ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨ ਜਾਗਰੂਕਤਾ ਲਈ ਵੈਨ ਰਵਾਨਾ

03/25/2017 5:24:33 PM

ਸ਼੍ਰੀ ਮੁਕਤਸਰ ਸਾਹਿਬ (ਖੁਰਾਣਾ) - ਕਣਕ ਦੀ ਨਾੜ ਨੂੰ ਅੱਗ ਲਗਾਉਣ ਕਾਰਨ ਵਾਤਾਵਰਣ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਣ ਜਾਗਰੂਕਤਾ ਵੈਨ ਜੋ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਚਲਾਈ ਗਈ ਹੈ, ਨੂੰ ਵਧੀਕ ਡਿਪਟੀ ਕਮਿਸ਼ਨਰ ਜਨਜਲ, ਸ੍ਰੀ ਮੁਕਤਸਰ ਸਾਹਿਬ, ਸ: ਲਖਮੀਰ ਸਿੰਘ, ਪੀ.ਸੀ.ਐਸ. ਵੱਲੋਂ ਬੋਰਡ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਬੋਰਡ ਵੱਲੋਂ ਕਣਕ ਦੀ ਨਾੜ ਨੂੰ ਸਾੜਨ ਕਾਰਨ ਹੋ ਰਹੇ ਨੁਕਸਾਨ ਅਤੇ ਇਸ ਦੀਆਂ ਕਾਨੂੰਨੀ ਪੇਚਦਗੀਆਂ ਬਾਰੇ ਕਿਸਾਨਾ ਨੂੰ ਜਾਣੁ ਕਰਵਾਉਣ ਲਈ, ਜਾਰੀ ਕੀਤੀ ਗਈ ਜਾਗਰੂਕਤਾ ਮੁਹਿਮ ਵਿੱਚ ਵਾਤਾਵਰਣ ਅਵੈਅਰਨੇਸ ਵੈਨ ਚਲਾਈ ਜਾ ਰਹੀ ਹੈ ਜੋ ਕਿ ਖਾਸ ਤਰਾਂ ਦੇ ਆਡੀਓ ਪੈਕੇਜ ਨਾਲ ਗੁਰਬਾਣੀ ਅਤੇ ਪੰਜਾਬੀ ਫੋਕ ਤੇ ਅਧਾਰਤ ਹਨ । ਇਹ ਵੈਨ ਜਿਲੇ ਦੇ ਹਰ ਪਿੰਡ ਤੱਕ ਪਹੰਚ ਕੇ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾ ਨੂੰ ਇੱਕ ਚੰਗਾ ਸੁਨੇਹਾ ਦੇਵੇਗੀ । ਇਸ ਮੌਕੇ ਤੇ ਸ੍ਰੀ ਸੁਰਜੀਤ ਸਿੰਘ ਧਾਲੀਵਾਲ, ਵਾਤਾਵਰਣ ਇੰਜੀਨੀਅਰ, ਸ੍ਰੀ ਦਲਜੀਤ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੁਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਠਿੰਡਾ ਵੀ ਆਪਣੇ ਸਮੂਹ ਸਟਾਫ ਨਾਲ ਹਾਜ਼ਰ ਸਨ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਲਖਮੀਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਲਈ ਹਾੜ੍ਹੀ ਦੇ ਇਸ ਸੀਜਨ ਦੌਰਾਨ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜੁਰਮਾਨਾ ਕਰਨ ਸਬੰਧੀ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇੰਨ੍ਹਾਂ ਨਿਰਦੇਸ਼ਾਂ ਤਹਿਤ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ 2 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ 2500 ਰੁਪਏ, 2 ਤੋਂ 5 ਏਕੜ ਵਾਲੇ ਕਿਸਾਨਾਂ ਨੂੰ 5 ਹਜ਼ਾਰ ਰੁਪਏ ਅਤੇ 5 ਏਕੜ ਤੋਂ ਜਿਆਦਾ ਜ਼ਮੀਨ ਵਾਲੇ ਕਿਸਾਨਾਂ ਨੂੰ 15 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹੁਣ ਹੀ ਪਿੰਡਾਂ ਵਿਚ ਲੱਗਣ ਵਾਲੇ ਕੈਂਪਾਂ ਵਿਚ ਵੀ ਪਿੰਡਾਂ ਦੇ ਕਿਸਾਨਾਂ ਨੂੰ ਜਾਣਕਾਰੀ ਦੇਣ ਅਤੇ ਕਿਸਾਨਾਂ ਨੂੰ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਅਪੀਲ ਕਰਨ।