ਦੱਖਣੀ ਅਫਰੀਕਾ ''ਚ ਫੈਲੇ ਕੋਰੋਨਾ ਦੇ ਨਵੇਂ ਰੂਪ ਦੇ ਮਾਮਲੇ ਅਮਰੀਕਾ ''ਚ ਆਏ ਸਾਹਮਣੇ

01/30/2021 9:03:38 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸੰਯੁਕਤ ਰਾਜ ਵਿਚ ਯੂ. ਕੇ. ਦੇ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲੇ ਕੋਰੋਨਾ ਵਾਇਰਸ ਦੇ ਮਾਮਲਿਆਂ ਤੋਂ ਬਾਅਦ ਹੁਣ ਪਹਿਲੀ ਵਾਰ ਦੱਖਣੀ ਅਫਰੀਕਾ ਦੇ ਕੋਰੋਨਾ ਵੇਰੀਐਂਟ ਦੇ ਮਾਮਲੇ ਦੱਖਣੀ ਕੈਰੋਲੀਨਾ ਵਿਚ ਸਾਹਮਣੇ ਆਏ ਹਨ।

ਇਸ ਸੰਬੰਧੀ ਸੂਬੇ ਦੇ ਸਿਹਤ ਅਤੇ ਵਾਤਾਵਰਣ ਨਿਯੰਤਰਣ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਖਣੀ ਅਫਰੀਕੀ ਵਾਇਰਸ ਦੇ ਇਸ ਰੂਪ ਦੇ ਸਭ ਤੋਂ ਪਹਿਲਾਂ ਪਤਾ ਲੱਗੇ ਮਾਮਲੇ ਦੱਖਣੀ ਕੈਰੋਲੀਨਾ ਦੇ ਦੋ ਵਿਅਕਤੀਆਂ ਵਿਚ ਸਾਹਮਣੇ ਆਏ ਹਨ। ਸਿਹਤ ਵਿਭਾਗ ਅਨੁਸਾਰ ਇਨ੍ਹਾਂ ਪੀੜਤ ਵਿਅਕਤੀਆਂ ਦਾ ਕੋਈ ਯਾਤਰੀ ਇਤਿਹਾਸ ਨਹੀਂ ਹੈ ਅਤੇ ਦੋਵਾਂ ਵਿਚੋਂ ਇਕ ਮਰੀਜ਼ ਲੋਅ ਕਾਉਂਟੀ ਨਾਲ ਸੰਬੰਧਤ ਹੈ ਜਦਕਿ ਦੂਜਾ ਪੀ. ਡੀ. ਖੇਤਰ ਦਾ ਰਹਿਣ ਵਾਲਾ ਹੈ। 

ਦੱਖਣੀ ਕੈਰੋਲੀਨਾ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ .1.351 ਨਾਮਕ ਦੱਖਣੀ ਅਫਰੀਕਾ ਦੇ ਇਸ ਵਾਇਰਸ ਦੀ 30 ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਪਛਾਣ ਕੀਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਟੀਕਾ ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਮੌਜੂਦਾ ਟੀਕੇ ਵਾਇਰਸ ਦੇ ਇਸ ਰੂਪ ਤੋਂ ਬਚਾਉਣ ਲਈ ਕੰਮ ਕਰਦੇ ਹਨ ਪਰ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਪ੍ਰਤੀ ਘੱਟ ਅੰਦਾਜ਼ਾ ਹੈ। ਇਸ ਦੇ ਇਲਾਵਾ ਸਿਹਤ ਮਾਹਿਰ ਡਾਕਟਰ ਐਂਥਨੀ ਨੇ ਇਸ ਦੱਖਣੀ ਅਫਰੀਕੀ ਵਾਇਰਸ ਦੇ ਰੂਪ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਟੀਕਾ ਵਿਗਿਆਨੀ ਖਾਸ ਤੌਰ 'ਤੇ ਅਜਿਹੇ ਟੀਕਿਆਂ ਉੱਪਰ ਕੰਮ ਕਰ ਰਹੇ ਹਨ ਜੋ ਵਿਸ਼ੇਸ਼ ਤੌਰ 'ਤੇ ਦੱਖਣੀ ਅਫਰੀਕਾ ਦੇ ਇਸ ਰੂਪ ਨੂੰ ਨਿਸ਼ਾਨਾ ਬਣਾਉਣਗੇ। ਸਿਹਤ ਮਾਹਰਾਂ ਨੇ ਵਾਇਰਸ ਦੇ ਇਸ ਰੂਪ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਾਸੀਆਂ ਨੂੰ ਸਾਵਧਾਨੀਆਂ ਵਰਤਣ ਦੇ ਨਾਲ ਯਾਤਰਾ ਨਾ ਕਰਨ ਦੀ ਵੀ ਹਿਦਾਇਤ ਦਿੱਤੀ ਹੈ।
 


Sanjeev

Content Editor

Related News