਂ ਨੇ ਉਸ ਨੂੰ ਸ਼ਾਬਾਸ਼ ਦਿੱਤੀ। 
* 29  ਮਈ  ਨੂੰ  ਰਾਜਸਥਾਨ ’ਚ ਅਲਵਰ ਜ਼ਿਲੇ ਦੇ ਐੱਸ. ਪੀ. ਸੁਰੇਸ਼ ਯਾਦਵ ਨੇ ਆਪਣੇ ਹੀ ਦਫਤਰ ’ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਕੇ ਬਿਨਾਂ ਹੈਲਮੇਟ ਆਉਣ ਵਾਲੇ ਪੁਲਸ ਮੁਲਾਜ਼ਮਾਂ ਦੇ ਚਲਾਨ ਕੱਟਣ ਦੀ ਵਿਸ਼ੇਸ਼ ਮੁਹਿੰਮ ਚਲਾਈ।
ਇਸ ਦੌਰਾਨ ਬਿਨਾਂ ਹੈਲਮੇਟ ਆਉਣ ਵਾਲੇ ਲੱਗਭਗ 30 ਪੁਲਸ ਮੁਲਾਜ਼ਮਾਂ ਅਤੇ ਹੋਰਨਾਂ ਮੁਲਾਜ਼ਮਾਂ ਦੇ ਚਲਾਨ ਕੱਟਣ ਦੇ ਨਾਲ-ਨਾਲ ਉਨ੍ਹਾਂ ਕੋਲੋਂ ਜੁਰਮਾਨੇ ਦੀ ਰਕਮ ਵੀ ਵਸੂਲੀ ਗਈ।
* 02 ਜੁਲਾਈ ਨੂੰ ਉੱਤਰਾਖੰਡ ਦੇ ਦੇਹਰਾਦੂਨ ਦੀ ਜੌਲੀ ਗਰਾਂਟ ਪੁਲਸ ਚੌਕੀ ’ਚ ਬਤੌਰ ਇੰਚਾਰਜ ਤਾਇਨਾਤ ਮੰਜੁਲ ਰਾਵਤ ਆਪਣੀ ਚੌਕੀ ਅਧੀਨ ਆਉਣ-ਜਾਣ ਵਾਲੀਅਾਂ ਗੱਡੀਅਾਂ ਅਤੇ ਉਨ੍ਹਾਂ ਦੇ ਕਾਗਜ਼ਾਤ ਦੀ ਜਾਂਚ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਸਕਾ ਛੋਟਾ ਭਰਾ ਮ੍ਰਿਣਾਲ ਰਾਵਤ, ਜੋ ਖ਼ੁਦ ਰਾਏਵਾਲਾ ਪੁਲਸ ਥਾਣੇ ’ਚ ਬਤੌਰ ਕਾਂਸਟੇਬਲ ਤਾਇਨਾਤ ਹੈ, ਉਨ੍ਹਾਂ ਨੂੰ ਮਿਲਣ ਲਈ ਆਇਆ। 
ਇਸ ਤੋਂ ਪਹਿਲਾਂ ਕਿ ਮ੍ਰਿਣਾਲ ਕੁਝ ਕਹਿੰਦਾ, ਵੱਡੇ ਭਰਾ ਮੰਜੁਲ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਛੋਟੇ ਭਰਾ ਦੇ ਹੱਥ ’ਚ ਬਿਨਾਂ ਹੈਲਮੇਟ ਬਾਈਕ ਚਲਾਉਣ ਦੇ ਅਪਰਾਧ ’ਚ 100 ਰੁਪਏ ਜੁਰਮਾਨੇ ਦਾ ਚਲਾਨ ਫੜਾ ਦਿੱਤਾ ਅਤੇ ਅੱਗੇ ਤੋਂ ਚੌਕਸ ਰਹਿਣ ਦੀ ਨਸੀਹਤ ਵੀ ਦਿੱਤੀ। 
* 20 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੀ ਸਿਕੰਦਰਪੁਰ ਚੌਕੀ ’ਤੇ ਤਾਇਨਾਤ ਇੰਚਾਰਜ ਸਤੇਂਦਰ ਕੁਮਾਰ ਰਾਏ ਰਾਤ ਦੇ ਸਮੇਂ ਆਪਣੀ ਡਿਊਟੀ ’ਤੇ ਸਿਕੰਦਰਪੁਰ ਆ ਰਹੇ ਸਨ ਕਿ ਉਨ੍ਹਾਂ ਨੂੰ ਬੜਹਲਗੰਜ ਨੇੜੇ ਸੜਕ ’ਤੇ ਸ਼ੱਕੀ ਹਾਲਤ ’ਚ ਪਿਆ ਪਲਾਸਟਿਕ ਦਾ ਇਕ ਥੈਲਾ ਦਿਖਾਈ ਦਿੱਤਾ। 
