ਗੰਦੇ ਪਾਣੀ ਦੀ ਨਿਕਾਸੀ ਤੇ ਹੋਰ ਸਹੂਲਤਾਂ ਤੋਂ ਵਾਂਝੈ ਪਿੰਡ ਉਦੇਕਰਨ

ਸ੍ਰੀ ਮੁਕਤਸਰ ਸਾਹਿਬ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਪੁਰਾਣਾ ਅਤੇ ਪਡ਼੍ਹੇ-ਲਿਖੇ ਲੋਕਾਂ ਦਾ ਪਿੰਡ ਉਦੇਕਰਨ ਲੰਮਾ ਸਮਾਂ...

ਸ੍ਰੀ ਮੁਕਤਸਰ ਸਾਹਿਬ, (ਦਰਦੀ)-ਸ੍ਰੀ ਮੁਕਤਸਰ ਸਾਹਿਬ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਪੁਰਾਣਾ ਅਤੇ ਪਡ਼੍ਹੇ-ਲਿਖੇ ਲੋਕਾਂ ਦਾ ਪਿੰਡ ਉਦੇਕਰਨ ਲੰਮਾ ਸਮਾਂ ਬੀਤਣ ਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ ਤੋਂ ਸੱਖਣਾ ਹੈ। ਇਸ ਪਿੰਡ ਵਿਚ 2 ਛੱਪਡ਼ ਹਨ। ਪਿੰਡ ਵਾਸੀਆਂ ਗੁਰਲਾਲ ਸਿੰਘ ਸਰਪੰਚ, ਜਰਨੈਲ ਸਿੰਘ ਸਾਬਕਾ ਸਰਪੰਚ, ਜਸਕਰਨ ਸਿੰਘ, ਆਲਾ ਸਿੰਘ ਬਰਾਡ਼, ਬੋਹਡ਼ ਸਿੰਘ ਮੈਂਬਰ ਪੰਚਾਇਤ, ਲਾਹੌਰਾ ਸਿੰਘ ਮੈਂਬਰ ਪੰਚਾਇਤ ਆਦਿ ਨੇ ਦੱਸਿਆ ਕਿ  ਇਕ ਮੇਨ ਛੱਪਡ਼, ਜੋ ਕਿ ਪਿੰਡ ਦੇ ਬਿਲਕੁਲ ਵਿਚਕਾਰ ਗੁਰਦੁਆਰਾ ਸਾਹਿਬ ਦੇ ਪਿੱਛੇ ਹੈ, ਜੋ ਕਿ 2 ਏਕਡ਼ ਰਕਬੇ ਵਿਚ ਫੈਲਿਆ ਹੋਇਆ ਹੈ।  ਉਨ੍ਹਾਂ ਦੱਸਿਅਾ ਕਿ ਇਸ ਛੱਪੜ ਦੀ ਸਫਾਈ ਕਾਫੀ ਸਮੇਂ ਤੋਂ ਨਹੀਂ ਹੋਈ ਅਤੇ ਇਸ ਵਿਚ ਸਰਕੰਡਿਅਾਂ, ਜੰਗਲੀ ਬੂਟੀ ਦੀ ਭਰਮਾਰ ਹੈ। ਇਸ ਛੱਪਡ਼ ਦੇ ਆਲੇ-ਦੁਆਲੇ ਸੰਘਣੀ ਅਾਬਾਦੀ ਹੈ। ਗਰਮੀਆਂ ਵਿਚ ਇਸ ਛੱਪਡ਼ ਵਿਚ ਸਰਕੰਡਿਅਾਂ ਨੂੰ ਅੱਗ ਲੱਗਣ ਦਾ ਖਤਰਾ ਪਿੰਡ ਵਾਸੀਆਂ ਨੂੰ ਬਣਿਆ ਰਹਿੰਦਾ ਹੈ, ਜਿਸ ਨਾਲ ਆਲੇ-ਦੁਆਲੇ ਦੀ ਅਾਬਾਦੀ ਨੂੰ ਵੀ ਅੱਗ ਲੱਗਣ ਦਾ ਡਰ ਹੈ। ਮੀਂਹ ਦੇ ਦਿਨਾਂ ਵਿਚ ਇਹ ਛੱਪਡ਼ ਪਾਣੀ ਨਾਲ ਨੱਕੋ-ਨੱਕ ਭਰ ਜਾਂਦਾ ਹੈ, ਜਿਸ ਕਾਰਨ ਪਾਣੀ ਓਵਰਫਲੋਅ ਹੋ ਕੇ ਪਿੰਡ ਦੀਆਂ ਗਲੀਆਂ ਅਤੇ ਗੁਰਦੁਆਰਾ ਸਾਹਿਬ ਦੇ ਗਰਾਊਂਡ ਵਿਚ ਇਕੱਠਾ ਹੋ ਜਾਂਦਾ ਹੈ।