ਨੈਨਸੀ ਪੈਲੋਸੀ ਦੇ ਦਫ਼ਤਰ ਦੀ ਭੰਨ੍ਹ-ਤੋੜ ਕਰਨ ਵਾਲਾ ਪ੍ਰਦਰਸ਼ਨਕਾਰੀ ਹੋਇਆ ਗ੍ਰਿਫ਼ਤਾਰ

01/10/2021 5:51:54 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਐੱਫ. ਬੀ. ਆਈ. ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਦੀ ਭੀੜ ਵਲੋਂ ਰਾਜਧਾਨੀ ਉੱਤੇ ਕੀਤੇ ਹਿੰਸਕ ਹਮਲੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਹੜਕੰਪ ਦੌਰਾਨ ਹਾਊਸ ਸਪੀਕਰ ਨੈਨਸੀ ਪੇਲੋਸੀ ਦੇ ਦਫ਼ਤਰ "ਚ ਡੈਸਕ ਤੇ ਬੈਠਣ ਵਾਲੇ ਅਰਕਨਸਾਸ ਦੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। 

ਐੱਫ. ਬੀ. ਆਈ. ਲਿਟਲ ਰਾਕ ਦੇ ਬੁਲਾਰੇ ਕੌਨੋਰ ਹੇਗਨ ਨੇ ਦੱਸਿਆ ਕਿ ਫੋਟੋ ਵਿਚਲੇ ਰਿਚਰਡ ਬਾਰਨੇਟ ਨਾਮ ਦੇ ਇਸ ਆਦਮੀ ਨੇ ਅਰਕਨਸਾਸ ਦੇ ਬੇਂਟਨਵਿਲ "ਚ ਬੈਂਟਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਿਚ ਆਪਣੇ-ਆਪ ਨੂੰ ਐੱਫ. ਬੀ. ਆਈ. ਏਜੰਟਾਂ ਦੇ ਸਪੁਰਦ ਕੀਤਾ ਹੈ ਅਤੇ ਬਾਰਨੇਟ ਨੂੰ ਅਰਕਨਸਾਸ ਵਿਚ ਫਾਇਟਵਿਲੇ ਨੇੜੇ ਵਾਸ਼ਿੰਗਟਨ ਕਾਉਂਟੀ ਨਜ਼ਰਬੰਦੀ ਕੇਂਦਰ ਦੀ ਕੈਦ ਵਿਚ ਭੇਜਿਆ ਗਿਆ ਹੈ। 

ਵਾਸ਼ਿੰਗਟਨ ਦੇ ਇਕ ਵਕੀਲ ਕੇਨ ਕੋਹਲ ਅਨੁਸਾਰ ਬਾਰਨੇਟ ਉੱਤੇ ਪੈਲੋਸੀ ਦੇ ਦਫ਼ਤਰ ਵਿਚ ਦਾਖ਼ਲ ਹੋਣ ਲਈ ਦੋਸ਼ ਲਾਇਆ ਗਿਆ ਹੈ,  ਜਿੱਥੇ ਉਸ ਨੇ ਇਕ ਨੋਟ ਛੱਡਣ ਦੇ ਨਾਲ ਕੁੱਝ ਮੇਲਾਂ ਨੂੰ ਵੀ ਹਟਾ ਦਿੱਤਾ ਸੀ। 60 ਸਾਲਾ ਬਾਰਨੇਟ ਨੂੰ ਤਿੰਨ ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਜਿਸ 'ਤੇ ਬਿਨਾਂ ਅਧਿਕਾਰ ਦੇ ਸੀਮਤ ਇਮਾਰਤ 'ਚ ਦਾਖਲ ਹੋਣ, ਕੈਪੀਟਲ ਦੇ ਮੈਦਾਨਾਂ ਵਿਚ ਹਿੰਸਕ ਦਖ਼ਲ ਅਤੇ ਜਨਤਕ ਜਾਇਦਾਦ ਜਾਂ ਰਿਕਾਰਡਾਂ ਦੀ ਚੋਰੀ ਕਰਨ ਦੇ ਦੋਸ਼ ਲੱਗੇ ਹਨ । ਜੇਕਰ ਇਹ ਵਿਅਕਤੀ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਸਨੂੰ ਸੰਘੀ ਜੇਲ੍ਹ ਵਿਚ ਇਕ ਸਾਲ ਤੱਕ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗ੍ਰਿਫ਼ਤਾਰ ਕੀਤਾ ਗਿਆ ਟਰੰਪ ਹਮਾਇਤੀ ਬਾਰਨੇਟ ਉੱਤਰ ਪੱਛਮੀ ਅਰਕਨਸਾਸ ਵਿਚ ਇਕ ਛੋਟੇ ਸ਼ਹਿਰ ਗ੍ਰੈਵੇਟ ਤੋਂ ਹੈ ਅਤੇ ਸੋਸ਼ਲ ਮੀਡੀਆ 'ਤੇ ਉਸ ਨੇ ਆਪਣੀ ਪਛਾਣ ਟਰੰਪ ਦੇ ਸਮਰਥਕ ਵਜੋਂ ਕੀਤੀ ਹੈ।
 


Lalita Mam

Content Editor

Related News