ਇੰਡੋ ਯੂ.ਐੱਸ. ਹੈਰੀਟੇਜ ਫਰਿਜ਼ਨੋ ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ''ਚ ਕਰਵਾਇਆ ਮੇਲਾ ਯਾਦਗਾਰੀ ਹੋ ਨਿੱਬੜਿਆ

11/01/2023 1:34:52 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਹੋਣ ਉਹ ਹਰ ਸਮੇਂ ਪੰਜਾਬ ਨਾਲ ਜੁੜੇ ਰਹਿੰਦੇ ਹਨ। ਇਸੇ ਲੜੀ ਅਤੇ ਸਮਰਪਣ ਤਹਿਤ ਗ਼ਦਰ ਲਹਿਰ ਦੀ ਸ਼ੁਰੂਆਤ 1913 ਵਿੱਚ ਅਮਰੀਕਾ ਤੋਂ ਹੋਈ ਸੀ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਦੀ ਅਜ਼ਾਦੀ ਦੀ ਲਹਿਰ ਵਿੱਚ ਹਿੱਸਾ ਪਾਉਣ ਲਈ ਤਕਰੀਬਨ 8000 ਹਜ਼ਾਰ ਦੇ ਕਰੀਬ ਗ਼ਦਰੀ ਬਾਬੇ ਭਾਰਤ ਪਰਤੇ ਸਨ, ਜਿਨ੍ਹਾਂ 'ਚੋਂ ਬਹੁਤਾਤ ਪੰਜਾਬੀਆਂ ਦੀ ਸੀ। 'ਗ਼ਦਰ ਦੀ ਗੂੰਜ' ਅਖ਼ਬਾਰ ਕੈਲੀਫੋਰਨੀਆ ਦੀ ਧਰਤੀ ਸਾਨ ਫਰਾਂਸਿਸਕੋ ਤੋਂ ਨਿਕਲਦਾ ਰਿਹਾ, ਜਿਸ ਦੀ ਗੂੰਜ ਨੇ ਗੋਰਿਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਇਸੇ ਲਹਿਰ ਨੂੰ ਸਮਰਪਿਤ ਭਾਰਤ ਦੀ ਅਜ਼ਾਦੀ 'ਚ ਹਿੱਸਾ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਨਾਲ ਸ਼ਹੀਦ ਹੋਣ ਵਾਲੇ 6 ਹੋਰ ਸੂਰਮਿਆਂ ਨੂੰ ਯਾਦ ਕਰਦਿਆਂ ਸਥਾਨਕ “ਇੰਡੋ ਯੂ.ਐੱਸ. ਹੈਰੀਟੇਜ ਫਰਿਜ਼ਨੋ ਦੇ ਸਮੂਹ ਮੈਬਰਾਂ ਦੇ ਸਿਰਤੋੜ ਯਤਨਾਂ ਸਦਕਾ ਲੰਘੇ ਐਤਵਾਰ ਫਰਿਜ਼ਨੋ ਦੇ ਪੰਜਾਬੀ ਸੈਂਟਰ ਵਿੱਚ ਗ਼ਦਰੀ ਬਾਬਿਆਂ ਦਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸਜਾਏ ਨਗਰ ਕੀਰਤਨ ਦੌਰਾਨ ਚਮਕਿਆ ਖਾਲਸਾਈ ਰੰਗ

ਇਸ ਵਾਰ ਇਸ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਡਾ. ਦਲਜੀਤ ਸਿੰਘ ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਸੰਸਥਾ ਦੇ ਸਮੂਹ ਮੈਂਬਰਾਂ ਨਾਲ ਸ਼ਹੀਦਾਂ ਨੂੰ ਨਮਨ ਕਰਦਿਆਂ ਸ਼ਮ੍ਹਾ ਰੌਸ਼ਨ ਕੀਤੀ। ਉਨ੍ਹਾਂ ਇਸ ਮੌਕੇ ਬੋਲਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਜੀਵਨ 'ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਮੌਕੇ ਸਰੋਤਿਆਂ ਨੇ ਉਨ੍ਹਾਂ ਦੇ ਵਿਚਾਰ ਸਾਹ ਰੋਕ ਕੇ ਸੁਣੇ ਤੇ ਆਪ-ਮੁਹਾਰੇ ਤਾੜੀਆਂ ਮਾਰੀਆਂ। ਉਨ੍ਹਾਂ ਬੜੇ ਤਫ਼ਸੀਲ ਨਾਲ ਗ਼ਦਰ ਇਤਿਹਾਸ ਬਾਰੇ ਚਾਨਣਾ ਪਾਇਆ। ਉਪਰੰਤ ਡਾ. ਦਲਜੀਤ ਸਿੰਘ ਨੇ ਸੰਸਥਾ ਦਾ ਸੋਵੀਨਾਰ ਰਿਲੀਜ਼ ਕੀਤਾ। ਕਿਰਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ। ਉਨ੍ਹਾਂ ਕਿਸਾਨੀ ਸੰਘਰਸ਼ ਅਤੇ ਕਿਸਾਨਾਂ ਦੀਆਂ ਮੌਜੂਦਾ ਮੰਗਾਂ ਬਾਰੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ : AAP ਦਾ Challenge: 1 ਨਵੰਬਰ ਨੂੰ ਇਨ੍ਹਾਂ 4 ਮੁੱਦਿਆਂ 'ਤੇ ਹੋਵੇਗੀ ਬਹਿਸ, ਵਿਰੋਧੀ ਤਿਆਰ ਰਹਿਣ

ਸੰਸਥਾ ਦੇ ਕਨਵੀਨਰ ਸਾਧੂ ਸਿੰਘ ਸੰਘਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸੰਸਥਾ ਦੇ ਕੰਮਾਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਸੈਕਟਰੀ ਹੈਰੀ ਮਾਨ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਗ਼ਦਰ ਲਹਿਰ ਬਾਰੇ ਬੇਸ਼ਕੀਮਤੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਸ਼ਾਇਰ ਰਣਜੀਤ ਗਿੱਲ (ਜੱਗਾ ਸਧਾਰ) ਅਤੇ ਗਾਇਕ ਕਮਲਜੀਤ ਬੈਨੀਪਾਲ ਨੇ ਸ਼ਾਨਦਾਰ ਕਵਿਸ਼ਰੀ ਗਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਗਾਇਕ ਪੱਪੀ ਭਦੌੜ, ਰਾਜ ਬਰਾੜ, ਗੁਰਦੀਪ ਕੁੱਸਾ, ਗੋਗੀ ਸੰਧੂ ਨੇ ਇਨਕਲਾਬੀ ਗੀਤਾਂ ਨਾਲ ਬਹਿਜਾ-ਬਹਿਜਾ ਕਰਵਾ ਦਿੱਤੀ। ਹਰਨੇਕ ਸਿੰਘ ਲੋਹਗੜ੍ਹ ਨੇ ਵੀ ਜੋਸ਼ੀਲੇ ਭਾਸ਼ਣ ਨਾਲ ਦਰਸ਼ਕਾਂ ਨੂੰ ਕੀਲਿਆ। ਸੁਖਵਿੰਦਰ ਸਿੰਘ ਚੀਮਾ ਨੇ ਇਕ ਕਵਿਤਾ ਨਾਲ ਹਾਜ਼ਰੀ ਭਰੀ। ਉੱਘੇ ਕਾਰੋਬਾਰੀ ਗੁਲਿੰਦਰ ਗਿੱਲ ਨੇ ਖਾਸ ਤੌਰ 'ਤੇ ਸੈਕਰਾਮੈਂਟੋ ਤੋਂ ਚੱਲ ਕੇ ਮੇਲੇ 'ਚ ਪਰਿਵਾਰ ਸਮੇਤ ਸ਼ਿਰਕਤ ਕੀਤੀ। ਸੈਂਟਰਲਵੈਲੀ ਭੰਗੜਾ ਕਲੱਬ ਦੇ ਬੱਚਿਆਂ ਨੇ ਸ਼ਾਨਦਾਰ ਭੰਗੜਾ ਪਾ ਕੇ ਮੇਲੇ ਨੂੰ ਚਰਮ ਸੀਮਾ ਤੱਕ ਪਹੁੰਚਾਇਆ। 