ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਰਬਨ ਹਾਟ ਅੰਮ੍ਰਿਤਸਰ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਕੀਤਾ ਜਾਵੇਗਾ ਵਿਕਸਿਤ

11/15/2018 2:30:23 PM

ਅੰਮ੍ਰਿਤਸਰ (ਵਾਲੀਆ) - ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ. ਪੀ. ਪੀ.) ਤਹਿਤ ਅਰਬਨ ਹਾਟ ਅੰਮ੍ਰਿਤਸਰ ਨੂੰ ਠੇਕੇ ’ਤੇ ਦਿੱਤਾ ਗਿਆ ਹੈ। ਇਹ ਅਰਬਨ ਹਾਟ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਨਜ਼ਦੀਕ ਸਥਿਤ ਹੈ। ਕ੍ਰਿਸਟਲ ਚੌਕ ਇਸ ਸਾਈਟ ਦੇ ਉੱਤਰ-ਪੱਛਮ ਕਿਨਾਰੇ ’ਤੇ ਹੈ। ਕਾਪਰ ਅਤੇ ਕੁਈਨਸ ਰੋਡ ਇਸ ਨੂੰ ਸ਼ਹਿਰ ਦੇ ਬਾਕੀ ਹਿੱਸੇ ਨਾਲ ਜੋਡ਼ਦੀ ਹੈ ਤੇ ਇਸ ਦੇ ਰਣਨੀਤਕ ਤੇ ਇਤਿਹਾਸਕ ਸਥਾਨ, ਆਕਾਰ, ਸੰਪਰਕ ਆਦਿ ਕਰ ਕੇ ਇਹ ਅਰਬਨ ਹਾਟ ਲਈ ਬਿਲਕੁਲ ਢੁੱਕਵੀਂ ਹੈ। ਇਸ ਪ੍ਰਾਜੈਕਟ ਲਈ ਉਪਲਬਧ ਕੁਲ ਖੇਤਰਫਲ ਲਗਭਗ 18,615.5 ਵਰਗ ਮੀਟਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਰਬਨ ਹਾਟ ਵਰਗੇ ਪ੍ਰਾਜੈਕਟ ਨੂੰ ਠੇਕੇ ’ਤੇ ਦੇਣ ਦਾ ਮਕਸਦ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਵਾਲੀਆਂ ਇਮਾਰਤਾਂ ਦਾ ਮੁਡ਼ ਉਪਯੋਗ ਕਰ ਕੇ ਹੋਂਦ ਨੂੰ ਬਰਕਰਾਰ ਰੱਖਣਾ ਹੈ। ਇਸ ਪ੍ਰਾਜੈਕਟ ਨੂੰ ਟੂਰਿਸਟ ਅਤੇ ਫੂਡ ਜੰਕਸ਼ਨ ਵਜੋਂ ਵਿਕਸਿਤ ਕੀਤਾ ਜਾਵੇਗਾ, ਜੋ ਸੂਬੇ ਦੇ ਅਮੀਰ ਇਤਿਹਾਸ ਤੇ ਸੱਭਿਆਚਾਰ ਨੂੰ ਦਰਸਾਉਣ ਦੇ ਨਾਲ ਹੀ ਸੈਲਾਨੀਆਂ ਨੂੰ ਸਵਾਦੀ ਭੋਜਨ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਨੇ ਅਰਬਨ ਹਾਟ ਅੰਮ੍ਰਿਤਸਰ ਪੰਜਾਬ ਆਧਾਰਿਤ ਕੰਪਨੀ ਨੂੰ ਲੀਜ਼ ’ਤੇ ਦਿੱਤੀ ਹੈ, ਜਿਸ ਦਾ ਫੂਡ ਕੋਰਟ, ਹੋਟਲ ਆਦਿ ਚਲਾਉਣ ਦੇ ਖੇਤਰ ’ਚ ਪੁਰਾਣਾ ਤਜਰਬਾ ਹੈ। ਇਸ ਪ੍ਰਾਜੈਕਟ ਦੇ ਠੇਕੇ ਦੀ ਮਿਆਦ 30 ਸਾਲ ਹੈ। ਪ੍ਰਾਜੈਕਟ ਨੂੰ ਠੇਕੇ ’ਤੇ ਦੇਣ ਦੇ ਨਤੀਜੇ ਵਜੋਂ ਸੂਬੇ ਦਾ ਮਾਲੀਆ ਵੀ ਇਕੱਠਾ ਹੋਵੇਗਾ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਏ. ਡੀ. ਏ. ਵੱਲੋਂ ਅਰਬਨ ਹਾਟ ਦੇ ਨਵੀਨੀਕਰਨ ਤੇ ਸਾਂਭ-ਸੰਭਾਲ ਲਈ ਬੋਲੀਆਂ ਲਾਉਣ ਲਈ ਸੱਦਾ ਦਿੱਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਉੱਤਰੀ ਭਾਰਤ ਦੀਆਂ ਸਮਾਨ ਖੇਤਰ ’ਚ ਤਜਰਬਾ ਹਾਸਲ ਮੋਹਰੀ ਕੰਪਨੀਆਂ ਪਾਸੋਂ ਬੋਲੀਆਂ ਪ੍ਰਾਪਤ ਕੀਤੀਆਂ ਗਈਆਂ। ਇਸ ਪ੍ਰਾਜੈਕਟ ਲਈ ਸਭ ਤੋਂ ਵੱਧ ਬੋਲੀ 81 ਲੱਖ ਸਾਲਾਨਾ ਦੇ ਹਿਸਾਬ ਨਾਲ ਪ੍ਰਾਪਤ ਹੋਈ। ਇਸ ਤੋਂ ਇਲਾਵਾ ਸਫਲ ਬੋਲੀਕਾਰ 1 ਕਰੋਡ਼ ਰੁਪਏ ਅਗਾਊਂ ਫੀਸ ਦੇ ਤੌਰ ’ਤੇ ਜਮ੍ਹਾ ਕਰਵਾਏਗਾ। ਸਫਲ ਬੋਲੀਕਾਰ ਸਾਈਟ ’ਤੇ ਸਮਾਜਿਕ ਸਮਾਗਮਾਂ, ਪਾਰਟੀਆਂ ਅਤੇ ਕਾਰਪੋਰੇਟ ਪ੍ਰੋਗਰਾਮਾਂ ਦੇ ਨਾਲ ਹੀ ਪ੍ਰਦਰਸ਼ਨੀ/ਆਰਟ ਗੈਲਰੀ, ਰਿਹਾਇਸ਼ ਆਦਿ ਲਈ ਇਕ ਕਮਰਸ਼ੀਅਲ ਸ਼ਾਪਿੰਗ ਆਰਕੇਡ, ਬੈਂਕੁਅਟ ਸਹੂਲਤਾਂ ਉਪਲਬਧ ਕਰਵਾਏਗਾ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਦਸਤਕਾਰੀ ਤੇ ਹੋਰ ਉਤਪਾਦਾਂ ਦੀਆਂ ਦੁਕਾਨਾਂ/ਸਟਾਲਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ।