ਕੌਮੀ ਲੋਕ ਅਦਾਲਤ ’ਚ 852 ਕੇਸਾਂ ਦਾ ਨਿਪਟਾਰਾ

ਜ਼ਿਲਾ ਮੋਹਾਲੀ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ ਦੌਰਾਨ ਜ਼ਿਲਾ ਮੋਹਾਲੀ ਵਿਚ ਕੁੱਲ 24 ਬੈਂਚ ਸਥਾਪਤ ਕੀਤੇ.....

ਚੰਡੀਗੜ੍ਹ (ਕੁਲਦੀਪ)- ਜ਼ਿਲਾ ਮੋਹਾਲੀ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ ਦੌਰਾਨ ਜ਼ਿਲਾ ਮੋਹਾਲੀ ਵਿਚ ਕੁੱਲ 24 ਬੈਂਚ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਵਿਚ ਕੁੱਲ 3146 ਕੇਸ ਲਗਾਏ ਗਏ ਸਨ ਤੇ 852 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕਰ ਦਿੱਤਾ ਗਿਆ, ਜਿਨ੍ਹਾਂ ਵਿਚ 6358741308 ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਇਸ ਦੌਰਾਨ ਇਕ ਅਜਿਹਾ ਕੇਸ ਸਾਹਮਣੇ ਆਇਆ ਜਿਸ ਵਿਚ ਦੋ ਸਕੀਆਂ ਭੈਣਾਂ ਦੋ ਸਕੇ ਭਰਾਵਾਂ ਨਾਲ ਵਿਆਹੀਆਂ ਸਨ ਤੇ ਘਰੇਲੂ ਝਗਡ਼ੇ ਕਰਕੇ ਭਰਾਵਾਂ ਨੇ ਤਲਾਕ ਦਾ ਕੇਸ ਪਾਇਆ ਹੋਇਆ ਸੀ। ਕੌਮੀ ਲੋਕ ਅਦਾਲਤ ਦੌਰਾਨ ਅਰਚਨਾ ਪੁਰੀ ਜ਼ਿਲਾ ਅਤੇ ਸੈਸ਼ਨ ਜੱਜ ਦੀਆਂ ਕੋਸ਼ਿਸ਼ਾਂ ਨਾਲ ਇਹ ਮਸਲੇ ਸੁਲਝਾਏ ਗਏ ਤੇ ਦੋਵੇਂ ਭੈਣਾਂ ਕਚਹਿਰੀ ਕੰਪਲੈਕਸ ਵਿਚੋਂ ਆਪਣੇ ਪਤੀਆਂ ਨਾਲ ਸਹੁਰੇ ਘਰ ਗਈਆਂ। ਇਨ੍ਹਾਂ ਵਿਚੋਂ ਇਕ ਜੋਡ਼ਾ 2004 ਵਿਚ ਵਿਆਹਿਆ ਗਿਆ ਸੀ, ਜਿਸ ਦੀਆਂ ਦੋ ਬੇਟੀਆਂ ਤੇ ਇਕ ਜੋਡ਼ਾ 2007 ਵਿਚ ਵਿਆਹਿਆ ਗਿਆ ਸੀ, ਜਿਸ ਦੇ ਦੋ ਬੇਟੇ ਹਨ ਤੇ ਕਾਫੀ ਸਮੇਂ ਤੋਂ ਇਨ੍ਹਾਂ ਦੇ ਲਡ਼ਾਈ-ਝਗਡ਼ੇ ਚੱਲ ਰਹੇ ਸਨ, ਜੋ ਕਿ ਲੋਕ ਅਦਾਲਤ ਵਿਚ ਸੁਲਝਾਏ ਗਏ। ਇਸ ਦੌਰਾਨ ਇਕ ਹੋਰ ਅਜਿਹਾ ਕੇਸ ਸੁਲਝਾਇਆ ਗਿਆ ਜਿਸ ਵਿਚ ਵਿਆਹੇ ਜੋਡ਼ੇ ਦੀਆਂ ਦੋ ਬੱਚੀਆਂ ਸਨ, ਜਿਨ੍ਹਾਂ ਵਿਚ ਇਕ ਬਾਲਗ ਅਤੇ ਇਕ ਨਾਬਾਲਗ ਸੀ। ਕਾਫੀ ਸਮੇਂ ਤੋਂ ਚੱਲ ਰਹੇ ਝਗਡ਼ੇ ਦਾ ਉਸ ਵੇਲੇ ਨਿਪਟਾਰਾ ਕਰਵਾਇਆ ਗਿਆ ਜਦੋਂ ਪਿਤਾ ਆਪਣੀਆਂ ਦੋਵਾਂ ਬੱਚੀਆਂ ਦੇ ਨਾਂ 11-11 ਲੱਖ ਰੁਪਏ ਦੀ ਐੱਫ. ਡੀਜ਼ ਕਰਵਾਉਣ ਲਈ ਤਿਆਰ ਹੋ ਗਿਆ ਤੇ ਦੋਵਾਂ ਪਾਰਟੀਆਂ ਦੀ ਰਜ਼ਾਮੰਦੀ ਨਾਲ ਕੇਸ ਦਾ ਨਿਪਟਾਰਾ ਕੀਤਾ ਗਿਆ। ਮੈਟਰੀਮੋਨੀਅਲ ਕੇਸਾਂ ਤੋਂ ਇਲਾਵਾ ਮੋਨਿਕਾ ਗੋਇਲ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਦੀ ਅਦਾਲਤ ਵਲੋਂ ਲੈਂਡ ਐਕਿਊਜ਼ੀਸ਼ਨ ਐਕਟ ਅਧੀਨ 230 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਮਾਣਯੋਗ ਹਾਈ ਕੋਰਟ ਵਲੋਂ 8 ਦਸੰਬਰ ਨੂੰ ਕੰਮ ਵਾਲਾ ਦਿਨ ਐਲਾਨਿਅਾ ਗਿਆ ਸੀ, ਇਸ ਲਈ ਜ਼ਿਲਾ ਪੱਧਰ ’ਤੇ ਕੰਮ ਕਰਨ ਵਾਲੇ ਸਾਰੇ ਜੁਡੀਸ਼ੀਅਲ ਅਧਿਕਾਰੀਆਂ ਦੀਆਂ ਕੋਰਟਾਂ ਵਿਚ ਲੋਕ ਅਦਾਲਤਾਂ ਦੇ ਬੈਂਚ ਸਥਾਪਤ ਕੀਤੇ ਗਏ ਸਨ। ਇਸ ਮੌਕੇ ਆਮ ਜਨਤਾ ਨੂੰ ਲੋਕ ਅਦਾਲਤਾਂ ਦੇ ਫਾਇਦਿਆਂ ਬਾਰੇ ਦੱਸਿਆ ਗਿਆ ਕਿ ਕੇਸਾਂ ਵਿਚ ਲੱਗੀ ਹੋਈ ਕੋਰਟ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ ਤੇ ਇਨ੍ਹਾਂ ਕੇਸਾਂ ਦੇ ਫੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ।

  • National Lok Adalat
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