ਮਿਆਰੀ ਬਾਸਮਤੀ ਦੀ ਪੈਦਾਵਾਰ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

06/29/2022 2:39:45 PM

ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਵਿੱਚ ਬਾਸਮਤੀ ਦੀ ਫ਼ਸਲ ਹੇਠ ਤਕਰੀਬਨ 22000 ਹੈਕਟੇਅਰ ਰਕਬਾ ਬੀਜੇ ਜਾਣ ਦਾ ਟੀਚਾ ਹੈ। ਪਿਛਲੇ ਸਾਲ ਦੀ ਤਰਾਂ ਇਸ ਸਾਲ ਵੱਖ-ਵੱਖ ਤਰਾਂ ਦੀਆਂ ਕੁਝ ਵਿਸ਼ੇਸ਼ ਜ਼ਹਿਰਾਂ ਨੂੰ ਬਾਸਮਤੀ ਦੀ ਫ਼ਸਲ ’ਤੇ ਨਾ ਵਰਤਣ ਲਈ ਕਿਹਾ ਜਾ ਰਿਹਾ ਹੈ, ਜਿਵੇਂ ਐਸੀਫੇਟ, ਥਾਇਆਮਿਥੋਕਸਮ, ਕਾਰਬੈਂਡਾਜ਼ਿਮ, ਟ੍ਰਾਈਸਈਕਲਾਜ਼ੋਲ, ਬਿਪਰੋਫਿਜ਼ਨ, ਕਾਰਬੋਫਿਉਰੋਨ, ਪ੍ਰੋਪੀਕੋਨਾਜ਼ੋਲ, ਥਾਇਓਫਿਨੇਟ ਮਿਥਾਇਲ। ਇਨ੍ਹਾਂ ਜ਼ਹਿਰਾਂ ਦੇ ਇਸਤੇਮਾਲ ਨਾਲ ਬਾਸਮਤੀ ਦੀ ਉਪਜ ਦੀ ਕੁਆਲਿਟੀ ਖ਼ਰਾਬ ਹੁੰਦੀ ਹੈ ਅਤੇ ਅੰਤਰਰਾਸ਼ਟਰੀ ਮੰਡੀ ਵਿੱਚ ਇਸ ਫ਼ਸਲ ਦੀ ਵਿਕਰੀ ਕਰਨੀ ਔਖੀ ਹੋ ਜਾਂਦੀ ਹੈ। ਕਈ ਵਾਰ ਇਨ੍ਹਾਂ ਜ਼ਹਿਰਾਂ ਕਰਕੇ ਬਾਹਰਲੇ ਮੁਲਕਾਂ ਵੱਲੋਂ ਬਾਸਮਤੀ ਦੀ ਕੰਨਸਾਇਨਮੈਂਟ ਵਾਪਿਸ ਭੇਜੀ ਗਈ ਸੀ। 

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪੱਛਮੀ ਅਤੇ ਮਿਡਲ ਈਸਟ ਦੇਸ਼ਾ ਵਿੱਚ ਸਾਡੇ ਸੂਬੇ ਦੀ ਬਾਸਮਤੀ ਦੀ ਐਕਸਪੋਰਟ ਜੇਕਰ ਮਜ਼ਬੂਤ ਹੁੰਦੀ ਹੈ ਤਾਂ ਇਸ ਦਾ ਫ਼ਾਇਦਾ ਸਾਡੇ ਕਿਸਾਨਾਂ ਨੂੰ ਪੁੱਜ ਸਕਦਾ ਹੈ। ਇਸ ਲਈ ਸਾਨੂੰ ਕੁਆਲਿਟੀ ਬਾਸਮਤੀ ਦੀ ਪੈਦਾਵਾਰ ਕਰਨ ਦੀ ਲੋੜ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਅਧੀਨ ਕੰਮ ਕਰ ਰਿਹੇ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਕਿ ਫ਼ਸਲਾਂ ਵਿੱਚ ਰਸਾਇਣਾ ਦਾ ਵਧੇਰੇ ਇਸਤੇਮਾਲ ਕਰਨ ਨਾਲ ਜਿਥੇ ਖੇਤੀ ਖ਼ਰਚੇ ਵੱਧਦੇ ਹਨ, ਉਥੇ ਉਪਜ ਦੀ ਕੁਆਲਿਟੀ ਘੱਟਦੀ ਹੈ। ਕਿਸਾਨਾਂ ਨੂੰ ਘੱਟ ਤੋਂ ਘੱਟ ਜ਼ਹਿਰਾਂ ਦਾ ਇਸਤੇਮਾਲ ਕਰਦੇ ਹੋਏ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਲਈ ਪ੍ਰੇਰਿਆ ਜਾਵੇ। ਡਾ.ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਵਿੱਚ ਖਾਦਾ/ਦਵਾਈਆਂ ਅਤੇ ਖ਼ਾਸ ਕਰਕੇ ਸੂਖਮ ਤੱਤ ਵਾਲੀਆਂ ਖਾਦਾਂ ਦਾ ਇਸਤੇਮਾਲ ਮਾਹਿਰਾ ਦੀ ਸਲਾਹ ਅਨੁਸਾਰ ਕਰਨਾ ਚਾਹੀਦਾ ਹੈ। 

