ਦਲਿਤ ਸੰਸਦ ਮੈਂਬਰ ਸਵਿੱਤਰੀ ਬਾਈ ਫੂਲੇ ਦਾ ਹੁਣ ਭਾਜਪਾ ਤੋਂ ਅਸਤੀਫਾ

ਪਿਛਲੇ ਕੁਝ ਸਮੇਂ ਦੌਰਾਨ ਵਿਚਾਰਕ ਮੱਤਭੇਦਾਂ ਕਾਰਨ ਭਾਜਪਾ ਨਾਲੋਂ ਕਈ ਨੇਤਾਵਾਂ ਨੇ ਨਾਤਾ ਤੋੜਿਆ ਹੈ। ਇਸੇ ਸੰਦਰਭ ’ਚ ਦੇਸ਼ ਵਿਚ ਦਲਿਤਾਂ ਨਾਲ ਬੁਰੇ ਸਲੂਕ ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਸੰਸਦ ਮੈਂਬਰ ਅਤੇ ਦਲਿਤ ਨੇਤਾ ਉਦਿਤ ਰਾਜ...

ਪਿਛਲੇ ਕੁਝ ਸਮੇਂ ਦੌਰਾਨ ਵਿਚਾਰਕ ਮੱਤਭੇਦਾਂ ਕਾਰਨ ਭਾਜਪਾ ਨਾਲੋਂ ਕਈ ਨੇਤਾਵਾਂ ਨੇ ਨਾਤਾ ਤੋੜਿਆ ਹੈ। ਇਸੇ ਸੰਦਰਭ ’ਚ ਦੇਸ਼ ਵਿਚ ਦਲਿਤਾਂ ਨਾਲ ਬੁਰੇ ਸਲੂਕ ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਸੰਸਦ ਮੈਂਬਰ ਅਤੇ ਦਲਿਤ ਨੇਤਾ ਉਦਿਤ ਰਾਜ, ਰਾਬਰਟਸਗੰਜ ਤੋਂ ਦਲਿਤ ਭਾਜਪਾ ਐੱਮ. ਪੀ. ਛੋਟੇ ਲਾਲ ਖਰਵਾਰ, ਇਟਾਵਾ ਦੇ ਸੰਸਦ ਮੈਂਬਰ ਅਸ਼ੋਕ ਕੁਮਾਰ ਦੋਹਿਰੇ, ਨਗੀਨਾ ਦੇ ਸੰਸਦ ਮੈਂਬਰ ਯਸ਼ਵੰਤ ਸਿੰਘ ਆਦਿ ਵਲੋਂ ਦਲਿਤ ਮੁੱਦੇ ’ਤੇ ਪਾਰਟੀ ਦੀ ਆਲੋਚਨਾ ਵਧਦੀ ਜਾ ਰਹੀ ਹੈ। 
ਇਹੋ ਨਹੀਂ, ਬਹਿਰਾਈਚ ਤੋਂ ਭਾਜਪਾ ਦੀ ਸੰਸਦ ਮੈਂਬਰ ਸਵਿੱਤਰੀ ਬਾਈ ਫੂਲੇ ਨੇ ਲਖਨਊ ’ਚ ‘ਰਾਖਵਾਂਕਰਨ ਬਚਾਓ’ ਮਹਾਰੈਲੀ ’ਚ ਫਰਵਰੀ ਵਿਚ ਭਾਜਪਾ ਨੂੰ ਦਲਿਤ ਵਿਰੋਧੀ ਦੱਸਿਆ ਅਤੇ ਕਿਹਾ, ‘‘ਦਲਿਤਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਮੈਂ ਕਿਸੇ ਵੀ ਹੱਦ ਤਕ ਜਾ ਸਕਦੀ ਹਾਂ। ਮੈਨੂੰ ਇਸ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ ਕਿ ਮੈਂ ਲੋਕ ਸਭਾ ਦੀ ਮੈਂਬਰ ਰਹਾਂਗੀ ਜਾਂ ਨਹੀਂ। ਕੇਂਦਰ ਅਤੇ ਸੂਬਾ ਸਰਕਾਰ ਦਲਿਤਾਂ  ਦੇ ਹੱਕਾਂ ਦਾ ਘਾਣ ਕਰ ਰਹੀਅਾਂ ਹਨ। ਦਲਿਤਾਂ ਲਈ ਰਾਖਵੇਂ ਸਰਕਾਰੀ ਅਹੁਦਿਅਾਂ ਨੂੰ ਭਰਿਆ ਨਹੀਂ ਜਾ ਰਿਹਾ।’’
ਫਿਰ ਉਨ੍ਹਾਂ ਨੇ ਲਖਨਊ ’ਚ 1 ਅਪ੍ਰੈਲ ਨੂੰ ‘ਹੁੰਕਾਰ ਰੈਲੀ’ ਵਿਚ ਬੋਲਦਿਅਾਂ ਸੰਵਿਧਾਨ ਦੀ ਸੁਰੱਖਿਆ ਲਈ ਮੁਹਿੰਮ ਚਲਾਉਣ ਅਤੇ ਅਨੁਸੂਚਿਤ ਜਾਤਾਂ ਤੇ ਜਨਜਾਤਾਂ ਲਈ ਰਾਖਵਾਂਕਰਨ ਬਹਾਲ ਰੱਖਣ ਲਈ ਮੁਹਿੰਮ  ਸ਼ੁਰੂ ਕੀਤੀ।
ਅਤੇ ਹੁਣ 6 ਦਸੰਬਰ ਨੂੰ ਸਵਿੱਤਰੀ ਬਾਈ ਫੂਲੇ ਨੇ ਦਲਿਤ ਸੰਸਦ ਮੈਂਬਰ ਹੋਣ ਕਾਰਨ ਪਾਰਟੀ ਵਲੋਂ ਉਨ੍ਹਾਂ ਨੂੰ ਅਹਿਮੀਅਤ ਨਾ ਦੇਣ ਦਾ ਦੋਸ਼ ਲਾਉਂਦਿਅਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਕਿਹਾ ਕਿ ਭਾਜਪਾ ਸਮਾਜ ’ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। 
ਉਨ੍ਹਾਂ ਭਾਜਪਾ ’ਤੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਤੋੜਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸਰਕਾਰ ਵੱਡੇ  ਪੱਧਰ ’ਤੇ ਨਿੱਜੀਕਰਨ ਨੂੰ ਸ਼ਹਿ ਦੇ ਕੇ ਅਨੁਸੂਚਿਤ ਜਾਤਾਂ/ਜਨਜਾਤਾਂ ਦੇ ਰਾਖਵੇਂਕਰਨ ਨੂੰ ਖੋਰਾ ਲਾ ਰਹੀ ਹੈ ਅਤੇ ਇਸ ਨੂੰ ਬੜੀ ਬਾਰੀਕੀ ਨਾਲ ਖਤਮ ਕਰਨ ਤੇ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਨੂੰ ਪਿੱਛੇ ਧੱਕਣ ਤੋਂ ਇਲਾਵਾ ਸੰਵਿਧਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਸੰਵਿਧਾਨ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਵਾ ਕੇ ਹੀ ਰਹੇਗੀ। ‘‘ਹੁਣ ਦੇਸ਼ ਨਾ ਤਾਂ ਭਗਵਾਨ ਦੇ ਨਾਂ ’ਤੇ ਅਤੇ ਨਾ ਹੀ ਮੰਦਰ ਦੇ ਨਾਂ ’ਤੇ ਚੱਲੇਗਾ। ਦੇਸ਼ ਚੱਲੇਗਾ ਤਾਂ ਭਾਰਤੀ ਸੰਵਿਧਾਨ ਦੇ ਨਾਂ ’ਤੇ ਹੀ। ਭਾਰਤੀ ਸੰਵਿਧਾਨ ਨੂੰ ਇਸ ਦੀ ਭਾਵਨਾ ਮੁਤਾਬਿਕ ਲਾਗੂ ਕੀਤਾ ਜਾਵੇ।’’
ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਦੀ ਮੈਂਬਰ ਵਜੋਂ ਆਪਣਾ ਕਾਰਜਕਾਲ ਪੂਰਾ ਕਰੇਗੀ ਅਤੇ ਜਦੋਂ ਤਕ ਜ਼ਿੰਦਾ ਰਹੇਗੀ, ਭਾਜਪਾ ’ਚ ਮੁੜ ਸ਼ਾਮਿਲ ਨਹੀਂ ਹੋਵੇਗੀ।
ਉਨ੍ਹਾਂ ਕਿਹਾ, ‘‘ਅੱਜ ਤੋਂ ਬਾਅਦ ਮੇਰਾ ਭਾਜਪਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੇਸ਼ ਦੇ ਚੌਕੀਦਾਰ ਦੀ ਪਹਿਰੇਦਾਰੀ ’ਚ ਸੋਮਿਅਾਂ ਦੀ ਚੋਰੀ ਕਰਵਾਈ ਜਾ ਰਹੀ ਹੈ। ਲੋਕਾਂ ਨੂੰ 15 ਲੱਖ ਰੁਪਏ ਨਹੀਂ ਮਿਲੇ, ਜਿਵੇਂ ਕਿ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ।’’
