‘ਮੌਤ ਦੇ ਵਪਾਰੀ’ ਫੈਲਾਅ ਰਹੇ ਦੇਸ਼ ਵਿਚ ‘ਨਾਜਾਇਜ਼ ਹਥਿਆਰਾਂ ਦਾ ਜਾਲ’

ਅੱਜ ਦੇਸ਼ ਨੂੰ ਇਕ ਪਾਸੇ ਜਿੱਥੇ ਪਾਕਿਸਤਾਨ ਅਤੇ ਚੀਨ ਵਲੋਂ ਖਤਰਾ ਹੈ ਤਾਂ ਦੂਜੇ ਪਾਸੇ ਅੱਤਵਾਦੀ ਗਿਰੋਹਾਂ ਅਤੇ ਹੋਰ ਅਪਰਾਧੀ ਅਨਸਰਾਂ ਨੇ ਦੇਸ਼ ’ਚ ਹੁੜਦੰਗ ਮਚਾਇਆ ਹੋਇਆ ਹੈ

ਅੱਜ ਦੇਸ਼ ਨੂੰ ਇਕ ਪਾਸੇ ਜਿੱਥੇ ਪਾਕਿਸਤਾਨ ਅਤੇ ਚੀਨ ਵਲੋਂ ਖਤਰਾ ਹੈ ਤਾਂ ਦੂਜੇ ਪਾਸੇ ਅੱਤਵਾਦੀ ਗਿਰੋਹਾਂ ਅਤੇ ਹੋਰ ਅਪਰਾਧੀ ਅਨਸਰਾਂ ਨੇ ਦੇਸ਼ ’ਚ ਹੁੜਦੰਗ ਮਚਾਇਆ ਹੋਇਆ ਹੈ ਤੇ ਇਨ੍ਹਾਂ ਦੇ ਕਬਜ਼ੇ ’ਚੋਂ ਰੋਜ਼ ਭਾਰੀ ਮਾਤਰਾ ’ਚ ਤਬਾਹੀ ਦਾ ਸਾਮਾਨ, ਹਥਿਆਰ ਵਗੈਰਾ ਬਰਾਮਦ ਹੋ ਰਹੇ ਹਨ, ਜਿਸ ਦੀਅਾਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 29 ਅਕਤੂਬਰ ਨੂੰ ਤੇਲੰਗਾਨਾ ਦੇ ਪੇਡਾਪੱਲੀ ’ਚ ਸੁਰੱਖਿਆ ਅਧਿਕਾਰੀਅਾਂ ਦੀ ਇਕ ਟੁਕੜੀ ਨੇ 14800 ਇਲੈਕਟ੍ਰਿਕ ਡੈਟੋਨੇਟਰ, 1874 ਨਾਨ-ਇਲੈਕਟ੍ਰਿਕ ਡੈਟੋਨੇਟਰ, 10523 ਜਿਲੇਟਿਨ ਛੜਾਂ, 289 ਬੂਸਟਰ, 80 ਅਮੋਨੀਅਮ ਬੈਗ, 8 ਬਾਰੂਦ ਦੇ ਬੈਗ ਜ਼ਬਤ ਕਰ ਕੇ ਇਸ ਸਬੰਧ ’ਚ 12 ਵਿਅਕਤੀਅਾਂ ਨੂੰ ਗ੍ਰਿਫਤਾਰ ਕੀਤਾ।
* 01 ਨਵੰਬਰ ਨੂੰ ਝਾਰਖੰਡ ’ਚ ਪਾਕੁੜ ਦੇ ਪਿਪਲਜੋੜੀ ਪਿੰਡ ’ਚ ਪੁਲਸ ਨੇ 4000 ਜਿਲੇਟਿਨ ਛੜਾਂ ਅਤੇ 1510 ਡੈਟੋਨੇਟਰ ਜ਼ਬਤ ਕੀਤੇ। 
* 05 ਨਵੰਬਰ ਨੂੰ ਯੂ. ਪੀ. ਪੁਲਸ ਨੇ ਸੰਭਲ ਦੇ ਧਨਾਰੀ ਪਿੰਡ ਦੇ ਇਕ ਮਕਾਨ ’ਤੇ ਛਾਪਾ ਮਾਰ ਕੇ ਹਥਿਆਰਾਂ ਦੀ ਇਕ  ਫੈਕਟਰੀ ਫੜੀ ਅਤੇ 2 ਦੇਸੀ ਰਿਵਾਲਵਰ, 2 ਦੇਸੀ ਰਾਈਫਲਾਂ, 2 ਬੰਦੂਕਾਂ, 9 ਪਿਸਤੌਲ, 8 ਅੱਧ-ਬਣੇ ਪਿਸਤੌਲ, ਕਾਰਤੂਸ, ਭਾਰੀ ਮਾਤਰਾ ’ਚ ਕਾਰਤੂਸਾਂ ਦੇ ਖੋਲਾਂ ਤੋਂ ਇਲਾਵਾ ਡ੍ਰਿਲ ਮਸ਼ੀਨ, ਡਾਈ ਆਦਿ ਹਥਿਆਰ ਬਣਾਉਣ ’ਚ ਇਸਤੇਮਾਲ ਹੋਣ ਵਾਲੇ ਹੋਰ ਯੰਤਰ ਕਬਜ਼ੇ ’ਚ ਲਏ। 
