ਜੋ ਮਿਲਿਆ ਹੈ, ਉਸ ਵਿਚ ਖੁਸ਼ ਰਹੋ

ਇਕ ਰਾਜਾ ਸੀ। ਇਕ ਦਿਨ ਉਹ ਸੈਰ ਲਈ ਜਦੋਂ ਮਹੱਲ ’ਚੋਂ ਨਿਕਲਿਆ...

ਇਕ ਰਾਜਾ ਸੀ। ਇਕ ਦਿਨ ਉਹ ਸੈਰ ਲਈ ਜਦੋਂ ਮਹੱਲ ’ਚੋਂ ਨਿਕਲਿਆ ਤਾਂ ਦਰਵਾਜ਼ੇ ’ਤੇ ਮੁਸਕਰਾਉਂਦੇ ਇਕ ਦਰਬਾਨ ’ਤੇ ਉਸ ਦੀ ਨਜ਼ਰ ਪਈ। ਜਦੋਂ ਉਹ ਸੈਰ ਕਰ ਕੇ ਵਾਪਸ ਆਇਆ ਤਾਂ ਵੀ ਦਰਬਾਨ ਮੁਸਕਰਾ ਰਿਹਾ ਸੀ। ਬਾਦਸ਼ਾਹ ਸੋਚਣ ਲੱਗਾ ਕਿ ਮੈਂ ਰਾਜਾ ਹੁੰਦੇ ਹੋਏ ਵੀ ਇੰਨਾ ਨਹੀਂ ਮੁਸਕਰਾਉਂਦਾ ਤਾਂ ਇਹ ਦਰਬਾਨ ਇੰਨਾ ਕਿਵੇਂ ਮੁਸਕਰਾ ਰਿਹਾ ਹੈ।
ਰਾਜਾ ਮੰਤਰੀ ਨੂੰ ਬੋਲਿਆ, ‘‘ਕੋਈ ਅਜਿਹਾ ਉਪਾਅ ਕਰ ਕਿ ਮਹੱਲ ਦੇ ਸਾਰੇ ਕਰਮਚਾਰੀ ਹਮੇਸ਼ਾ ਮੁਸਕਰਾਉਂਦੇ ਰਹਿਣ।’’
ਮੰਤਰੀ ਬੋਲਿਆ, ‘‘ਬੜਾ ਮੁਸ਼ਕਿਲ ਕੰਮ ਹੈ ਕਿਉਂਕਿ ਅਸੀਂ ਮੁਸਕਰਾਉਣਾ ਨਹੀਂ, ਦੁਖੀ ਕਰਨਾ ਜਾਣਦੇ ਹਾਂ। ਤਨਖਾਹ ਘੱਟ ਕਰ ਸਕਦੇ ਹਾਂ, ਝਿੜਕ ਸਕਦੇ ਹਾਂ, ਨੌਕਰੀ ਤੋਂ ਕੱਢ ਸਕਦੇ ਹਾਂ ਪਰ ਦੁਖੀ ਵਿਅਕਤੀ ਨੂੰ ਖੁਸ਼ ਨਹੀਂ ਕਰ ਸਕਦੇ।’’
ਰਾਜਾ ਬੋਲਿਆ, ‘‘ਜੇ ਦੁਖੀ ਕਰ ਸਕਦਾ ਏਂ ਤਾਂ ਉਸ ਦਰਬਾਨ ਨੂੰ ਦੁਖੀ ਕਰ ਕੇ ਦਿਖਾ।’’

ਮੰਤਰੀ ਬੋਲਿਆ, ‘‘ਠੀਕ ਹੈ, ਤੁਸੀਂ ਐਲਾਨ ਕਰ ਦਿਓ ਕਿ ਉਸ ਦਰਬਾਨ ਨੂੰ ਇਨਾਮ ਦਿੱਤਾ ਜਾਵੇਗਾ।’’
ਦਰਬਾਨ ਨੂੰ ਸਭਾ ਵਿਚ ਸੱਦਿਆ ਗਿਆ। ਉਸ ਨੂੰ ਕੱਪੜੇ ਨਾਲ ਢਕੀ ਇਕ ਪਰਾਤ ਰਾਜੇ ਨੇ ਇਨਾਮ ਵਜੋਂ ਦਿੱਤੀ।
ਮੰਤਰੀ ਬੋਲਿਆ, ‘‘ਇਹ ਤੋਹਫਾ ਕੱਲ ਸਵੇਰੇ ਖੋਲ੍ਹੀਂ। ਰਾਤ ਭਰ ਤੋਹਫਾ ਤੇਰੇ ਘਰ ਦੇ ਬਾਹਰ 8 ਪਹਿਰੇਦਾਰਾਂ ਦੀ ਨਿਗਰਾਨੀ ਹੇਠ ਰਹੇਗਾ।’’

ਬਸ ਫਿਰ ਕੀ ਸੀ, ਰਾਤ ਭਰ ਉਹ ਦਰਬਾਨ ਬਿਨਾਂ ਸੁੱਤੇ ਸਵੇਰ ਹੋਣ ਦੀ ਉਡੀਕ ਵਿਚ ਬੈਠਾ ਰਿਹਾ। ਸਵੇਰ ਹੋਣ ’ਤੇ ਦਰਬਾਨ ਨੇ ਤੋਹਫਾ ਖੋਲ੍ਹਿਆ ਤਾਂ ਉਸ ਵਿਚ ਸੋਨੇ ਦੀਆਂ ਅਸ਼ਰਫੀਆਂ ਸਨ। ਦਰਬਾਨ ਨੇ ਖੁਸ਼ੀ-ਖੁਸ਼ੀ ਅਸ਼ਰਫੀਆਂ ਗਿਣੀਆਂ ਤਾਂ ਉਹ 99 ਸਨ। ਵਾਰ-ਵਾਰ ਗਿਣਨ ’ਤੇ ਵੀ ਉਹ 99 ਹੀ ਨਿਕਲੀਆਂ।
ਦਰਬਾਨ ਸੋਚਣ ਲੱਗਾ ਕਿ ਬਾਦਸ਼ਾਹ ਨੇ ਤਾਂ 100 ਹੀ ਦਿੱਤੀਆਂ ਹੋਣਗੀਆਂ, ਸ਼ਾਇਦ ਕਿਸੇ ਨੇ ਇਕ ਅਸ਼ਰਫੀ ਕੱਢ ਲਈ ਹੈ। ਹੋ ਸਕਦਾ ਹੈ ਕਿ ਰਾਤ ਦੇ ਪਹਿਰੇਦਾਰਾਂ ਵਿਚੋਂ ਹੀ ਕਿਸੇ ਨੇ ਚੋਰੀ ਕਰ ਲਈ ਹੋਵੇ। ਹੁਣ ਉਸ ਨੂੰ 99 ਅਸ਼ਰਫੀਆਂ ਮਿਲਣ ਦੀ ਖੁਸ਼ੀ ਨਹੀਂ ਰਹੀ, ਸਗੋਂ ਇਕ ਅਸ਼ਰਫੀ ਘੱਟ ਹੋਣ ਦਾ ਗ਼ਮ ਸਤਾਉਣ ਲੱਗਾ।

ਦਰਬਾਨ ਸਵੇਰੇ ਜਦੋਂ ਪਹਿਰੇਦਾਰੀ ਕਰਨ ਮਹੱਲ ਆਇਆ ਤਾਂ ਉਸ ਦਾ ਚਿਹਰਾ ਉਦਾਸ ਸੀ। ਚਿਹਰੇ ਦਾ ਹਾਸਾ ਉੱਡ ਚੁੱਕਾ ਸੀ। ਹੁਣ ਉਹ 99 ਅਸ਼ਰਫੀਆਂ ਦਾ ਮਾਲਕ ਹੁੰਦੇ ਹੋਏ ਵੀ ਦੁਖੀ ਸੀ।
ਨਿਚੋੜ : ਜ਼ਿੰਦਗੀ ਵਿਚ ਜਿੰਨਾ ਮਿਲਿਆ ਹੈ, ਜੇ ਉਸ ਦੀ ਖੁਸ਼ੀ ਨਹੀਂ ਮਨਾਵਾਂਗੇ ਤਾਂ ਮਨ ਕੁਝ ਹੋਰ ਦੀ ਭਾਲ ਵਿਚ ਤੁਹਾਨੂੰ ਦੁਖੀ ਕਰ ਦੇਵੇਗਾ। ਅਸੰਤੁਸ਼ਟੀ ਦੀ ਭਾਵਨਾ ਦੁੱਖ ਤੇ ਸੰਤੁਸ਼ਟੀ ਦੀ ਭਾਵਨਾ ਸੁੱਖ ਦਿੰਦੀ ਹੈ। ਜੇ ਜ਼ਿੰਦਗੀ ਵਿਚ ਸੁੱਖ ਚਾਹੀਦਾ ਹੈ ਤਾਂ ਸੰਤੁਸ਼ਟ ਰਹੋ।

    Dharm
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