ਖਹਿਰਾ ਅਤੇ ਬ੍ਰਹਮਪੁਰਾ 'ਸਿਆਸੀ ਗੱਲਵਕੜੀ' ਪਾਉਣ ਲਈ ਤਿਆਰ (ਵੀਡੀਓ)

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ...

ਅੰਮ੍ਰਿਤਸਰ (ਛੀਨਾ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਦੇ ਸੱਦੇ ਉਪਰੰਤ ਅੱਜ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਿਵਾਸ 'ਤੇ ਪੁੱਜੇ। ਉਨ੍ਹਾਂ ਨੇ ਨਾ ਸਿਰਫ ਉਨ੍ਹਾਂ ਨੂੰ ਪਾਰਟੀ ਦੇ ਗਠਜੋੜ ਦਾ ਸੱਦਾ ਦਿੱਤਾ ਸਗੋਂ ਬ੍ਰਹਮਪੁਰਾ ਜ਼ਰੀਏ 'ਆਪ' ਨਾਲ ਗਠਜੋੜ ਦੀ ਵੀ ਇੱਛਾ ਜਤਾਈ।  

ਬ੍ਰਹਮਪੁਰਾ ਦੇ ਨਿਵਾਸ 'ਤੇ ਖਹਿਰਾ ਨੇ ਉਨ੍ਹਾਂ ਨਾਲ ਬੰਦ ਕਮਰੇ 'ਚ ਮੀਟਿੰਗ ਕੀਤੀ ਤੇ ਲੋਕ ਸਭਾ ਚੋਣਾਂ 2019 ਲਈ ਗਠਜੋੜ ਦਾ ਸੱਦਾ ਦਿੱਤਾ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਪੰਜਾਬ ਤੇ ਐੱਸ. ਜੀ. ਪੀ. ਸੀ. ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਨਿਜਾਤ ਦਿਵਾਉਣ ਵਾਲੀ ਹਰ ਪਾਰਟੀ ਨਾਲ ਉਹ ਗਠਜੋੜ ਲਈ ਤਿਆਰ ਹਨ। ਉਨ੍ਹਾਂ ਪਿਛਲੇ ਦਿਨੀਂ ਭਗਵੰਤ ਮਾਨ ਵਲੋਂ ਬ੍ਰਹਮਪੁਰਾ ਨਾਲ ਮੀਟਿੰਗ ਬਾਰੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਨਾਲ ਗਠਜੋੜ ਨਹੀਂ ਕਰ ਰਹੀ ਤਾਂ ਉਹ ਉਸ ਨੂੰ ਵੀ ਮਹਾਗਠਜੋੜ ਵਿਚ ਸ਼ਾਮਲ ਕਰਨ ਲਈ ਤਿਆਰ ਹਨ। ਇਸ ਦੇ ਲਈ ਉਨ੍ਹਾਂ ਨੇ ਬ੍ਰਹਮਪੁਰਾ ਨੂੰ ਕਿਹਾ ਹੈ ਅਤੇ ਚਾਹੇ ਉਨ੍ਹਾਂ ਦੇ 'ਆਪ' ਨਾਲ ਮਤਭੇਦ ਹਨ, ਇਸ ਦੇ ਬਾਵਜੂਦ ਉਹ ਪੰਜਾਬ ਦੇ ਹਿੱਤ ਲਈ ਉਨ੍ਹਾਂ ਨਾਲ ਇਕ ਰੰਗਮੰਚ 'ਤੇ ਆਉਣ ਨੂੰ ਤਿਆਰ ਹਨ।  ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਨਾਲ ਉਨ੍ਹਾਂ ਦੇ ਲੰਬੇ ਸਮੇਂ ਤੋਂ ਪਰਿਵਾਰਕ ਸਬੰਧ ਹਨ ਤੇ ਹੁਣ ਗਠਜੋੜ ਨਾਲ ਇਹ ਹੋਰ ਵੀ ਮਜ਼ਬੂਤ ਹੋਣਗੇ। 

ਰਣਜੀਤ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਪਾਖੰਡੀ ਸਾਧ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਵਲੋਂ ਸਜ਼ਾ ਦਿੱਤੀ ਗਈ, ਇਸੇ ਤਰ੍ਹਾਂ ਹੁਣ ਬਾਦਲ ਪਰਿਵਾਰ ਨੂੰ ਵੀ ਪੰਜਾਬ ਦੇ ਲੋਕ ਆਪਣੀ ਕਚਹਿਰੀ 'ਚ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਦੇ ਕੇ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਾਜ ਵਿਚ ਤੀਸਰੇ ਵਿਕਲਪ ਦੇ ਇੰਤਜ਼ਾਰ ਵਿਚ ਹਨ ਤੇ ਇਹ ਉਦੋਂ ਹੋਵੇਗਾ ਜਦੋਂ ਹਮਖਿਆਲੀ ਪਾਰਟੀਆਂ ਇਕਜੁੱਟ ਹੋ ਕੇ ਇਨਸਾਫ ਦੀ ਲੜਾਈ ਲੜਨਗੀਆਂ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਬੇਟੇ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਮੌਜੂਦ ਸਨ।

  • Khaira
  • Brahmpura
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