ਮ੍ਰਿਤਕਾਂ ਦੇ ਵਾਰਸਾਂ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣ ’ਤੇ ਆਵਾਜਾਈ ਕੀਤੀ ਠੱਪ

11/15/2018 12:59:18 PM

ਅੰਮ੍ਰਿਤਸਰ (ਸਰਬਜੀਤ/ਪ੍ਰਿਥੀਪਾਲ) - ਸੋਹੀਆਂ ਰੋਡ ’ਤੇ ਪੈਂਦੇ ਗਲੋਬਲ ਫੂਡਜ਼ ਨਾਂ ਦੇ ਸ਼ੈਲਰ ਦੇ ਬਾਹਰ ਸਡ਼ਕ ’ਤੇ ਨਾਜਾਇਜ਼ ਤੌਰ ’ਤੇ ਖਡ਼੍ਹੇ ਕੀਤੇ ਗਏ ਟਰੱਕਾਂ ਕਾਰਨ ਪਿੰਡ ਸੋਹੀਆਂ ਕਲਾਂ ਦੇ 2 ਨੌਜਵਾਨ ਵਿਦਿਆਰਥੀਆਂ ਸਾਜਨ ਪੁੱਤਰ ਬੱਗਾ ਤੇ ਅਕਾਸ਼ਦੀਪ ਪੁੱਤਰ ਸੁੱਖਾ ਦੀ ਹੋਈ ਮੌਤ ਤੇ ਹਾਦਸੇ ਨਾਲ ਸਬੰਧਤ ਟਰੱਕ ਚਾਲਕ ਤੇ ਸ਼ੈਲਰ ਦੇ ਮਾਲਕ ਖਿਲਾਫ ਥਾਣਾ ਮਜੀਠਾ ਦੇ ਐੱਸ. ਐੱਚ. ਓ. ਵੱਲੋਂ ਬਣਦੀ ਢੁੱਕਵੀਂ ਕਾਰਵਾਈ ਨਾ ਕਰਨ ’ਤੇ ਪਿੰਡ ਸੋਹੀਆਂ ਕਲਾਂ ਦੇ ਵਸਨੀਕਾਂ ਤੇ ਮ੍ਰਿਤਕਾਂ ਦੇ ਵਾਰਿਸਾਂ ਵੱਲੋਂ ਤਹਿਸੀਲ (ਸਬ-ਡਵੀਜ਼ਨ) ਮਜੀਠਾ ਦੇ ਬਾਹਰ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਥੇ ਡੀ. ਐੱਸ. ਪੀ. ਮਜੀਠਾ ਨਿਰਲੇਪ ਸਿੰਘ ਵੱਲੋਂ ਪਹੁੰਚ ਕੇ ਦੋਸ਼ੀਆਂ ਖਿਲਾਫ ਢੁੱਕਵੀਂ ਕਾਨੂੰਨੀ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਉਣ ’ਤੇ ਧਰਨਾਕਾਰੀਆਂ ਨੇ ਧਰਨਾ ਚੁੱਕਿਆ। ਧਰਨੇ ਦੌਰਾਨ ਪਿੰਡ ਵਾਸੀਆਂ ਤੇ ਮਿਤਕਾਂ ਦੇ ਵਾਰਿਸਾਂ ਨੇ ਐੱਸ. ਐੱਚ. ਓ. ਮਜੀਠਾ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਟਰੱਕ ਚਾਲਕ ਅਤੇ ਸ਼ੈਲਰ ਮਾਲਕ ਨੂੰ ਬਚਾਉਣ ’ਚ ਲੱਗੇ ਹੋਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ੈਲਰ ਦੇ ਬਾਹਰ ਵੱਡੀ ਗਿਣਤੀ ’ਚ ਟਰੱਕ ਖਡ਼੍ਹੇ ਰਹਿਣ ਕਾਰਨ ਹਾਦਸੇ ਦੌਰਾਨ ਪਹਿਲਾਂ ਵੀ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ, ਜਿਸ ’ਤੇ ਸ਼ੈਲਰ ਮਾਲਕ ਨੂੰ ਪਿੰਡ ਦੇ ਪਤਵੰਤਿਆਂ ਵੱਲੋਂ ਟਰੱਕ ਸ਼ੈਲਰ ਦੇ ਬਾਹਰ ਨਾ ਖਡ਼੍ਹੇ ਕਰਨ ਲਈ ਕਿਹਾ ਗਿਆ ਸੀ ਪਰ ਪਹਿਲਾਂ ਦੀ ਤਰ੍ਹਾਂ ਹੀ ਟਰੱਕ ਸ਼ੈਲਰ ਦੇ ਬਾਹਰ ਸਡ਼ਕ ’ਤੇ ਖਡ਼੍ਹੇ ਕੀਤੇ ਜਾਂਦੇ ਹਨ, ਜੋ ਕਈ-ਕਈ ਦਿਨ ਉਥੇ ਹੀ ਖਡ਼੍ਹੇ ਰਹਿੰਦੇ ਹਨ, ਜਿਸ ਨਾਲ ਆਉਣ-ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਐੱਸ. ਐੱਚ. ਓ. ਮਜੀਠਾ ਵੱਲੋਂ ਦੋਸ਼ੀਆਂ ਖਿਲਾਫ ਢਿੱਲੀ ਕਾਰਵਾਈ ਕਰਨੀ ਕਿਤੇ ਨਾ ਕਿਤੇ ਦਾਲ ’ਚ ਕੁਝ ਕਾਲਾ ਜਾਪਦਾ ਹੈ। ਇਸ ਮੌਕੇ ਸਰਪੰਚ ਕੁਲਦੀਪ ਸਿੰਘ, ਚੰਨ ਦੋਧੀ, ਯੂਨਿਸ ਮਸੀਹ, ਗੋਪੀ ਮਸੀਹ, ਗੁਰਭੇਜ ਸਿੰਘ ਪੰਚ, ਹਰਜਿੰਦਰ ਸਿੰਘ, ਅਮਨਦੀਪ ਸਿੰਘ, ਪੱਪੀ ਹਲਵਾਈ, ਜਗਤਾਰ, ਰਮਨ ਮਸੀਹ, ਧਰਮਿੰਦਰ, ਆਸ਼ੀਸ਼ ਤੇ ਹਰਵਿੰਦਰ ਸਿੰਘ ਸਮੇਤ ਬਹੁਤ ਸਾਰੇ ਪਿੰਡ ਵਾਸੀ ਹਾਜ਼ਰ ਸਨ।