ਦੂਜਾ ਛੱਪਡ਼ ਬੂਡ਼ਾ ਗੁੱਜਰ ਨੂੰ ਜਾਂਦੇ ਕੱਚੇ ਰਸਤੇ ਦੇ ਕੰਢੇ ਉੱਪਰ ਸਥਿਤ ਹੈ। ਇਸ ਛੱਪਡ਼ ਦੀ ਸਫਾਈ ਕੁਝ ਸਾਲ ਪਹਿਲਾਂ ਹੋਈ ਸੀ। ਇਸ ਛੱਪਡ਼ ਤੋਂ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਦੋਵਾਂ ਛੱਪਡ਼ਾਂ ਨੂੰ ਜੋਡ਼ ਕੇ ਬੂਡ਼ਾ ਗੁੱਜਰ ਡਰੇਨ ਵਿਚ ਪਾਉਣ ਲਈ ਬਣਾਈ ਗਈ ਸੀ, ਜੋ ਕਿ ਸਿਰੇ ਨਹੀਂ  ਚੜ੍ਹ ਸਕੀ ਕਿਉਂਕਿ ਬੁੂਡ਼ਾ ਗੁੱਜਰ ਪਿੰਡ ਦੇ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਪਿੰਡ ਵਾਸੀਆਂ ਨੇ ਇਸ ਪਾਣੀ ਨੂੰ ਪਿੰਡ ਬੂਡ਼ਾ ਗੁੱਜਰ ਦੇ ਛਿੱਪਦੇ ਵੱਲ ਡਰੇਨ ਵਿਚ ਪਾਉਣ ਦੀ ਮੰਗ ਕੀਤੀ ਸੀ, ਜੋ ਕਿ ਅੱਜ ਤੱਕ ਅਧੂਰੀ ਹੈ। ਪਿੰਡ ਦੀਆਂ ਨਾਲੀਆਂ ਵੀ ਕੁੂਡ਼ੇ ਅਤੇ ਗੰਦਗੀ ਨਾਲ ਭਰੀਆਂ ਪਈਅਾਂ ਹਨ। 
ਸਿਹਤ ਸਹੂਲਤਾਂ ਦੀ ਘਾਟ :  ਪਿੰਡ ਵਿਚ ਸਿਹਤ ਸਹੂਲਤਾਂ ਦੀ ਘਾਟ ਹੈ ਕਿਉਂਕਿ ਇੱਥੇ ਸਿਹਤ ਕੇਂਦਰ ਜਾਂ ਡਿਸਪੈਂਸਰੀ ਨਹੀਂ ਹੈ। ਪਿੰਡ ਦੇ ਵਾਸੀਆਂ ਨੂੰ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਵਿਚ ਸਿਹਤ ਡਿਸਪੈਂਸਰੀ ਬਣਾ ਕੇ ਇਸ ਵਿਚ ਮਾਹਿਰ ਡਾਕਟਰ ਤਾਇਨਾਤ ਕੀਤਾ ਜਾਵੇ। 
