ਮਹਾਰਾਣਾ ਪ੍ਰਤਾਪ ਦੀ ਕੁਰਬਾਨੀ ਦਾ ਸੰਦੇਸ਼ ਅੱਜ ਵੀ ਪ੍ਰਸੰਗਕ : ਬਦਨੌਰ

ਆਪਣੇ ਸਾਮਰਾਜ ਦੀ ਆਜ਼ਾਦੀ ਨੂੰ ਬਚਾਉਣ ਹਿੱਤ ਮਹਾਰਾਣਾ ਪ੍ਰਤਾਪ ਵਲੋਂ ਦਿੱਤਾ ਬਹਾਦਰੀ ਭਰੀ ਕੁਰਬਾਨੀ ਦਾ ਸੰਦੇਸ਼.....

ਚੰਡੀਗੜ੍ਹ (ਭੁੱਲਰ)- ਆਪਣੇ ਸਾਮਰਾਜ ਦੀ ਆਜ਼ਾਦੀ ਨੂੰ ਬਚਾਉਣ ਹਿੱਤ ਮਹਾਰਾਣਾ ਪ੍ਰਤਾਪ ਵਲੋਂ ਦਿੱਤਾ ਬਹਾਦਰੀ ਭਰੀ ਕੁਰਬਾਨੀ ਦਾ ਸੰਦੇਸ਼ ਅੱਜ ਵੀ ਪ੍ਰਸੰਗਿਕ ਹੈ ਤੇ ਸਾਨੂੰ ਇਨ੍ਹਾਂ ਵੀਰ ਗਾਥਾਵਾਂ ਤੋਂ ਸਬਕ ਲੈਣ ਦੀ ਲੋਡ਼ ਹੈ। ਇਹ ਪ੍ਰਗਟਾਵਾ ਚੰਡੀਗਡ਼੍ਹ ਲੇਕ ਕਲੱਬ ਵਿਖੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਗੁਰੀਲਾ ਕੰਪੇਨ ਆਫ ਮਹਾਰਾਣਾ ਪ੍ਰਤਾਪ ਸਿੰਘ ਨਾਂ ਦੇ ਵਿਸ਼ੇ ’ਤੇ ਕਰਵਾਈ ਇਕ ਵਿਚਾਰ-ਚਰਚਾ ਵਿਚ ਭਾਗ ਲੈਂਦਿਆਂ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵਲੋਂ ਕੀਤਾ ਗਿਆ। ਵਿਚਾਰ-ਚਰਚਾ ਤੋਂ ਪਹਿਲਾਂ ਰਾਜਪਾਲ ਨੇ ਰੀਮਾ ਹੂਜਾ ਵਲੋਂ ਲਿਖੀ ਕਿਤਾਬ ‘ਦਿ ਇਨਵਿਜ਼ੀਬਲ ਵਾਰੀਅਰ’ ਵੀ ਰਿਲੀਜ਼ ਕੀਤੀ । ਇਸ ਮੌਕੇ ਮੇਜਰ ਜਨਰਲ ਰਣਧੀਰ ਸਿੰਘ (ਸੇਵਾ ਮੁਕਤ) ਤੇ ਰਾਜਸਥਾਨ ਯੂਨੀਵਰਸਿਟੀ ਦੇ ਇਤਿਹਾਸ ਤੇ ਭਾਰਤੀ ਸੱਭਿਆਚਾਰ ਵਿਭਾਗ ਵਿਚ ਇਤਿਹਾਸ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਭਿਮਨਿਊ ਵੀ ਪੈਨਲਿਸਟਾਂ ਵਿਚ ਹਾਜ਼ਰ ਸਨ। ਬਦਨੌਰ ਜੋ ਖੁਦ ਰਾਜਸਥਾਨ ਦੇ ਜੰਮਪਲ ਹਨ, ਨੇ ਮੇਵਾਡ਼ ਦੇ ਮਹਾਨ ਰਾਜਪੂਤ ਸ਼ਾਸਕ ਪ੍ਰਤਾਪ ਸਿੰਘ, ਜੋ ਮਹਾਰਾਣਾ ਪ੍ਰਤਾਪ ਦੇ ਨਾਂ ਨਾਲ ਮਸ਼ਹੂਰ ਹੈ, ਦੀ ਜ਼ਿੰਦਗੀ ਸਬੰਧੀ ਚਾਨਣਾ ਪਾਇਆ। ਰਾਜਪਾਲ ਨੇ ਸਰੋਤਿਆਂ ਨੂੰ ਛਾਪੇਮਾਰ ਜਾਂ ਗੁਰੀਲਾ ਯੁੱਧ ਕਲਾ ਸਬੰਧੀ ਜਾਣਕਾਰੀ ਵੀ ਦਿੱਤੀ, ਜਿਸ ਕਲਾ ਸਦਕਾ ਮੇਵਾਡ਼ ਮੁਗ਼ਲਾਂ ਦੀ ਪਕਡ਼ ਢਿੱਲੀ ਕਰਨ ਵਿਚ ਸਫਲ ਰਿਹਾ ਸੀ। ਇਹ ਕਲਾ ਇਸ ਕਰਕੇ ਕਾਮਯਾਬ ਰਹੀ ਕਿਉਂਕਿ ਮੇਵਾਡ਼ੀਆਂ ਨੂੰ ਆਪਣੇ ਇਲਾਕੇ ਦੀ ਪੂਰੀ ਭੂਗੋਲਿਕ ਜਾਣਕਾਰੀ ਸੀ ਅਤੇ ਇਹ ਹੀ ਮੇਵਾਡ਼ੀਆਂ ਦਾ ਮੁਗ਼ਲਾਂ ’ਤੇ ਭਾਰੂ ਰਹਿਣ ਦਾ ਮੁੱਖ ਕਾਰਨ ਰਿਹਾ। ਇਸ ਮੌਕੇ ਡਾ. ਅਭਿਮਨਿਊ ਸਿੰਘ ਨੇ ਦੱਸਿਆ ਕਿ ਮਹਾਰਾਣਾ ਪ੍ਰਤਾਪ ਨੇ ਜ਼ਿੱਲਤ ਦੀ ਜ਼ਿੰਦਗੀ ਨਾਲੋਂ ਸ਼ਾਨ ਦੀ ਮੌਤ ਕਬੂਲਣਾ ਸਹੀ ਸਮਝਿਆ। ਉਹ ਅਕਬਰ ਦੀ ਗੁਜਰਾਤ ਵਿਚੋਂ ਮੇਵਾਡ਼ ਰਾਹੀਂ ਇਕ ਸੁਰੱਖਿਅਤ ਰਸਤਾ ਲੈਣ ਦੀ ਮੰਗ ਅੱਗੇ ਨਹੀਂ ਝੁਕਿਆ। ਉਨ੍ਹਾਂ ਦੱਸਿਆ ਕਿ ਉਸ ਦੇ ਰਾਜਾ ਬਣਨ ਤੋਂ ਪਹਿਲਾਂ ਮੁਗਲਾਂ ਵਲੋਂ ਘੇਰਾ ਪਾਉਣ ਕਰਕੇ ਮੇਵਾਡ਼ ਦੇ ਪੂਰਬੀ ਖੇਤਰ ਦੀ ਉਪਜਾਊ ਜ਼ਮੀਨ ਮੁਗਲਾਂ ਦੇ ਕਬਜ਼ੇ ਵਿਚ ਚਲੀ ਗਈ ਸੀ। ਮਹਾਰਾਣਾ ਪ੍ਰਤਾਪ ਨੇ ਮੁਗਲਾਂ ਨੂੰ ਆਪਣੀ ਮਾਂ ਭੂਮੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸਦੇ ਸਿੱਟੇ ਵਜੋਂ 1576 ਵਿਚ ਮਹਾਰਾਣਾ ਅਤੇ ਅਕਬਰ ਦੀਆਂ ਫੌਜਾਂ ਵਿਚਕਾਰ ਹਲਦੀਘਾਟੀ ਦੀ ਜੰਗ ਹੋਈ ਜਿਸ ਤੋਂ ਬਾਅਦ ਮੇਵਾਡ਼ ਨੇ ਲਗਾਤਾਰ ਮੁਗਲਾਂ ਵਿਰੁੱਧ ਗੁਰੀਲਾ ਜੰਗ ਛੇਡ਼ੀ ਰੱਖੀ, ਕਿਉਂਕਿ ਮੁਗਲ ਮਹਾਰਾਣਾ ਨੂੰ ਕਾਬੂ ਕਰਨ ਵਿਚ ਅਸਫ਼ਲ ਰਹੇ ਸਨ।

  • sacrifice
  • Maharana Pratap
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