ਕਣਕ ਦੇ ਨਾੜ ਨੂੰ ਸਾੜਨ ਤੋਂ ਗੁਰੇਜ ਕਰਨਾ ਚਾਹੀਦੈ :  ਡਾ. ਸੁਰਿੰਦਰ ਸਿੰਘ

04/27/2021 6:49:05 PM

ਕਣਕ ਦੇ ਨਾੜ ਨੂੰ ਸਾੜਨ ਨਾਲ ਪੈਦਾ ਹੁੰਦਾ ਧੂੰਆਂ ਜਿੱਥੇ ਵਾਤਾਵਰਣ ਨੂੰ ਗੰਧਲਾ ਕਰਦਾ ਹੈ, ਉੱਥੇ ਹੀ ਕਈ ਤਰ੍ਹਾਂ ਦੀਆਂ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਵੀ ਬਣਦਾ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਸਿਹਤ ਵਿਭਾਗ ਅਨੁਸਾਰ ਸਾਹ, ਖੰਘ ਅਤੇ ਬੁਖਾਰ ਦੇ ਲੱਛਣ ਨਜ਼ਰ ਆਉਂਦੇ ਹਨ, ਇਸ ਲਈ ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਨੂੰ ਰੋਕਣ ਲਈ ਸਾਨੂੰ ਸਭ ਨੂੰ ਜਿੱਥੇ ਹਦਾਇਤਾਂ ਅਨੁਸਾਰ ਉਪਰਾਲੇ ਕਰਨ ਦੀ ਜ਼ਰੂਰਤ ਹੈ, ਉੱਥੇ ਹੀ ਕਣਕ ਦੇ ਨਾੜ ਨੂੰ ਸਾੜਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਡਾ. ਸੁਰਿੰਦਰ ਸਿੰਘ ਨੇ ਪਿੰਡ ਪਰਤਾਪਪੁਰਾ ਦੀ ਦਾਣਾ ਮੰਡੀ ’ਚ ਦੌਰਾ ਕਰਦੇ ਹੋਏ ਜਿੱਥੇ ਕਣਕ ਦੀ ਖਰੀਦ ਦੇ ਸਬੰਧ ’ਚ ਉਪਲੱਬਧ ਸਹੂਲਤਾਂ ਦਾ ਜਾਇਜ਼ਾ ਲਿਆ, ਉੱਥੇ ਮੌਕੇ ’ਤੇ ਮੌਜੂਦ ਕਿਸਾਨ ਮਨਜੀਤ ਸਿੰਘ ਪਿੰਡ ਹਮੀਰੀ ਖੇੜਾ, ਦਲਜੀਤ ਸਿੰਘ, ਹਰਪ੍ਰੀਤ ਸਿੰਘ ਪਿੰਡ ਬਸ਼ੇਸ਼ਰਪੁਰ ਅਤੇ ਦਲਜੀਤ ਸਿੰਘ ਪਿੰਡ ਲੱਲੀਆਂ ਖੁਰਦ ਨੂੰ ਕਣਕ ਦੇ ਨਾੜ ਦੀ ਸੰਭਾਲ ਵਾਸਤੇ ਵੀ ਪ੍ਰੇਰਿਆ।

ਉੁਨ੍ਹਾਂ ਦੱਸਿਆ ਕਿ ਪ੍ਰਤੀ ਟਨ ਕਣਕ ਦੇ ਨਾੜ ’ਚ 4-5 ਕਿਲੋ ਨਾਈਟ੍ਰੋਜਨ 2.5-3 ਕਿਲੋ ਫਾਸਫੋਰਸ  ਅਤੇ 15-20 ਕਿਲੋ ਪੋਟਾਸ਼ ਤੱਤ ਮੌਜੂਦ ਹੁੰਦਾ ਹੈ। ਕਣਕ ਦੀ ਵਾਢੀ ਤੋਂ ਬਾਅਦ ਭਾਵੇਂ 75-80 ਫੀਸਦੀ ਨਾੜ ਨੂੰ ਤੂੜੀ ਲਈ ਵਰਤ ਲਿਆ ਜਾਂਦਾ ਹੈ ਅਤੇ ਬਾਕੀ ਦੇ ਨਾੜ ਨੂੰ ਤਵੀਆਂ, ਰੋਟਾਵੇਟਰ ਜਾਂ ਉਲਟਾਵਾ ਹਲ ਚਲਾ ਕੇ ਜ਼ਮੀਨ ’ਚ ਦਬਾਉਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਸੁਧਾਰ ਹੁੰਦਾ ਹੈ, ਉਥੇ ਹੀ ਖੇਤਾਂ ਦੀ ਪਾਣੀ ਸੰਭਾਲਣ ਦੀ ਸ਼ਕਤੀ ਵੀ ਵਧਦੀ ਹੈ। ਇਸ ਮੌਕੇ ਉਨ੍ਹਾਂ ਕਿਸਾਨ ਵੀਰਾਂ ਨੂੰ ਢਾਂਚੇ ਦੀ ਬੀਜਾਈ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਬਲਾਕ ਦਫਤਰਾਂ ਕੋਲ ਢਾਂਚੇ ਦਾ ਬੀਜ ਸਬਸਿਡੀ ’ਤੇ ਉਪਲੱਬਧ ਹੈ, ਕਿਸਾਨ ਵੀਰ ਇਹ ਬੀਜ ਪ੍ਰਾਪਤ ਕਰਦੇ ਹੋਏ ਜੇਕਰ ਕਣਕ ਦੀ ਵਾਢੀ ਤੋਂ ਬਾਅਦ ਬੀਜਾਈ ਕਰਨ ਤਾਂ ਖੇਤਾਂ ਦੀ ਉਪਜਾਊ ਸ਼ਕਤੀ ’ਚ ਸੁਧਾਰ ਹੋ ਸਕਦਾ ਹੈ। 

6-8 ਹਫਤਿਆਂ ਦੀ ਢਾਂਚੇ ਦੀ ਫਸਲ ਨੂੰ ਜ਼ਮੀਨ ਵਿਚ ਦਬਾਉਣ ਉਪਰੰਤ ਝੋਨੇ ਦੀ ਲਵਾਈ ਕਰਨ ਨਾਲ 25 ਕਿਲੋ ਪ੍ਰਤੀ ਏਕੜ ਨਾਈਟ੍ਰੋਜਨ ਤੱਤ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਸਾਨਾਂ ਨੂੰ ਮੌਕੇ ’ਤੇ ਝੋਨੇ ਦੀ ਸਿੱਧੀ ਬੀਜਾਈ ਅਤੇ ਝੋਨੇ ਦੀਆਂ ਸਿਫਾਰਿਸ਼ਸ਼ੁਦਾ ਕਿਸਮਾਂ ਦੀ ਕਾਸ਼ਤ ਕਰਨ ਲਈ ਵੀ ਬੇਨਤੀ ਕੀਤੀ। ਡਾ. ਸੁਰਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਕਹਿਰ ਨੂੰ ਧਿਆਨ ਵਿੱਚ ਰੱਖਦਿਆਂ ਨਾੜ ਨੂੰ ਬਿਲਕੁਲ ਵੀ ਅੱਗ ਨਾ ਲਾਉਣ ਬਲਕਿ ਇਸ ਨੂੰ ਜ਼ਮੀਨ ’ਚ ਹੀ ਵਾਹੁਣ।

 -ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ-ਕਮ-ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ


Manoj

Content Editor

Related News