ਸੈਂਸਰ ਬੋਰਡ 'ਚ ਸਿੱਖ ਨੁਮਾਇੰਦਗੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਸਰਕਾਰ 'ਤੇ ਚੁੱਕੇ ਸਵਾਲ

08/30/2023 4:33:39 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ‘ਯਾਰੀਆਂ-2’ ਫ਼ਿਲਮ ਦੇ ਜਾਰੀ ਹੋਏ ਇਕ ਗੀਤ ਅੰਦਰ ਸਿੱਖ ਭਾਵਨਾਵਾਂ ਵਿਰੁੱਧ ਫ਼ਿਲਮਾਂਕਣ ਨੂੰ ਲੈ ਕੇ ਸਰਕਾਰਾਂ ਨੂੰ ਨਿਸ਼ਾਨੇ ’ਤੇ ਲਿਆ ਹੈ। ਭਾਈ ਗਰੇਵਾਲ ਨੇ ਆਖਿਆ ਕਿ ਅਕਸਰ ਫ਼ਿਲਮਾਂ ਅੰਦਰ ਸਿੱਖ ਮਰਯਾਦਾ, ਸਿਧਾਂਤਾਂ ਅਤੇ ਰਹਿਣੀ ਨੂੰ ਸੱਟ ਮਾਰਨ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਪਰੰਤੂ ਕੇਂਦਰ ਸਰਕਾਰ ਅਜਿਹੇ ਸੰਜੀਦਾ ਮਾਮਲਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਆਖਿਆ ਕਿ ਫ਼ਿਲਮ ਸੈਂਸਰ ਬੋਰਡ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਖ਼ਿਆਲ ਵਿਚ ਰੱਖ ਕੇ ਕਦੇ ਵੀ ਫ਼ਿਲਮਾਂ ਦਾ ਨਿਰੀਖਣ ਨਹੀਂ ਕੀਤਾ ਜਾਂਦਾ। ਇਸੇ ਕਰਕੇ ਹੀ ਫ਼ਿਲਮ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਅਜਿਹੀਆਂ ਆਪ ਹੁਦਰੀਆਂ ਹਰਕਤਾਂ ਕਰਦੇ ਹਨ। 

ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲ ਰਿਹੈ 'ਗੰਦਾ ਧੰਦਾ', ਅੰਦਰ ਦੀ ਵੀਡੀਓ ਵਾਇਰਲ

ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਨੇ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਦੇ ਖ਼ਿਲਾਫ਼ ਕੋਈ ਵੀ ਫ਼ਿਲਮਾਂਕਣ ਨਾ ਹੋਵੇ ਪਰ ਸਭ ਜਾਣਦਿਆਂ ਵੀ ਇਹ ਚਲਣ ਜਾਰੀ ਹੈ। ਉਨ੍ਹਾਂ ਕਿਹਾ ਕਿ ਯਾਰੀਆਂ-2 ਫ਼ਿਲਮ ਦੇ ਗੀਤ ਵਿਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁਝ ਕੇ ਤਾਰ-ਤਾਰ ਕੀਤਾ ਗਿਆ ਅਤੇ ਸਰਕਾਰਾਂ ਫਿਰ ਵੀ ਚੁੱਪ ਹਨ।

ਇਹ ਵੀ ਪੜ੍ਹੋ : ਵਿਦੇਸ਼ ਬੈਠੀ ਭੈਣ ਨੂੰ ਭਰਾ ਦੇ ਵਿਆਹ ਦਾ ਸੀ ਗੋਡੇ-ਗੋਡੇ ਚਾਅ, ਸ਼ਗਨ ਤੋਂ ਪਹਿਲਾਂ ਨੌਜਵਾਨ ਨਾਲ ਵਾਪਰੀ ਅਣਹੋਣੀ

