‘ਪਰਾਲੀ ਦੀ ਸੰਭਾਲ ਲਈ ਮਸ਼ੀਨਾਂ ਦੀ ਖ੍ਰੀਦ ਲਈ ਖੇਤੀਬਾੜੀ ਇੰਨਫਰਾਸਟਰਕਚਰ ਫੰਡਜ਼ ਦੀ ਵਰਤੋਂ ਜ਼ਰੂਰੀ’

09/22/2020 6:37:27 PM

ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸਾਨ ਵੀਰ ਵੱਖ-ਵੱਖ ਮਸ਼ੀਨਾਂ ਦੀ ਖ੍ਰੀਦ ਲਈ ਬੈਂਕਾਂ ਪਾਸੋ ਕਰਜ਼ ਲੈਣ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਵੱਲੋਂ ਖੇਤੀਬਾੜੀ ਇਨਫਰਾਸਟਰਕਚਰ ਫੰਡਜ਼ ਦੀ ਸਹੂਲਤ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਹੈ, ਜਿਸ ਅਨੁਸਾਰ ਕਿਸਾਨਾਂ ਨੂੰ ਖੇਤੀ ਮਸ਼ੀਨ ਦੀ ਖ੍ਰੀਦ ਲਈ ਜਾਰੀ ਕਰਜ਼ ਦੀ ਸਹੂਲਤ ’ਤੇ 3% ਦੇ ਵਿਆਜ਼ ਦੀ ਵਿਸ਼ੇਸ਼ ਛੋਟ ਵੀ ਮਿਲ ਸਕਦੀ ਹੈ। 

ਡਾ.ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਜ਼ਿਲਾ ਜਲੰਧਰ ਵਿੱਚ ਪਿਛਲੇ ਦਿਨੀਂ ਕਰਾਪ ਰੈਜਿਡਿਓ ਮੈਨੇਜਮੈਂਟ ਸਕੀਮ ਅਧੀਨ 1850 ਕਿਸਾਨਾਂ ਅਤੇ ਕਿਸਾਨ ਗਰੁੱਪਾਂ, ਪੰਚਾਇਤਾਂ ਆਦਿ ਦੇ ਡਰਾਅ ਕੱਢੇ ਗਏ ਹਨ। ਇਸ ਡਰਾਅ ਵਿੱਚ ਕਾਮਯਾਬ 850 ਕਿਸਾਨਾਂ, ਕਿਸਾਨ ਗਰੁੱਪਾਂ ਆਦਿ ਨੂੰ ਕਿਹਾ ਗਿਆ ਕਿ ਉਹ ਮਿਤੀ 26 ਸਤੰਬਰ ਤੱਕ ਸਬੰਧਤ ਮਸ਼ੀਨਾਂ ਦੀ ਮਸ਼ੀਨ ਨਿਰਮਾਤਾਵਾਂ ਦੀ ਲਿਸਟ ਅਨੁਸਾਰ ਖ੍ਰੀਦ ਕਰਕੇ ਬਿੱਲ ਵਿਭਾਗ ਕੋਲ ਜਮਾਂ ਕਰਵਾ ਦੇਣ ਤਾਂ ਜੋ ਵਿਭਾਗੀ ਕਰਮਚਾਰੀਆਂ ਵੱਲੋਂ ਲੋੜੀਂਦੀ ਵੈਰੀਫਿਕੇਸ਼ਨ ਉਪਰੰਤ ਸਬਸਿਡੀ ਦੀ ਬਣਦੀ ਰਾਸ਼ੀ ਲਾਭਪਾਤਰੀ ਕਿਸਾਨ ਦੇ ਬੈਂਕ ਖਾਤਿਆ ਵਿੱਚ ਸਮੇਂ ਸਿਰ ਪਾਈ ਜਾ ਸਕੇ। 

ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੂਬੇ ਵਿੱਚ ਮਸ਼ੀਨ ਨਿਰਮਾਤਾਵਾਂ ਦੀ ਸੂਚੀ ਐਪਰੂਵ ਕੀਤੀ ਗਈ ਹੈ, ਜਿਸ ਦੀ ਪੂਰੀ ਜਾਣਕਾਰੀ ਕਿਸਾਨ ਵੀਰ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵੈਬਸਾਇਟ ਜਾਂ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਪਾਸੋ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਜਾਂ ਕਿਸਾਨ ਗਰੁੱਪ ਕਿਸੇ ਵੀ ਨੇਸ਼ਨਲਾਇਜਡ ਬੈਂਕ ਪਾਸੋ ਲੋਨ ਤੇ ਮਸ਼ੀਨ ਪ੍ਰਾਪਤ ਕਰ ਸਕਦਾ ਹੈ। ਇਸ ਖੇਤੀਬਾੜੀ ਇਨਫਰਾਸਟਰਕਚਰ ਸਕੀਮ ਅਧੀਨ ਖੇਤੀਬਾੜੀ ਕਰਜ਼ ’ਤੇ ਬਣਦੇ ਵਿਆਜ ’ਤੇ 3% ਦੀ ਸਬਵੈਨਸ਼ਨ ਭਾਵ ਛੋਟ ਦੀ ਸਹੂਲਤ ਕਿਸਾਨਾਂ ਨੂੰ ਮਿਲ ਸਕਦੀ ਹੈ। 

ਡਾ. ਸੁਰਿੰਦਰ ਸਿੰਘ ਨੇ ਜ਼ਿਲ੍ਹੇ ਵਿੱਚ ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ, ਕਸਟਮ ਹਾਇਰਿੰਗ ਸੈਂਟਰਾਂ ਆਦਿ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਲੋੜੀਦੀਆਂ ਸੇਵਾਂਵਾ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਜ਼ਰੂਰ ਪਹੁੰਚਾਉਣ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਮੁੱਚੀ ਵਾਢੀ ਲਈ ਐੱਸ.ਐੱਮ.ਐੱਸ. ਨਾਲ ਲੈਸ ਕੰਬਾਇਨਾ ਚਲਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾ.ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਅੱਗੇ ਕਿਹਾ ਹੈ ਕਿ ਖੇਤੀਬਾੜੀ ਵਿੱਚ ਸਹਾਇਕ ਧੰਦੇ ਅਪਣਾਉਣ, ਪ੍ਰੋਸੈਸਿੰਗ ਆਦਿ ਦੇ ਕੰਮਾਂ ਲਈ ਇਸ ਖੇਤੀਬਾੜੀ ਇਨਫਰਾਸਰਕਚਰ ਫੰਡਜ ਰਾਹੀਂ ਕਿਸਾਨ ਵੀਰ ਲੋਨ ’ਤੇ ਵਿਆਜ ਵਿੱਚ ਰਿਆਇਤ ਪ੍ਰਾਪਤ ਕਰ ਸਕਦਾ ਹੈ।  ਇਸ ਮਕਸਦ ਲਈ ਬੈਂਕਾਂ ਨਾਲ ਤਾਲਮੇਲ ਕਰਦੇ ਹੋਏ ਸਬੰਧਤ ਅਦਾਰਿਆਂ ਪਾਸੋ ਲੋੜੀਂਦੀ ਸਿਖਲਾਈ ਪ੍ਰਾਪਤ ਕਰਦੇ ਹੋਏ ਖੇਤੀ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ। 

ਡਾ.ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ


rajwinder kaur

Content Editor

Related News