‘‘ਪਰ ਸਰਕਾਰ ਬੁੱਤਾਂ ਤੇ ਮੰਦਰਾਂ ਦੇ ਨਿਰਮਾਣ ’ਤੇ ਭਾਰੀ ਧਨ ਖਰਚ ਕਰ ਰਹੀ ਹੈ। ਇਹ ਹਿੰਦੂ-ਮੁਸਲਿਮ ਅਤੇ ਭਾਰਤ-ਪਾਕਿ ਮੁੱਦੇ ਉਠਾ ਕੇ ਨਫਰਤ ਫੈਲਾ ਰਹੀ ਹੈ ਤੇ ਸਾਡਾ ਧਨ ਲੈ ਕੇ ਵਿਦੇਸ਼ ਭੱਜੇ ਲੋਕਾਂ ਨੂੰ ਭਾਰਤ ਲਿਆਉਣ ਲਈ ਕੁਝ ਨਹੀਂ ਕਰ ਰਹੀ।’’
‘‘ਭਾਜਪਾ ਦੇ ਮੰਤਰੀ ਸੰਵਿਧਾਨ ਦੀ ਭਾਵਨਾ ਦੇ ਉਲਟ ਬਿਆਨ ਦੇ ਰਹੇ ਹਨ। 1992 ਵਰਗੀ ਹਾਲਤ ਪੈਦਾ ਕਰ ਕੇ ਦਲਿਤਾਂ ਅਤੇ ਮੁਸਲਮਾਨਾਂ ਦੀਅਾਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਭਾਜਪਾ ਫੁੱਟਪਾਊ ਸਿਆਸਤ ਕਰ ਕੇ ਦੇਸ਼ ਦਾ ਫਿਰਕੂ ਮਾਹੌਲ ਜ਼ਹਿਰੀਲਾ ਬਣਾ ਰਹੀ ਹੈ।’’
ਉਨ੍ਹਾਂ ਨੇ 23 ਦਸੰਬਰ ਨੂੰ ਲਖਨਊ ਦੇ ਰਮਾਬਾਈ ਮੈਦਾਨ ’ਚ ਦਲਿਤਾਂ ਦੇ ਹਿੱਤ ਅੱਗੇ ਵਧਾਉਣ ਲਈ ‘ਮਹਾਰੈਲੀ’ ਕਰਨ ਦਾ ਖੁਲਾਸਾ ਕਰਦਿਅਾਂ ਕਿਹਾ ਕਿ ਇਸ ਮਹਾਰੈਲੀ ’ਚ ਉਹ ਇਕ ‘ਵਿਸਫੋਟਕ’ ਐਲਾਨ ਕਰੇਗੀ। 
ਇਸ ਸਮੇਂ ਜਿੱਥੇ ਭਾਜਪਾ ਲੀਡਰਸ਼ਿਪ ਵੱਖ-ਵੱਖ ਮੁੱਦਿਅਾਂ ਨੂੰ ਲੈ ਕੇ ਵਿਰੋਧੀ ਪਾਰਟੀਅਾਂ ਦੇ ਨਿਸ਼ਾਨੇ ’ਤੇ ਆਈ ਹੋਈ ਹੈ, ਉਥੇ ਹੀ ਦਲਿਤਾਂ ਤੇ ਘੱਟਗਿਣਤੀਅਾਂ ਦੇ ਸਵਾਲ ’ਤੇ ਭਾਜਪਾ ਲੀਡਰਸ਼ਿਪ ’ਤੇ ਇਸ ਦੇ ਆਪਣੇ ਹੀ ਉਂਗਲ ਉਠਾ ਰਹੇ ਹਨ। 
ਭਾਜਪਾ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਹੈ ਕਿ ਹੁਣ ਜਦੋਂ 2019 ਦੀਅਾਂ ਚੋਣਾਂ ਸਿਰ ’ਤੇ ਹਨ, ਇਸ ਦੇ ਸਾਥੀ ਇਸ ਤੋਂ ਮੂੰਹ ਕਿਉਂ ਮੋੜ ਰਹੇ ਹਨ? ਜਿਹੜੇ ਲੋਕਾਂ ਨੇ ਪਾਰਟੀ ਲਈ ਤਿਆਗ ਕੀਤੇ ਹਨ ਅਤੇ ਇਸ ਨੂੰ ਆਪਣਾ ਜੀਵਨ ਦਿੱਤਾ ਹੈ, ਕੀ ਉਨ੍ਹਾਂ ਨਾਲ ਗੱਲਬਾਤ ਕਰ ਕੇ ਅਤੇ ਉਨ੍ਹਾਂ ਦੀਅਾਂ ਸ਼ਿਕਾਇਤਾਂ ਦੂਰ ਕਰ ਕੇ ਉਨ੍ਹਾਂ ਨੂੰ ਮੁੜ ਆਪਣੇ ਨਾਲ ਨਹੀਂ ਜੋੜਿਆ ਜਾ ਸਕਦਾ? ਇਸ ਸਬੰਧ ’ਚ ਪੈਦਾ ਹੋਏ ਭਰਮ ਦੂਰ ਕਰਨ ਲਈ ਭਾਜਪਾ ਲੀਡਰਸ਼ਿਪ ਜਿੰਨੀ ਛੇਤੀ ਕਦਮ ਚੁੱਕੇਗੀ, ਓਨਾ ਹੀ ਭਾਜਪਾ ਅਤੇ ਉਨ੍ਹਾਂ ਲਈ ਚੰਗਾ ਹੋਵੇਗਾ, ਨਹੀਂ ਤਾਂ ਇਸੇ ਤਰ੍ਹਾਂ ਇਸ ਦੇ ਸਾਥੀ ਇਸ ਤੋਂ ਕਿਨਾਰਾ ਕਰਦੇ ਜਾਣਗੇ। 
–ਵਿਜੇ ਕੁਮਾਰ

  • Swati Bai
  • BJP
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