*  11 ਨਵੰਬਰ ਨੂੰ ਸਦਰ ਪੁਲਸ ਨੇ ਓਡਿਸ਼ਾ ਦੇ ਕੇਂਦਰਪਾੜਾ ’ਚ ਅੰਤਰਰਾਜੀ ਅਪਰਾਧੀ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਇਕ ਅਮਰੀਕੀ ਪਿਸਤੌਲ, 2 ਜ਼ਿੰਦਾ ਕਾਰਤੂਸ, ਮਿਰਚ ਪਾਊਡਰ ਦੇ 2 ਪੈਕੇਟ, 1 ਤਲਵਾਰ ਤੇ ਲੋਹੇ ਦੀਅਾਂ 4 ਰਾਡਾਂ ਬਰਾਮਦ ਕੀਤੀਅਾਂ।
* 13 ਨਵੰਬਰ ਨੂੰ ਮਾਲੀਅਾ ਖੁਫੀਆ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਭਾਰਤੀ ਫੌਜ ਨਾਲ ਇਕ ਸਾਂਝੀ ਮੁਹਿੰਮ ’ਚ ਜੰਮੂ ਦੇ ਇਕ ਪਿੰਡ ’ਚੋਂ ਭਾਰੀ ਮਾਤਰਾ ’ਚ ਚੀਨ ਦੇ ਬਣੇ ਹਥਿਆਰ ਤੇ ਵਿਸਫੋਟਕ ਬਰਾਮਦ ਕੀਤੇ। 
ਇਨ੍ਹਾਂ ’ਚ ਇਕ ਏ. ਕੇ. 56 ਰਾਈਫਲ, 15 ਹੱਥਗੋਲੇ, 5 ਪਿਸਤੌਲ, ਆਈ. ਈ. ਡੀ. ਦੇ 12 ਡੈਟੋਨੇਟਰ ਅਤੇ 234 ਰਾਊਂਡ ਗੋਲੀ-ਸਿੱਕਾ ਸ਼ਾਮਿਲ ਹਨ। 
* 20 ਨਵੰਬਰ ਨੂੰ ਝਾਰਖੰਡ ਦੇ ਦੁਮਕਾ ਜ਼ਿਲੇ ’ਚ ਸੁਰੱਖਿਆ ਮੁਲਾਜ਼ਮਾਂ ਨੇ 4 ਵਿਅਕਤੀਅਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 566 ਗੋਲੀਅਾਂ, 10 ਇਲੈਕਟ੍ਰਿਕ ਜਿਲੇਟਿਨ ਛੜਾਂ, 11 ਡੈਟੋਨੇਟਰ ਤੇ 1 ਲੈਪਟਾਪ ਜ਼ਬਤ ਕੀਤਾ। 
*  22 ਨਵੰਬਰ ਨੂੰ ਇਲਾਹਾਬਾਦ ਯੂਨੀਵਰਸਿਟੀ ਦੇ ਹੋਸਟਲ ’ਚੋਂ ਪੁਲਸ ਨੇ 50,000 ਰੁਪਏ ਦੇ ਇਕ ਇਨਾਮੀ ਬਦਮਾਸ਼ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਵਿਸਫੋਟਕ ਸਮੱਗਰੀ ਤੇ ਹਥਿਆਰ ਬਰਾਮਦ ਕੀਤੇ, ਜਿਨ੍ਹਾਂ ’ਚ ਇਕ ਪਿਸਤੌਲ, 2 ਮੈਗਜ਼ੀਨ, 2 ਕਿਲੋ ਬਾਰੂਦ ਪਾਊਡਰ ਤੇ ਕੁਝ ਜ਼ਿੰਦਾ ਬੰਬ ਸ਼ਾਮਿਲ ਹਨ। 