ਥਾਂਦੇਵਾਲਾ ਸਡ਼ਕ ਦਾ ਫਾਟਕ ਪੱਕੇ ਤੌਰ ’ਤੇ ਬੰਦ ਕਰਨ ਦੀ ਸਮੱਸਿਆ : ਪਿੰਡ ਉਦੇਕਾਰਨ ਤੋਂ ਥਾਂਦੇਵਾਲਾ ਨੂੰ ਸਿੱਧੀ ਜਾਂਦੀ ਪੱਕੀ ਸਡ਼ਕ, ਜਿਸ ਉੱਪਰ  ਪਹਿਲਾਂ ਰਸਤਾ ਆਮ ਚੱਲਦਾ ਸੀ, ਉਹ ਰੇਲਵੇ ਵਿਭਾਗ ਵੱਲੋਂ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰ ਕੇ ਲੋਕਾਂ ਨੂੰ ਉਦੇਕਰਨ ਤੋਂ ਸੀ. ਆਈ. ਏ. ਸਟਾਫ ਦੇ ਨਾਲ ਦੇ ਰਸਤੇ ਤੋਂ ਥਾਂਦੇਵਾਲਾ ਸਡ਼ਕ ਘੁੰਮ ਕੇ ਜਾਣਾ ਪੈਂਦਾ ਹੈ। ਇਸ ਦੇ ਨਾਲ ਇਕ ਹੀ ਰਸਤਾ ਪਿੰਡ ਥਾਂਦੇਵਾਲਾ ਨੂੰ ਜਾਣ ਲਈ ਹੋਣ ਕਰ ਕੇ ਟਰੈਫਿਕ ਦੀ ਭਾਰੀ ਸਮੱਸਿਆ ਰਹਿੰਦੀ ਹੈ। 
ਪਾਣੀ ਦੀ ਘਾਟ :  ਇਸ ਪਿੰਡ ਦਾ ਵਾਟਰ ਵਰਕਸ ਭਾਵੇਂ ਕਿ ਠੀਕ ਬਣਿਆ ਹੋਇਆ ਹੈ ਪਰ ਇਸ ਨੂੰ  ਸਪਲਾਈ ਇਕ ਹੀ ਮੁਕਤਸਰ ਰਜਬਾਹੇ  ਵਿਚੋਂ ਆਉਂਦੀ ਹੈ, ਜੋ ਕਿ ਜ਼ਿਆਦਾ ਕਰ ਕੇ ਪਾਣੀ ਦੀ ਬੰਦੀ ਕਾਰਨ ਬੰਦ ਰਹਿੰਦਾ ਹੈ। ਵਾਟਰ ਸਪਲਾਈ ਵਿਭਾਗ ਵੱਲੋਂ ਸਰਹਿੰਦ ਫੀਡਰ ਨਹਿਰ ਤੋਂ ਸਿੱਧੀ ਪਾਈਪ 24 ਘੰਟੇ ਸਪਲਾਈ ਲਈ ਬਣਾਉਣ ਦੀ ਸਕੀਮ ਤਿਆਰ ਕੀਤੀ ਗਈ ਸੀ, ਜੋ ਕਿ ਅਜੇ ਅਧੂਰੀ ਪਈ ਹੈ। ਇਸ ਕਰ ਕੇ ਪਿੰਡ ਵਿਚ ਪਾਣੀ ਦੀ ਘਾਟ ਹੈ। 
ਆਂਗਣਵਾਡ਼ੀ ਸੈਂਟਰ ਚੱਲ ਰਿਹੈ ਗੁਰਦੁਆਰਾ ਸਾਹਿਬ ’ਚ : ਇਸ ਪਿੰਡ ਵਿਚ ਆਂਗਣਵਾਡ਼ੀ ਸੈਂਟਰ ਦੀ ਕੋਈ ਆਪਣੀ ਇਮਾਰਤ ਨਹੀਂ ਹੈ। ਇਸ ਦਾ ਸੈਂਟਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਹੀ ਕੰਮ ਚਲਾ ਰਿਹਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਵਿਚ ਪੰਚਾਇਤੀ ਜਗ੍ਹਾ ’ਤੇ ਨਵੇਂ ਆਂਗਣਵਾਡ਼ੀ ਸੈਂਟਰ ਦੀ ਇਮਾਰਤ ਬਣਾਈ ਜਾਵੇ। 
 

  • village
  • Udkaankan
  • facilities
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