ਝੋਨੇ ਦੀ ਫ਼ਸਲ ’ਤੇ ‘ਪੱਤਾ ਲਪੇਟ’ ਸੁੰਡੀ ਦਾ ਹਮਲਾ, ਕਿਸਾਨ ਪ੍ਰੇਸ਼ਾਨ

ਮਾਲਵਾ ਖਿੱਤੇ ਦੇ ਕਿਸਾਨਾਂ ਦੀ ਸਾਉਣ ਦੀ ਮੁੱਖ ਫ਼ਸਲ ਝੋਨੇ ’ਤੇ ਹੋਏ ‘ਪੱਤਾ ਲਪੇਟ’ ਸੁੰਡੀ ਦੇ ਹਮਲੇ ਤੋਂ ਕਿਸਾਨਾਂ ਦੇ ਚਿਹਰਿਆਂ ’ਤੇ ਪ੍ਰੇਸ਼ਾਨੀ ਦਾ ਆਲਮ ਦਿਖਾਈ ਦੇ ਰਿਹਾ ਹੈ। ਪਿਛਲੇ 15 ਦਿਨਾਂ ਤੋਂ ਸ਼ੁਰੂ ਹੋਏ ਇਸ ਬੀਮਾਰੀ ਦੇ ਹਮਲੇ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਕਿਸਾਨ

ਮੋਗਾ, (ਗੋਪੀ ਰਾਊਕੇ)-ਮਾਲਵਾ ਖਿੱਤੇ ਦੇ ਕਿਸਾਨਾਂ ਦੀ ਸਾਉਣ ਦੀ ਮੁੱਖ ਫ਼ਸਲ ਝੋਨੇ ’ਤੇ ਹੋਏ ‘ਪੱਤਾ ਲਪੇਟ’ ਸੁੰਡੀ ਦੇ ਹਮਲੇ ਤੋਂ ਕਿਸਾਨਾਂ ਦੇ ਚਿਹਰਿਆਂ ’ਤੇ ਪ੍ਰੇਸ਼ਾਨੀ ਦਾ ਆਲਮ ਦਿਖਾਈ ਦੇ ਰਿਹਾ ਹੈ। ਪਿਛਲੇ 15 ਦਿਨਾਂ ਤੋਂ ਸ਼ੁਰੂ ਹੋਏ ਇਸ ਬੀਮਾਰੀ ਦੇ ਹਮਲੇ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਕਿਸਾਨ ਵਰਗ ਵੱਲੋਂ ‘ਦੇਖਾ-ਦੇਖੀ’ ਮਹਿੰਗੇ ਭਾਅ ਦੀਆਂ ਕੀਟਨਾਸ਼ਕ ਦਵਾਈਆਂ ਦਾ ਛਿਡ਼ਕਾਅ ਤਾਂ ਕੀਤਾ ਜਾ ਰਿਹਾ ਹੈ ਪਰ ਹਾਲ ਦੀ ਘਡ਼ੀ ਬੀਮਾਰੀ ਦਾ ਹਮਲਾ ਘਟਣ ਦੀ ਬਜਾਏ ਵੱਧਦਾ  ਹੀ ਜਾ ਰਿਹਾ ਹੈ, ਜਿਸ ਕਰ ਕੇ ਕਿਸਾਨ ਵਰਗ ਨੂੰ ਇਹ ਖ਼ਦਸ਼ਾ ਸਤਾ ਰਿਹਾ  ਹੈ  ਕਿ ਫ਼ਸਲ ਦਾ ਝਾਡ਼ ਘਟੇਗਾ। ਦੂਜੇ ਪਾਸੇ ਕਿਸਾਨਾਂ ਦਾ ਦੋਸ਼ ਹੈ ਕਿ ਖ਼ੇਤੀਬਾਡ਼ੀ ਵਿਭਾਗ ਅੌਖੇ ਵੇਲੇ ਕਿਸਾਨਾਂ ਨੂੰ ਸਮੇਂ ਸਿਰ ਜਾਗਰੂਕ ਨਹੀਂ ਕਰਦਾ, ਜਿਸ ਕਰ ਕੇ ਕਿਸਾਨਾਂ ਨੂੰ ਆਪਣੇ ਪੱਧਰ ’ਤੇ ਹੀ ਕੀਟਨਾਸ਼ਕਾਂ ਦਾ ਛਿਡ਼ਕਾਅ ਕਰਨਾ ਪੈਂਦਾ ਹੈ। ‘ਜਗ ਬਾਣੀ’ ਵੱਲੋਂ ਹਾਸਲ ਕੀਤੇ  ਗਏ ਵੇਰਵਿਆਂ ਅਨੁਸਾਰ ਪਿਛਲੇ ਦਿਨਾਂ ਵਿਚ ਮੌਸਮ ਜ਼ਿਆਦਾ ਸਿੱਲ੍ਹਾ ਤੇ ਗਰਮ ਰਹਿਣ ਨਾਲ ਇਸ ਵਾਰ ਪੱਤਾ ਲਪੇਟ ਸੁੰਡੀ ਦਾ ਹਮਲਾ ਪਹਿਲਾਂ ਨਾਲੋਂ ਅਗੇਤਾ ਹੋ ਗਿਆ ਹੈ।  ਕਿਸਾਨ ਦੱਸਦੇ ਹਨ ਕਿ ਇਸ  ਵਾਰ ਪਹਿਲਾਂ ਪੱਤਾ ਲਪੇਟ ਸੁੰਡੀ ਦੇ ਹਮਲੇ ਕਰ ਕੇ ਕਿਸਾਨਾਂ ਨੂੰ ਦੋ ਜਾ ਤਿੰਨ ਕੀਟਨਾਸ਼ਕ ਦਵਾਈਆਂ ਦਾ ਛਿਡ਼ਕਾਅ ਇਸ ਬੀਮਾਰੀ ਦੇ ਹਮਲੇ ਤੋਂ ਫ਼ਸਲ ਬਚਾਉਣ ਲਈ ਕਰਨਾ ਪੈ ਰਿਹਾ ਹੈ, ਜਿਸ ਕਰ ਕੇ ਕਿਸਾਨਾਂ ਨੂੰ ਵੱਡਾ ਆਰਥਿਕ ‘ਰਗਡ਼ਾ’ ਲੱਗ ਸਕਦਾ ਹੈ। ਪਿੰਡ ਭਿੰਡਰ ਕਲਾਂ ਦੇ ਕਿਸਾਨ ਗੁਰਭਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਇਸ ਵਾਰ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਸਭ ਹੱਦਾਂ-ਬੰਨ੍ਹੇ ਟੱਪ ਗਿਆ ਹੈ।  ਪਿੰਡ ਡਾਲਾ ਨੇਡ਼ੇ ਆਪਣੀ ਫ਼ਸਲ ’ਤੇ ਕੀਟਨਾਸ਼ਕਾਂ ਦਾ ਛਿਡ਼ਕਾਅ ਕਰਵਾ ਰਹੇ ਕਿਸਾਨ ਸੁਰਜੀਤ ਸਿੰਘ ਦਾ ਦੱਸਣਾ ਸੀ ਕਿ ਇਸ ਦਫ਼ਾ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਕੇਂਦਰ ਵੱਲੋਂ ਝੋਨੇ ਦੇ ਸਮਰਥਨ ਮੁੱਲ ਵਿਚ ਵਾਧਾ ਕਰਨ ਨਾਲ ਕਿਸਾਨਾਂ ਨੂੰ ਇਸ ਵਾਰ ਇਹ ਆਸ ਸੀ ਕਿ ਫ਼ਸਲ ਦਾ ਮਿਲਣ ਵਾਲਾ ਚੰਗਾ ਮੁੱਲ ਕਿਸਾਨਾਂ ਦੇ ‘ਵਾਰੇ-ਨਿਆਰੇ’ ਕਰ ਦੇਵੇਗਾ ਪਰ ਹੁਣ ਜਿਸ ਤਰ੍ਹਾਂ ਝੋਨੇ ਦੀ ਫ਼ਸਲ ’ਤੇ ਬੀਮਾਰੀਆਂ ਦੇ ਹਮਲੇ ਹੋ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਝੋਨੇ ਦਾ ਝਾਡ਼ ਘਟਣ ਕਰ ਕੇ ਕਿਸਾਨਾਂ ਦੇ ਪੱਲੇ ਪਿਛਲੇ ਸਾਲ ਜਿੰਨਾ ਮੁਨਾਫ਼ਾ ਹੀ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਕਿਸਾਨਾਂ ਨੂੰ ਇਸ ਸਬੰਧੀ ਅਗਾਊਂ ਸੁਚੇਤ ਕਰੇ। 