*  23 ਨਵੰਬਰ ਨੂੰ ਸੁਰੱਖਿਆ ਬਲਾਂ ਨੇ ਬਿਹਾਰ ਦੇ ਬਲੀਆ ਥਾਣਾ ਖੇਤਰ ਦੇ ਦਿਆਰਾ ਇਲਾਕੇ ’ਚ ਬਦਨਾਮ ਅਪਰਾਧੀ ਰੂਦਲ ਯਾਦਵ ਤੇ ਉਸ ਦੇ 2 ਸਹਿਯੋਗੀਅਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਵੱਡੀ ਗਿਣਤੀ ’ਚ ਹਥਿਆਰ ਜ਼ਬਤ ਕੀਤੇ, ਜਿਨ੍ਹਾਂ ’ਚ 1 ਰਾਈਫਲ, 3 ਦੇਸੀ ਪਿਸਤੌਲ ਤੇ ਵੱਡੀ ਗਿਣਤੀ ’ਚ ਕਾਰਤੂਸ ਸ਼ਾਮਿਲ ਹਨ। 
*  24 ਨਵੰਬਰ ਨੂੰ ਬਿਹਾਰ ਦੇ ਔਰੰਗਾਬਾਦ ’ਚ ਪੁਲਸ ਨੇ ਕੱਟੜ ਮਾਓਵਾਦੀ ਧਨੰਜਯ ਉਰਫ ਮੋਨੂੰ ਯਾਦਵ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਇਕ ਦੇਸੀ ਕਾਰਬਾਈਨ, ਇਕ ਪਿਸਤੌਲ, ਡੈਟੋਨੇਟਰ ਤੇ 2 ਆਈ. ਈ. ਡੀ. ਆਦਿ ਫੜੇ।
*  25 ਨਵੰਬਰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਸਲਾਮਿਕ ਸਟੇਟ ਇਨ ਜੰਮੂ ਐਂਡ ਕਸ਼ਮੀਰ (ਆਈ. ਐੱਸ. ਜੇ. ਕੇ.) ਨਾਲ ਸਬੰਧਤ 3 ਅੱਤਵਾਦੀਅਾਂ ਨੂੰ ਸ਼੍ਰੀਨਗਰ ਤੋਂ ਗ੍ਰਿਫਤਾਰ ਕੀਤਾ। ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਉਨ੍ਹਾਂ ਦੇ ਕਬਜ਼ੇ ’ਚੋਂ ਭਾਰੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।
*  26 ਨਵੰਬਰ ਨੂੰ ਕਸ਼ਮੀਰ ’ਚ ਅੱਤਵਾਦੀਅਾਂ ਨੂੰ ਪਸਤ ਕਰਨ ’ਚ ਜੁਟੇ ਸੁਰੱਖਿਆ ਬਲਾਂ ਨੇ ਵਾਦੀ ਦੇ ਗੰਦਰਬਲ ਜ਼ਿਲੇ ’ਚ ਇਕ ਅੱਤਵਾਦੀ ਅੱਡੇ ਦਾ ਪਤਾ ਲਾਇਆ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਫੌਜ ਦੀ 5 ਰਾਸ਼ਟਰੀ ਰਾਈਫਲਜ਼ ਨਾਲ ਮਿਲ ਕੇ ਮੱਧ ਕਸ਼ਮੀਰ ਜ਼ਿਲੇ ਦੇ ਗੁਟਲੀ ਬਾਗ ਇਲਾਕੇ ਦੇ ਬਦੁਰਕੁੰਡ ਜੰਗਲੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਅੱਤਵਾਦੀਅਾਂ ਦੇ ਇਸ ਅੱਡੇ ਦਾ ਭਾਂਡਾ ਭੱਜਿਆ। 