ਸਤੇਂਦਰ ਕੁਮਾਰ ਰਾਏ ਨੇ ਆਪਣੀ ਗੱਡੀ ਰੋਕ ਕੇ ਉਸ ਥੈਲੇ ਨੂੰ ਚੁੱਕ ਕੇ ਦੇਖਿਆ ਤਾਂ ਉਸ ’ਚ ਲੱਗਭਗ 85,000 ਰੁਪਏ ਨਕਦ ਅਤੇ ਪਰਸ ਤੋਂ ਇਲਾਵਾ ਆਧਾਰ ਕਾਰਡ, ਵੋਟਰ ਕਾਰਡ, ਪਿਨ ਸਮੇਤ ਏ. ਟੀ. ਐੱਮ. ਕਾਰਡ ਅਤੇ ਕੁਝ ਹੋਰ ਕਾਗਜ਼ਾਤ ਸਨ। 
ਉਨ੍ਹਾਂ ਨੇ ਬੈਗ ਸੰਭਾਲ ਲਿਆ ਅਤੇ 25 ਅਕਤੂਬਰ ਨੂੰ ਥੈਲੇ ਦੇ ਮਾਲਕ ਦਾ ਪਤਾ ਲਾ ਕੇ ਉਸ ਨੂੰ ਉਸ ਦੀ ਅਮਾਨਤ ਸੌਂਪ ਦਿੱਤੀ। 
* 26 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲੇ ’ਚ ਡੀ. ਐੱਸ. ਪੀ. ਅਖਿਲੇਸ਼ ਸਿੰਘ  ਗੱਡੀਅਾਂ ਦੀ ਚੈਕਿੰਗ ਕਰ ਰਹੇ ਸਨ ਕਿ ਕਟਨੀ ਜ਼ਿਲੇ ਦੀ ਬਹੋਰੀਬੰਦ ਤਹਿਸੀਲ ’ਚ ਐੱਸ. ਡੀ. ਓ. ਦੇ ਅਹੁਦੇ ’ਤੇ ਤਾਇਨਾਤ ਉਨ੍ਹਾਂ ਦੇ ਪਿਤਾ ਆਰ. ਬੀ. ਸਿੰਘ, ਜਿਨ੍ਹਾਂ ਨੇ ਆਪਣੀ ਕਾਰ ’ਤੇ ਕਾਲੇ ਸ਼ੀਸ਼ੇ ਲਾਏ ਹੋਏ ਸਨ, ਉਥੋਂ ਲੰਘੇ। 
ਅਖਿਲੇਸ਼ ਸਿੰਘ ਨੇ ਆਪਣੇ ਮਾਤਹਿਤ ਪੁਲਸ ਮੁਲਾਜ਼ਮਾਂ ਨੂੰ ਹੁਕਮ ਦੇ ਕੇ ਆਪਣੇ ਪਿਤਾ ਦੀ ਕਾਰ ਉਤੋਂ ਕਾਲੀ ਫਿਲਮ ਉਤਰਵਾਉਣ ਤੋਂ ਇਲਾਵਾ ਉਨ੍ਹਾਂ ਦਾ ਚਲਾਨ ਕੱਟ ਕੇ ਉਨ੍ਹਾਂ ਤੋਂ ਮੌਕੇ ’ਤੇ ਹੀ ਜੁਰਮਾਨਾ ਵੀ ਵਸੂਲ ਲਿਆ।
ਜੇਕਰ ਸਾਰੇ ਪੁਲਸ ਮੁਲਾਜ਼ਮ ਅਤੇ ਅਧਿਕਾਰੀ ਇਨ੍ਹਾਂ ਵਾਂਗ ਹੀ ਫਰਜ਼ਾਂ ਪ੍ਰਤੀ  ਸੁਚੇਤ ਅਤੇ ਵਫਾਦਾਰ ਹੋ ਜਾਣ ਤਾਂ ਇਸ ਨਾਲ ਸਮਾਜ ’ਚ ਅਪਰਾਧ ਘਟਣਗੇ, ਅਨੁਸ਼ਾਸਨਹੀਣਤਾ ’ਚ ਕਮੀ ਆਵੇਗੀ ਅਤੇ ਭਾਰਤ ਵੀ ਹੋਰਨਾਂ ਦੇਸ਼ਾਂ ਵਾਂਗ ਅੱਗੇ ਵਧਣ ਲੱਗੇਗਾ।                                                    

–ਵਿਜੇ ਕੁਮਾਰ

  • supervisors
  • police department
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