ਮਿੱਟੀ-ਪਾਣੀ ਤੇ ਮਨੁੱਖੀ ਸਿਹਤ ਲਈ ਹੋਰ ‘ਖਤਰਨਾਕ’ ਹੋ ਸਕਦੀ ‘ਜ਼ਹਿਰਾਂ’ ਨੂੰ ਬੈਨ ਕਰਨ ’ਚ ਕੀਤੀ ਦੇਰੀ

07/31/2020 12:33:46 PM

ਗੁਰਦਾਸਪੁਰ (ਹਰਮਨਪ੍ਰੀਤ) - ਕੇਂਦਰ ਸਰਕਾਰ ਵਲੋਂ ਦੇਸ਼ ’ਚ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਾਰਣ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਬੇਸ਼ੱਕ ਕੁਝ ਮਹੀਨੇ ਪਹਿਲਾਂ 27 ਕਿਸਮ ਦੀਆਂ ਰਸਾਇਣਕ ਦਵਾਈਆਂ ਨੂੰ ਬੈਨ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਪਰ ਇਸਦੇ ਬਾਵਜੂਦ ਅਜੇ ਤੱਕ ਕੇਂਦਰ ਵੱਲੋਂ ਪੂਰੇ ਦੇਸ਼ ਅੰਦਰ ਇਨ੍ਹਾਂ ਖਤਰਨਾਕ ਜ਼ਹਿਰਾਂ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਇਸ ਲਈ ਆਸ਼ਾ ਕਿਸਾਨ ਸਵਰਾਜ ਸੰਸਥਾ ਨੇ ਇਕ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਹੈ।

ਕੀ ਹੈ ਮਾਮਲਾ?
ਇਸ ਮੌਕੇ ਪੂਰੇ ਦੇਸ਼ ਅੰਦਰ ਖੇਤਾਂ ਵਿਚ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਦਵਾਈਆਂ ਦੇ ਮਨੁੱਖੀ ਸਿਹਤ, ਮਿੱਟੀ ਅਤੇ ਪਾਣੀ ਸਮੇਤ ਕਈ ਪਸ਼ੂਆਂ ’ਤੇ ਪੈ ਰਿਹਾ ਮਾਰੂ ਪ੍ਰਭਾਵ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਥੋਂ ਤੱਕ ਕਿ ਕੈਂਸਰ ਵਰਗੀਆਂ ਬੀਮਾਰੀਆਂ ਦੇ ਵਧਣ ਦਾ ਕਾਰਣ ਅਜਿਹੀਆਂ ਜ਼ਹਿਰੀਲੀਆਂ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਨੂੰ ਮੰਨਿਆ ਜਾ ਰਿਹਾ ਹੈ। ਅਜੇ ਅਨੇਕਾਂ ਗੰਭੀਰ ਮਸਲਿਆਂ ਦੇ ਹੱਲ ਲਈ ਕੇਂਦਰ ਸਰਕਾਰ ਨੇ ਦੋ ਮਹੀਨੇ ਪਹਿਲਾਂ ਦੇਸ਼ ਅੰਦਰ 27 ਕਿਸਮ ਦੇ ਇੰਸੈਕਟੀਸਾਈਡਜ ਬੰਦ ਕਰਨ ਦੀ ਤਜਵੀਜ ਤਿਆਰ ਕੀਤੀ ਸੀ। ਇਸ ਤਹਿਤ 45 ਦਿਨਾਂ ਦੇ ਅੰਦਰ ਸਬੰਧਤ ਧਿਰਾਂ ਕੋਲੋਂ ਸੁਝਾਅ ਅਤੇ ਇਤਰਾਜਾਂ ਦੀ ਮੰਗ ਕੀਤੀ ਗਈ ਸੀ।

ਪੜ੍ਹੋ ਇਹ ਵੀ ਖਬਰ - ਬਾਹਰਲਾ ਮੁਲਕ ਛੱਡ ਪੰਜਾਬ ਆ ਕੇ ‘ਨਰਿੰਦਰ ਸਿੰਘ ਨੀਟਾ’ ਬਣਿਆ ਕੁਦਰਤੀ ਖੇਤੀ ਦਾ ਕਾਮਯਾਬ ਕਿਸਾਨ

