ਡੀਪੂ ਹੋਲਡਰ ਨੇ ਸਰਪੰਚ ’ਤੇ ਗਰੀਬ ਲੋਕਾਂ ਨੂੰ ਕਣਕ ਨਾ ਵੰਡ ਕੇ 90 ਤੋੜੇ ਕਣਕ ਮੰਗਣ ਦੇ ਲਾਏ ਦੋਸ਼

06/21/2020 6:28:17 PM

ਰਾਜਾਸਾਂਸੀ (ਰਾਜਵਿੰਦਰ) - ਤਾਲਾਬੰਦੀ ਦੇ ਚੱਲਦਿਆਂ ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਵੰਡੀ ਜਾਣ ਵਾਲੀ ਕਣਕ ਦੀ ਵੰਡ ਸਮੇਂ ਡੀਪੂ ਹੋਲਡਰ ਅਤੇ ਪਿੰਡ ਲਦੇਹ ਦੇ ਸਰਪੰਚ ਵਿਚ ਕਣਕ ਦੀ ਵੰਡ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣ ਗਈ। ਜਿਸ ਕਾਰਨ ਪੁਲਸ ਥਾਣਾ ਰਾਜਾਸਾਂਸੀ ਦੇ ਏ.ਐੱਸ.ਆਈ. ਬਲਦੇਵ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸਮਝਾ ਕੇ ਵਾਪਸ ਘਰ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਸਾਨੂੰ ਸਰਪੰਚ ਵਲੋਂ ਫੋਨ ਕੀਤਾ ਗਿਆ ਸੀ ਕਿ ਇਥੇ ਲੜਾਈ ਝਗੜਾ ਹੋ ਰਿਹਾ ਹੈ ਪਰ ਅਜਿਹੀ ਕੋਈ ਗੱਲ ਨਹੀਂ ਸੀ। ਪੁਲਸ ਨੇ ਸਾਰਿਆਂ ਨੂੰ ਕੋਰੋਨਾ ਕਰਕੇ ਮੂੰਹ ’ਤੇ ਮਾਸਕ ਪਾ ਕੇ ਸ਼ੋਸ਼ਲ ਡਿਸਟੈਂਸ ਬਣਾ ਕੇ ਕਣਕ ਲੈਣ ਬਾਰੇ ਜਾਗਰੂਕ ਕੀਤਾ। 

ਇਸ ਮੌਕੇ ਡੀਪੂ ਹੌਲਡਰ ਕੁਲਵੰਤ ਸਿੰਘ ਨੇ ਲਵਜੀਤ ਸਿੰਘ ਸਰਪੰਚ ’ਤੇ ਦੋਸ਼ ਲਾਏ ਕਿ ਉਸ ਨੇ ਜਦ ਪਿਛਲੇ ਮਹੀਨੇ ਦੀ ਕਣਕ ਵੰਡੀ ਸੀ ਤਾਂ ਸਰਪੰਚ ਨੇ ਉਸ ਕੋਲ 60 ਤੋੜੇ ਕਣਕ ਚੁੱਕ ਕੇ ਲੋਕਾਂ ਨੂੰ ਵੰਡਣ ਦੇ ਲਈ ਆਪਣੇ ਘਰ ਲੈ ਗਿਆ ਸੀ। ਪਰ ਉਕਤ ਲੋਕਾਂ ਨੂੰ ਕਣਕ ਮਿਲੀ ਨਹੀਂ। ਉਸੇ ਤਰ੍ਹਾਂ ਇਸ ਵਾਰ ਫਿਰ ਸਰਪੰਚ ਉਸ ਤੋਂ 90 ਤੋੜੇ ਕਣਕ ਮੰਗ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਭਾਵੇਂ ਤੂੰ ਕਣਕ ਪਿੰਡ ਵਿਚ ਨਾ ਵੰਡ, ਤੈਨੂੰ ਕੋਈ ਕੁਝ ਨਹੀਂ ਕਹਿੰਦਾ ਪਰ ਮੇਰਾ ਹਿੱਸਾ ਮੈਨੂੰ ਦੇ ਦਿਓ। ਮੈਂ ਇਸ ਤਰ੍ਹਾਂ ਗਰੀਬ ਲੋਕਾਂ ਦਾ ਹੱਕ ਮਾਰ ਕੇ ਕਿਸੇ ਨੂੰ ਨਹੀਂ ਦੇ ਸਕਦਾ, ਕਿਉਂਕਿ ਇਸ ਦਾ ਜਵਾਬ ਸਰਕਾਰ ਨੂੰ ਮੈਨੂੰ ਦੇਣਾ ਪਏਗਾ। 

ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਕਿਹਾ ਕਿ ਕੋਈ ਵੀ ਸਰਕਾਰ ਜਾਂ ਪਾਰਟੀ ਮਾੜੀ ਨਹੀਂ ਹੁੰਦੀ ਪਰ ਪਾਰਟੀ ਵਿਚ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ, ਜੋ ਆਪਣੇ ਨਿੱਜੀ ਮੁਫਾਦਾਂ ਕਰਕੇ ਗਰੀਬ ਲੋਕਾਂ ਦਾ ਹੱਕ ਖਾ ਜਾਂਦੇ ਹਨ।ਉਨ੍ਹਾਂ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਗੇ ਮੁੱਖ ਲੀਡਰਾਂ ਤੋਂ ਮੰਗ ਕੀਤੀ ਕਿ ਤਾਲਾਬੰਦੀ ਦੌਰਾਨ ਗਰੀਬ ਲੋਕਾਂ ਦੇ ਹੱਕ ਖਾਣ ਵਾਲੇ ਇਸ ਸਰਪੰਚ ’ਤੇ ਸਖਤ ਕਾਰਵਾਈ ਕੀਤੀ ਜਾਵੇ। 


rajwinder kaur

Content Editor

Related News