ਸਰਬੱਤ ਦਾ ਭਲਾ ਟਰੱਸਟ ਵੱਲੋਂ ਪੁਲਸ ਮੁਖੀ ਅੰਮ੍ਰਿਤਸਰ ਦਿਹਾਤੀ ਨੂੰ ਕੋਵਿਡ ਸਬੰਧੀ ਸਮਾਨ ਭੇਟ

06/22/2021 6:19:20 PM

ਅੰਮ੍ਰਿਤਸਰ (ਸੰਧੂ) : ਔਖੀ ਘੜੀ ਵੇਲੇ ਸਮਾਜ ਸੇਵਾ ਦੇ ਖੇਤਰ ’ਚ ਸਭ ਤੋਂ ਅੱਗੇ ਹੋ ਕੇ ਮਿਸਾਲੀ ਸੇਵਾ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠਲੇ ਸਰਬੱਤ ਦਾ ਭਲਾ ਟਰੱਸਟ ਦੀ ਅੰਮ੍ਰਿਤਸਰ ਇਕਾਈ ਵੱਲੋਂ ਜ਼ਿਲ੍ਹਾ ਪੁਲਸ ਮੁਖੀ (ਦਿਹਾਤੀ) ਗੁਲਨੀਤ ਸਿੰਘ ਖੁਰਾਣਾ ਨੂੰ ਪੁਲਸ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਕੋਰੋਨਾ ਲਾਗ ਤੋਂ ਬਚਾਉਣ ਲਈ ਵਰਤੋਂ ’ਚ ਆਉਣ ਵਾਲਾ ਲੋੜੀਂਦਾ ਸਮਾਨ ਭੇਟ ਕੀਤਾ ਗਿਆ।

ਜ਼ਿਲ੍ਹਾ ਪੁਲਸ ਅੰਮ੍ਰਿਤਸਰ ਦਿਹਾਤੀ ਦੇ ਦਫ਼ਤਰ ਵਿਖੇ ਉਕਤ ਸਮਾਨ ਦੇਣ ਪਹੁੰਚੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਘਈ, ਸ਼ਿਸ਼ਪਾਲ ਸਿੰਘ ਲਾਡੀ ਤੇ ਕੈਪਟਨ ਵਿਜੈ ਸ਼ਰਮਾ ਨੇ ਦੱਸਿਆ ਕਿ ਟਰੱਸਟ ਵੱਲੋਂ ਅੱਜ ਇਸ ਦਫ਼ਤਰ ਨੂੰ ਲੋੜੀਂਦੇ ਇਨਫਰਾਰੈੱਡ ਥਰਮਾਮੀਟਰ, ਪੀ.ਪੀ.ਈ. ਕਿੱਟਾਂ, ਟ੍ਰਿਪਲ ਲੇਅਰ ਸਰਜੀਕਲ ਮਾਸਕ, ਐੱਨ-95 ਮਾਸਕ ਅਤੇ ਵੱਖ-ਵੱਖ ਤਰ੍ਹਾਂ ਦੇ ਸੈਨੀਟਾਈਜ਼ਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਵਲ, ਸਿਹਤ ਤੇ ਪੁਲਸ ਪ੍ਰਸ਼ਾਸਨ ਵੱਲੋਂ ਲੋੜੀਂਦੇ ਸਾਮਾਨ ਦੀ ਆ ਰਹੀ ਮੰਗ ਨੂੰ ਵੇਖਦਿਆਂ ਹੋਇਆਂ ਟਰੱਸਟ ਵੱਲੋਂ ਹਰੇਕ ਜ਼ਿਲ੍ਹੇ ਨੂੰ ਆਕਸੀਜਨ ਕੰਸੰਟ੍ਰੇਟਰ, ਵੈਂਟੀਲੇਟਰ, ਐਂਬੂਲੈਂਸ ਗੱਡੀਆਂ, ਮ੍ਰਿਤਕ ਸਰੀਰ ਲੈ ਕੇ ਜਾਣ ਲਈ ਅੰਤਿਮ ਯਾਤਰਾ ਵੈਨਾਂ, ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ, ਪੱਲਸ ਆਕਸੀਮੀਟਰ, ਇਨਫਰਾਰੈੱਡ ਥਰਮਾਮੀਟਰ, ਡਿਜੀਟਲ ਥਰਮਾਮੀਟਰ, ਪੀ.ਪੀ.ਈ. ਕਿੱਟਾਂ, ਸੈਨੀਟਾਈਜ਼ਰ, ਫੇਸ ਮਾਸਕ ਅਤੇ ਸਰਜੀਕਲ ਟ੍ਰਿਪਲ ਲੇਅਰ ਮਾਸਕ ਦੇਣ ਤੋਂ ਇਲਾਵਾ ਵੱਡੀ ਮਾਤਰਾ ’ਚ ਦਵਾਈਆਂ ਆਦਿ ਵੀ ਦਿੱਤੀਆਂ ਜਾ ਰਹੀਆਂ ਹਨ।

ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹਾ ਪੁਲਸ ਮੁਖੀ (ਦਿਹਾਤੀ) ਗੁਲਨੀਤ ਸਿੰਘ ਖੁਰਾਣਾ ਨੇ ਇਸ ਉਪਰਾਲੇ ਲਈ ਡਾ.ਐੱਸ.ਪੀ.ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲੋੜਵੰਦਾਂ ਦੀ ਭਲਾਈ ਤੇ ਸਮਾਜ ਦੀ ਬਿਹਤਰੀ ਲਈ ਨਿਭਾਏ ਜਾਂਦੇ ਵੱਡੇ ਸੇਵਾ ਕਾਰਜ ਇਕ ਨਿਵੇਕਲੀ ਮਿਸਾਲ ਪੇਸ਼ ਕਰਦੇ ਹਨ।


Gurminder Singh

Content Editor

Related News