1.70 ਲੱਖ ਹੈਕਟੇਅਰ ਰਕਬਾ ਬੀਮਾਰੀ ਦੀ ਲਪੇਟ ’ਚ
 ਇਸ ਸਬੰਧੀ ਹਾਸਲ ਕੀਤੀ ਜਾਣਕਾਰੀ ਅਨੁਸਾਰ ਮੋਗਾ ਜ਼ਿਲੇ ਦਾ ਸਾਰਾ 1.70 ਲੱਖ ਦੇ ਲਗਭਗ ਹੈਕਟੇਅਰ ਰਕਬਾ ਇਸ ਬੀਮਾਰੀ ਦੀ ਲਪੇਟ ਵਿਚ ਹੈ। ਜ਼ਿਲੇ ਦੀਆਂ ਸਾਰੀਆਂ ਬਲਾਕਾਂ ਅਧੀਨ ਪੈਂਦੇ ਪਿੰਡਾਂ ’ਚ ਇਸ ਬੀਮਾਰੀ ਦਾ ਹਮਲਾ ਇਕੋ ਜਿਹਾ ਹੀ ਦਿਖਾਈ ਦੇ ਰਿਹਾ ਹੈ ਅਤੇ ਕੋਈ ਵੀ ਇਲਾਕਾ ਅਜਿਹਾ ਨਹੀਂ ਹੈ ਜਿਥੇ ਇਸ ਬੀਮਾਰੀ ਦਾ ਹਮਲਾ ਦੇਖਣ ਨੂੰ ਨਾ ਮਿਲਦਾ ਹੋਵੇ। 
ਵਿਭਾਗ ਨੇ ਮੰਨਿਆ ਝੋਨੇ ’ਤੇ ਹੈ ਪੱਤਾ ਲਪੇਟ ਸੁੰਡੀ ਦਾ ਹਮਲਾ
 ਇਸ ਮਾਮਲੇ ਸਬੰਧੀ ਸੰਪਰਕ ਕਰਨ ’ਤੇ  ਜ਼ਿਲੇ ਦੇ ਮੁੱਖ ਖ਼ੇਤੀਬਾਡ਼ੀ ਅਫ਼ਸਰ ਡਾ. ਪਰਮਜੀਤ ਸਿੰਘ ਬਰਾਡ਼ ਨੇ ਮੰਨਿਆ ਕਿ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਹੈ। ਉਨ੍ਹਾਂ ਕਿਹਾ ਕਿ ਮੌਸਮ ਸਿੱਲ੍ਹਾ ਹੋਣ ਕਰ ਕੇ ਇਸ ਬੀਮਾਰੀ ਦਾ ਹਮਲਾ ਹੋ ਜਾਂਦਾ ਹੈ। ਵਿਭਾਗ ਵੱਲੋਂ ਇਸ ਬੀਮਾਰੀ ਦੇ ਹਮਲੇ ਤੋਂ ਫ਼ਸਲਾਂ ਨੂੰ ਬਚਾਉਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਵਿਭਾਗ ਇਸ ਸਬੰਧੀ ਜਲਦੀ ਹੀ ਖ਼ੇਤਾਂ ’ਚ ਜਾ ਕੇ ਨਿਰੀਖਣ ਵੀ ਕਰੇਗਾ।
 

    ਫ਼ਸਲ, ਪ੍ਰੇਸ਼ਾਨ, crop Attack
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