ਕਿਹੜੀਆਂ ਜਹਿਰੀਲੀਆਂ ਦਵਾਈਆਂ ਬੈਨ ਕਰਨ ਦੀ ਹੈ ਤਜਵੀਜ
ਜਿਹੜੇ 27 ਕੀਟਨਾਸ਼ਕ ਬੈਨ ਕਰਨ ਲਈ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਵਿਚ ਐਸਫੇਟ ਪਹਿਲਾਂ ਹੀ 32 ਦੇਸ਼ਾਂ ਵਿਚ ਬੈਨ ਕੀਤਾ ਗਿਆ ਸੀ, ਕਿਉਂਕਿ ਇਸਨੂੰ ਮਧੂ ਮੱਖੀਆਂ ਲਈ ਖਤਰਨਾਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਐਟਰਾਜੀਨ ਨੂੰ ਮੱਛੀ ਅਤੇ ਪਾਣੀ ਦੇ ਹੋਰ ਜੀਵਾਂ ਲਈ ਨੁਕਸਾਨਦੇਹ ਮੰਨ ਕੇ ਇਸ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ ਜਦੋਂ ਕਿ ਤੀਸਰਾ ਰਸਾਇਣ ਬੇਨਫੁਰਾਕਾਰਬ, ਜੋ 28 ਦੇਸ਼ਾਂ ਵਿਚ ਪਹਿਲਾਂ ਹੀ ਬੈਨ ਹੈ। ਮੱਛੀ ਲਈਆਂ ਖਤਰਨਾਕ ਮੰਨਿਆ ਜਾਣ ਵਾਲਾ ਕੈਪਟਾਨ, ਡਿਊਰੋਨ, ਮੈਲਾਥੀਓਨ, ਜੀਨੇਬ, ਜੀਰਮ, ਕਲੋਰੋਪਾਇਰੀਫਾਸ, 2-4ਡੀ, ਐਸੀਫੇਟ, ਕੁਇਨਲੋਫਾਸ, ਮੋਨੋਕਰੋਟੋਫਾਸ, ਆਕਸੀਫਲੋਰਫਿਨ, ਪੈਂਡੀਮੈਥਾਲਿਨ, ਕੁਨਿਲੋਫਾਸ, ਸਲਫੋਸਲਫਿਊਰਾਨ, ਥਾਇਓਦਿਕਾਰਬ, ਥਾਇਓਫਿਨੇਟ ਮਿਥਾਇਲ, ਬੂਟਾਕਲੋਰ, ਕਾਰਬੈਂਡਾਜਮ, ਕਾਰਬੋਫਿਊਰਾਨ, ਡੈਲਟਾਮੈਥਰੀਨ, ਡਾਇਕੋਫੋਲ, ਡਾਈਮੈਥੋਏਟ, ਡਿਨੋਕਾਪ ਆਦਿ ਸਾਮਿਲ ਵੀ ਇਸ ਸੂਚੀ ਵਿਚ ਸ਼ਾਮਲ ਹਨ।

ਪੜ੍ਹੋ ਇਹ ਵੀ ਖਬਰ - ਦੁਧਾਰੂ ਪਸ਼ੂਆਂ ’ਤੇ ਰੋਗਾਣੂਨਾਸ਼ਕਾਂ ਦੀ ਜ਼ਿਆਦਾ ਵਰਤੋ ਮਨੁੱਖੀ ਸਿਹਤ ਲਈ ਖ਼ਤਰਨਾਕ