ਡਾ.ਸਿੰਘ ਨੇ ਜ਼ਿਲ੍ਹੇ ਦੇ ਸਮੂਹ ਬਾਸਮਤੀ ਦੇ ਕਾਸ਼ਤਕਾਰ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਬਾਸਮਤੀ ਦੀ ਫ਼ਸਲ ਦੀ ਵਧੇਰੇ ਕਾਸ਼ਤ ਕਰਦੇ ਹੋਏ ਇਨ੍ਹਾਂ ਦਰਸਾਈਆਂ ਗਈਆਂ ਜ਼ਹਿਰਾ ਦਾ ਇਸਤੇਮਾਲ ਭਵਿੱਖ ਵਿੱਚ ਬਾਸਮਤੀ ’ਤੇ ਬਿਲਕੁੱਲ ਨਾ ਕਰਨ ਅਤੇ ਦਵਾਈ ਵਿਕਰੇਤਾ ਇਨ੍ਹਾਂ ਦਵਾਈਆਂ ਨੂੰ ਸਟੋਰ ਵੀ ਨਾ ਕਰਨ। ਡਾ.ਸਿੰਘ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਲੋਹੇ ਦੀ ਘਾਟ ਬਾਰੇ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਸ ਤੱਤ ਦੀ ਘਾਟ ਨਾਲ ਨਵੇਂ ਨਿੱਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਜਦੋਂ ਇਸ ਤਰਾਂ ਦੀਆਂ ਪੀਲੇਪਨ ਦੀਆਂ ਨਿਸ਼ਾਨੀਆਂ ਝੋਨੇ ਵਿੱਚ ਨਜ਼ਰ ਆਉਣ ਤਾਂ ਛੇਤੀ-ਛੇਤੀ ਭਰਵਾਂ ਪਾਣੀ ਫ਼ਸਲ ਨੂੰ ਦੇਣਾ ਚਾਹੀਦਾ ਹੈ।

ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। ਅਜਿਹੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਲਈ ਲੋੜੀਂਦੀਆਂ ਖਾਦਾ/ਦਵਾਈਆਂ ਆਦਿ ਦੀ ਖ੍ਰੀਦ ਕਿਸਾਨਾਂ ਨੂੰ ਹਮੇਸ਼ਾ ਰਜਿਸਟਰਡ ਡੀਲਰ ਪਾਸੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿਹਾ ਕਿ ਜ਼ਿਆਦਾ ਨਾਈਟਰੋਜ਼ਨ ਵਾਲੀ ਖਾਦ ਪਾਉਣ ਨਾਲ ਝੋਨੇ ਦੇ ਟਿੱਡੇ, ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਆਦਿ ਹਮਲੇ ਵਿੱਚ ਵਾਧਾ ਹੁੰਦਾ ਹੈ।

ਡਾ.ਨਰੇਸ਼ ਕੁਮਾਰ ਗੁਲਾਟੀ 
ਸੰਪਰਕ ਅਫ਼ਸਰ ਕਮ ਖੇਤੀਬਾੜੀ ਅਫ਼ਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ।

 


rajwinder kaur

Content Editor

Related News