4.0 ਗ੍ਰੇਡ ਪੁਆਇੰਟ ਵਾਲੇ ਬੱਚਿਆਂ ਨੂੰ ਸੰਸਥਾ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਘਰ

ਇਸ ਮੌਕੇ ਐਥਲੀਟ ਗੁਰਬਖਸ਼ ਸਿੰਘ ਸਿੱਧੂ, ਸੁਖਨੈਣ ਸਿੰਘ, ਹਰਦੀਪ ਸਿੰਘ ਸੰਘੇੜਾ ਅਤੇ ਕਮਲਜੀਤ ਬੈਨੀਪਾਲ ਨੂੰ ਵੀ ਉਨ੍ਹਾਂ ਦੁਆਰਾ ਖੇਡਾਂ 'ਚ ਪਾਏ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੇਲੇ ਵਿੱਚ ਗ਼ਦਰੀ ਬਾਬਿਆਂ ਦੀ ਫੋਟੋ ਪ੍ਰਦਰਸ਼ਨੀ ਨੇ ਵੀ ਸਰੋਤਿਆਂ ਦਾ ਧਿਆਨ ਖਿੱਚਿਆ। ਇੰਡੋ ਅਮੈਰੀਕਨ ਹੈਰੀਟੇਜ, ਵਿਰਸਾ ਫਾਊਂਡੇਸ਼ਨ, ਪੀਸੀਏ ਤੋਂ ਇਲਾਵਾ ਸਾਰੀਆਂ ਹੀ ਭਰਾਤਰੀ ਜਥੇਬੰਦੀਆਂ ਮੌਜੂਦ ਰਹੀਆਂ। ਚਾਹ ਪਕੌੜਿਆਂ ਦੀ ਸੇਵਾ ਵਰਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਸਿਰਕੱਢ ਸ਼ਖਸੀਅਤਾਂ ਹਾਜ਼ਰ ਰਹੀਆਂ। ਸਟੇਜ ਸੰਚਾਨਲ ਨੀਟਾ ਮਾਛੀਕੇ ਨੇ ਕੀਤਾ। ਅੰਤ ਵਿੱਚ ਪ੍ਰਬੰਧਕਾਂ ਨੇ ਪੰਜਾਬੀ ਰੇਡੀਓ ਯੂਐੱਸਏ ਅਤੇ ਸਮੂਹ ਮੀਡੀਆ ਦਾ ਸਹਿਯੋਗ ਲਈ ਧੰਨਵਾਦ ਕੀਤਾ। ਪੰਜਾਬੀ ਰੇਡੀਓ ਯੂਐੱਸਏ ਦੀ ਟੀਮ ਦਾ ਮੇਲੇ ਲਈ ਖਾਸ ਸਹਿਯੋਗ ਰਿਹਾ, ਜਿਨ੍ਹਾਂ ਮੇਲੇ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ। ਪ੍ਰਬੰਧਕਾਂ ਨੇ ਉਨ੍ਹਾਂ ਦੇ ਉਪਰਾਲੇ ਲਈ ਦਿਲੋਂ ਸ਼ੁਕਰੀਆ ਅਦਾ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਮੇਲਾ ਪ੍ਰਬੰਧਕ ਵੀਰਾਂ ਦੀ ਮਿਹਨਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਯਾਦਗਾਰੀ ਹੋ ਨਿੱਬੜਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh