ਪਿੰਡ ਕੰਗਣੀਵਾਲ ਵਿਖੇ ‘ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਅਧੀਨ ਲਗਾਇਆ ਗਿਆ ਕੈਂਪ

04/01/2021 4:59:56 PM

ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਦੇ ਨਾਅਰੇ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਜਲੰਧਰ ਭਰ ਦੇ ਸਮੂਹ ਬਲਾਕਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਡਾ.ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 30 ਅਪ੍ਰੈਲ ਤੱਕ ਕੁੱਲ 77 ਕੈਂਪ ਲਗਾਏ ਜਾਣਗੇ ਅਤੇ ਵਿਭਾਗੀ ਮਾਹਿਰਾਂ ਵੱਲੋਂ ਹੁਣ ਤੱਕ 20 ਕੈਂਪ, ਜਿਸ ਵਿੱਚ 1250 ਕਿਸਾਨਾਂ ਨੇ ਭਾਗ ਲਿਆ ਹੈ, ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਵੱਲੋਂ ਵਿਭਾਗੀ ਮਾਹਿਰਾਂ ਨੂੰ ਸਮਾਜਿਕ ਦੂਰੀ, ਮਾਸਕ ਤੇ ਸੈਨੇਟਾਇਜ਼ੇਸ਼ਨ ਦੇ ਪੁੱਖਤਾ ਪ੍ਰਬੰਧ ਕਰਨ ਵਾਸਤੇ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ। ਪਿੰਡ ਕੰਗਣੀਵਾਲ ਬਲਾਕ ਜਲੰਧਰ ਪੂਰਬੀ ਵਿਖੇ ਇਸੇ ਲੜੀ ਤਹਿਤ ਕਿਸਾਨ ਜਾਗਰੂਕਤਾ ਕੈਂਪ ਅੱਜ ਲਗਾਇਆ ਗਿਆ। 

ਇਸ ਕੈਂਪ ਵਿੱਚ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਤੋਂ ਇਲਾਵਾ ਬਾਗਬਾਨੀ ਵਿਭਾਗ ਅਤੇ ਭੂੰਮੀ ਅਤੇ ਪਾਣੀ ਰੱਖਿਆ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਗਰੂਕ ਕੀਤਾ। ਖੇਤੀਬਾੜੀ ਵਿਕਾਸ ਅਫ਼ਸਰ, ਡਾ.ਮਨਦੀਪ ਸਿੰਘ ਨੇ ਜਿੱਥੇ ਕਿਸਾਨਾਂ ਨੂੰ ਕਣਕ ਦੀ ਪੱਕਣ ਕਿਨਾਰੇ ਫ਼ਸਲ ਨੂੰ ਅੱਗ ਵਰਗੇ ਭਿਆਨਕ ਹਾਦਸਿਆਂ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕਰਨ  ਲਈ ਪ੍ਰੇਰਿਆ, ਉੱਥੇ ਉਨ੍ਹਾਂ ਵਿਭਾਗ ਕੋਲ ਮੌਜੂਦ ਢਾਂਚੇ ਦੇ ਸਬਸਿਡੀ ’ਤੇ ਉਪਲੱਬਧ ਕਰਵਾਏ ਬੀਜ ਬਾਰੇ ਵੀ ਜਾਣਕਾਰੀ ਦਿੱਤੀ। 

ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਡਾ.ਸੁਖਦੀਪ ਸਿੰਘ ਹੁੰਦਲ ਨੇ ਕਿਸਾਨਾਂ ਨੂੰ ਘਰੈਲੂ ਬਗੀਚੀ, ਬਾਗਬਾਨੀ ਅਤੇ ਖੁੰਬਾਂ ਪਾਲਣ ਸਬੰਧੀ ਜਾਗਰੂਕ ਕੀਤਾ। ਮੌਕੇ ’ਤੇ ਸਬਜ਼ਿਆਂ ਦੇ ਬੀਜ਼ਾਂ ਦੀਆਂ ਮਿਨੀਕਿੱਟਾਂ ਰੁਪਏ 80/- ਪ੍ਰਤੀ ਕਿੱਟ ਦੀ ਦਰ ’ਤੇ ਕਿਸਾਨਾਂ ਨੂੰ ਦਿੱਤੀਆਂ। ਇਸੇ ਤਰ੍ਹਾਂ ਭੂੰਮੀ ਅਤੇ ਪਾਣੀ ਰੱਖਿਆ ਵਿਭਾਗ ਤੋਂ ਇੰਜ:ਦੀਪਕ ਨੇ ਪਾਣੀ ਬਚਾਓ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਸਬਸਿਡੀ ’ਤੇ ਉਪਲੱਬਧ ਸਕੀਮਾਂ ਬਾਰੇ ਦੱਸਿਆ। ਪੰਜਾਬ ਸਰਕਾਰ ਦੇ ਵਿਸ਼ੇਸ਼ ਨਿਰਦੇਸ਼ਾਂ ਅਧੀਨ ਇਸ ਕੈਂਪ ਵਿੱਚ ਝੋਨੇ ਦੀ ਸਿੱਧੀ ਬਿਜਾਈ ਵਿੱਚ ਕਾਮਯਾਬੀ ਹਾਸਿਲ ਕਰ ਚੁੱਕੇ ਕਿਸਾਨ ਸ.ਮਨਜਿੰਦਰ ਸਿੰਘ ਨੇ ਮੌਕੇ ’ਤੇ ਆਪਣੇ ਤਜਰਬੇ ਦੂਜੇ ਕਿਸਾਨਾਂ ਨਾਲ ਸਾਂਝੇ ਕੀਤੇ। 

ਉਨ੍ਹਾਂ ਕਿਹਾ ਕਿ ਪਿਛਲੀ ਸਾਉਣੀ ਸੀਜਨ ਦੌਰਾਨ ਉਸ ਵੱਲੋ ਤਕਰੀਬਨ 120 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ, ਡੀ.ਐੱਸ.ਆਰ ਮਸ਼ੀਨ ਨਾਲ ਕੀਤੀ ਗਈ ਸੀ ਅਤੇ ਇਸ ਤਕਨੀਕ ਰਾਹੀਂ ਲੇਬਰ ਅਤੇ ਤਕਰੀਬਨ 20% ਪਾਣੀ ਦੀ ਬਚਤ ਕਰਦੇ ਹੋਏ ਝੋਨੇ ਦਾ ਪ੍ਰਤੀ ਏਕੜ ਚੌਖਾ ਝਾੜ ਪ੍ਰਾਪਤ ਕੀਤਾ ਗਿਆ ਸੀ। ਉਨ੍ਹਾਂ ਆਪਣੇ ਤਜ਼ਰਬੇ ਦੱਸਦਿਆ ਕਿਹਾ ਕਿ ਤਰ ਵਤ੍ਹਰ ਖੇਤ ਵਿੱਚ ਝੋਨੇ ਦੇ ਬੀਜ ਦੀਆਂ ਘੱਟ ਸਮਾਂ ਲੈਣ ਵਾਲਿਆਂ ਕਿਸਮਾਂ ਦੀ ਬਿਜਾਈ ਦਰਮਿਆਨੀਆਂ ਤੋਂ ਬਾਰੀਆਂ ਜ਼ਮੀਨਾ ਵਿੱਚ ਹੀ ਕਰਨੀ ਚਾਹੀਦੀ ਹੈ। ਇਸ ਮੌਕੇ ਇਲਾਕੇ ਦੇ ਦੂਜੇ ਕਿਸਾਨ ਸ.ਹਰਬੰਸ ਸਿੰਘ, ਸ.ਜਗਜੀਤ ਸਿੰਘ, ਸ.ਮਨਜੀਤ ਸਿੰਘ ਨੇ ਆਏ ਹੋਏ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।


rajwinder kaur

Content Editor

Related News