ਇਕ ਅਧਿਕਾਰੀ ਅਨੁਸਾਰ ਇਸ ਅੱਡੇ ਤੋਂ ਹਥਿਆਰ ਤੇ ਗੋਲਾ-ਬਾਰੂਦ ਦੇ ਨਾਲ-ਨਾਲ ਇੰਸਾਸ ਰਾਈਫਲ, 4 ਮੈਗਜ਼ੀਨ, ਇੰਸਾਸ ਰਾਈਫਲ ਦੇ 80 ਕਾਰਤੂਸ, ਏ. ਕੇ. 47 ਰਾਈਫਲ ਦੇ 37 ਰੌਂਦ ਤੇ 1 ਚੀਨੀ ਹੱਥਗੋਲਾ ਬਰਾਮਦ ਕੀਤਾ ਗਿਆ।
*  27 ਨਵੰਬਰ ਨੂੰ ਬਿਹਾਰ ਦੇ ਕਟਿਹਾਰ ਜ਼ਿਲੇ ’ਚ ਐੱਸ. ਟੀ. ਐੱਫ. ਅਤੇ ਅਪਰਾਧੀਅਾਂ ਦੇ ਇਕ ਗਿਰੋਹ ਦਰਮਿਆਨ ਫਾਇਰਿੰਗ ਦੇ ਸਿੱਟੇ ਵਜੋਂ ਵੱਡੀ ਮਾਤਰਾ ’ਚ ਹਥਿਆਰ ਜ਼ਬਤ ਕੀਤੇ ਗਏ, ਜਿਨ੍ਹਾਂ ’ਚ 2 ਰਾਈਫਲਾਂ, ਇਕ ਡਬਲ ਬੈਰਲ ਗੰਨ, 2 ਥ੍ਰੀ ਨਾਟ ਥ੍ਰੀ, ਦੇਸੀ ਰਾਈਫਲ ਤੋਂ ਇਲਾਵਾ ਕਾਫੀ ਗੋਲੀ-ਸਿੱਕਾ ਸ਼ਾਮਿਲ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਦੇਸ਼ ’ਚ ਮੌਤ ਦੇ ਸੌਦਾਗਰ ਕਿਸ ਤਰ੍ਹਾਂ ਹਥਿਆਰਾਂ ਦਾ ਜਾਲ ਫੈਲਾਉਂਦੇ ਜਾ ਰਹੇ ਹਨ, ਜਿਸ ਨਾਲ ਦੇਸ਼ ਦੀ ਸੁਰੱਖਿਆ ਲਈ ਭਾਰੀ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ। ਮੌਤ ਦੇ ਇਨ੍ਹਾਂ ਵਪਾਰੀਅਾਂ ’ਤੇ ਸ਼ਿਕੰਜਾ ਕੱਸ ਕੇ ਦੇਸ਼ ’ਚ ਹਥਿਆਰਾਂ ਦਾ ਪਸਾਰ ਰੋਕਣਾ ਬੇਹੱਦ ਜ਼ਰੂਰੀ ਹੈ। ਅਜਿਹਾ ਨਾ ਕਰਨ ’ਤੇ ਦੇਸ਼ ’ਚ ਕਿਸੇ ਵੀ ਸਮੇਂ ਕਿਤੇ ਵੀ ਕਿਸੇ ਵੱਡੀ ਅਣਹੋਣੀ ਦੇ ਖਤਰੇ ਨੂੰ ਟਾਲਿਆ ਨਹੀਂ ਜਾ ਸਕਦਾ।  –ਵਿਜੇ ਕੁਮਾਰ

  • country
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