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਫ਼ਿਲਮ ਦੇ ਗੀਤ ’ਚ ਸਿੱਖ ਵਿਰੋਧੀ ਹਰਕਤ ਖ਼ਿਲਾਫ਼ ਭਾਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਲਈ ਹਰਕਤ ’ਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਮਾਮਲਿਆਂ ’ਤੇ ਸਖ਼ਤੀ ਨਾਲ ਪੇਸ਼ ਆਉਣ। ਭਾਈ ਗਰੇਵਾਲ ਨੇ ਇਹ ਵੀ ਕਿਹਾ ਕਿ ਫ਼ਿਲਮ ਸੈਂਸਰ ਬੋਰਡ ਵਿਚ ਹਰ ਧਰਮ ਦਾ ਨੁਮਾਇੰਦਾ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਦੇ ਵਿਰੁੱਧ ਕੋਈ ਦ੍ਰਿਸ਼ ਜਨਤਕ ਨਾ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ’ਤੇ ਕਈ ਵਾਰ ਜਨਰਲ ਇਜਲਾਸਾਂ ਦੌਰਾਨ ਮਤੇ ਪਾਸ ਕਰਕੇ ਵੀ ਸਰਕਾਰਾਂ ਨੂੰ ਭੇਜ ਚੁੱਕੀ ਹੈ। ਇਸ ਦੇ ਬਾਵਜੂਦ ਵੀ ਸਰਕਾਰਾਂ ਨੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ।

ਇਹ ਵੀ ਪੜ੍ਹੋ : ਚੰਨੀ ਸਰਕਾਰ ਵੇਲੇ ਵੰਡੀਆਂ ਗ੍ਰਾਂਟਾਂ ਦੀ ਹੋਵੇਗੀ ਜਾਂਚ, ਵਿਜੀਲੈਂਸ ਨੇ ਇਸ ਸਾਬਕਾ ਵਿਧਾਇਕ ਨੂੰ ਕੀਤਾ ਤਲਬ

ਉਨ੍ਹਾਂ ਕਿਹਾ ਕਿ ਭਾਵੇਂ ‘ਯਾਰੀਆਂ-2’ ਫ਼ਿਲਮ ’ਚ ਸਿੱਖ ਵਿਰੋਧੀ ਹਰਕਤ ਨੂੰ ਲੈ ਕੇ ਭਾਜਪਾ ਦੇ ਨੁਮਾਇੰਦੇ ਵੀ ਫ਼ਿਲਮ ਦਾ ਵਿਰੋਧ ਕਰ ਰਹੇ ਹਨ ਪਰ ਦੁੱਖ ਦੀ ਗੱਲ ਹੈ ਕਿ ਉਹ ਆਪਣੀ ਸਰਕਾਰ ’ਤੇ ਕਾਰਵਾਈ ਲਈ ਦਬਾਅ ਨਹੀਂ ਬਣਾ ਰਹੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ‘ਯਾਰੀਆਂ-2’ ਫ਼ਿਲਮ ਦੇ ਸਿੱਖ ਵਿਰੋਧੀ ਹਿੱਸੇ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ ਪਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਬੰਧਤ ਵਿਭਾਗਾਂ ਦੇ ਮੰਤਰੀਆਂ ਨਾਲ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸਬੰਧੀ ਵੀ ਗੱਲ ਕਰਨ। ਉਨ੍ਹਾਂ ਕਿਹਾ ਕਿ ਸਿਰਫ਼ ਲੋਕਾਂ ਨੂੰ ਦਿਖਾਉਣ ਲਈ ਰਾਜਸੀ ਬਿਆਨ ਭਾਜਪਾ ਦੇ ਆਗੂਆਂ ਦੀ ਸੰਜੀਦਗੀ ਨਹੀਂ ਦਰਸਾ ਸਕਦੇ, ਜਦ ਤੱਕ ਉਹ ਕਾਰਵਾਈ ਕਰਾਉਣ ਲਈ ਯਤਨ ਨਾ ਕਰਨ। ਭਾਈ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ’ਤੇ ਬੇਹੱਦ ਸੰਜੀਦਾ ਢੰਗ ਨਾਲ ਕਾਰਵਾਈ ਕਰ ਰਹੀ ਹੈ ਅਤੇ ਪੁਲਸ ਪਾਸ ਸ਼ਿਕਾਇਤ ਦੇਣ ਦੇ ਨਾਲ-ਨਾਲ ਕਾਨੂੰਨੀ ਵਿਭਾਗ ਰਾਹੀਂ ਵੀ ਮਾਮਲਾ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਅਜਿਹੀਆਂ ਹਰਕਤਾਂ ਰੋਕਣ ਲਈ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harnek Seechewal

This news is Content Editor Harnek Seechewal