ਭਾਰਤ ’ਚ ਵਿਕ ਰਹੇ ਹਨ ਹੋਰ ਦੇਸ਼ਾਂ ’ਚ ਬੈਨ ਕਰੀਬ 100 ਰਸਾਇਣ
ਭਾਰਤ ਅੰਦਰ 100 ਦੇ ਕਰੀਬ ਕੀਟਨਾਸ਼ਕ ਅਜਿਹੇ ਹਨ, ਜੋ ਹੋਰ ਦੇਸ਼ਾਂ ਵਿਚ ਬੈਨ ਕੀਤੇ ਗਏ ਸਨ। ਇਸ ਕਾਰਨ ਕੇਂਦਰ ਸਰਕਾਰ ਨੇ ਅਗਸਤ 2018 ਵਿਚ ਵੀ ਕਰੀਬ 18 ਕੀਟਨਾਸ਼ਕਾਂ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ, ਜਿਨ੍ਹਾਂ ਵਿਚੋਂ 12 ਤਾਂ ਉਸ ਮੌਕੇ ਬੰਦ ਕਰ ਦਿੱਤੇ ਗਏ ਸਨ ਜਦੋਂ ਕਿ ਬਾਕੀ ਦੇ 6 ’ਤੇ 31 ਦਸੰਬਰ 2020 ਤੋਂ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ।

ਪੜ੍ਹੋ ਇਹ ਵੀ ਖਬਰ - ਖੰਡ ਮਿੱਲਾਂ ਵੱਲ ਕਿਸਾਨਾਂ ਦੇ ਖੜ੍ਹੇ 22 ਹਜ਼ਾਰ ਕਰੋੜ ਬਕਾਏ ਦਾ ਵਾਲੀ ਵਾਰਸ ਕੌਣ ਬਣੇ?

ਦੇਸ਼ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਪੰਜਾਬ ਦੇ ਕਿਸਾਨ
ਵੈਸੇ ਤਾਂ ਪੂਰੇ ਦੇਸ਼ ਅੰਦਰ ਰਸਾਇਣਕ ਦਵਾਈਆਂ ਦੀ ਵਰਤੋਂ ਬੇਹੱਦ ਜ਼ਿਆਦਾ ਹੋ ਰਹੀ ਹੈ ਪਰ ਪੰਜਾਬ ਦੇ ਕਿਸਾਨ ਇਸ ਮਾਮਲੇ ਵਿਚ ਬੇਹੱਦ ਅੱਗੇ ਹਨ। ਦੇਸ਼ ਅੰਦਰ ਇਕ ਹੈਕਟੇਅਰ ਰਕਬੇ ਵਿਚ ਕਰੀਬ 290 ਗ੍ਰਾਮ/ਪ੍ਰਤੀ ਹੈਕਟੇਅਰ ਰਸਾਇਣਕ ਦਵਾਈਆਂ ਦੀ ਵਰਤੋਂ ਹੋ ਰਹੀ ਹੈ ਜਦੋਂ ਕਿ ਪੰਜਾਬ ਅੰਦਰ ਕਿਸਾਨ ਪ੍ਰਤੀ ਹੈਕਟੇਅਰ ਰਕਬੇ ਵਿਚ ਔਸਤਨ 740 ਗ੍ਰਾਮ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਇਸ ਕਾਰਣ ਪੰਜਾਬ ਦੇ ਕਿਸਾਨਾਂ ਨੂੰ ਖਾਦਾਂ ਅਤੇ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕਰਨ ਲਈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਹੈ ਜਿਸ ਤਹਿਤ ਪਿਛਲੇ 2 ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਬੇਲੋੜੀ ਖਾਦ ਅਤੇ ਦਵਾਈ ਦੀ ਵਰਤੋਂ ਰੋਕ ਕੇ ਕਿਸਾਨਾਂ ਦਾ ਆਰਥਿਕ ਬੋਝ ਘੱਟ ਕੀਤਾ ਹੈ।

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

ਬਾਸਮਤੀ ’ਤੇ 9 ਜ਼ਹਿਰਾਂ ਦੀ ਵਰਤੋਂ ਰੋਕਣ ਦੇ ਯਤਨ
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਪੈਦਾ ਕੀਤੀ ਜਾਂਦੀ ਬਾਸਮਤੀ ਦਾ ਵੱਡਾ ਹਿਸਾ ਵੱਖ-ਵੱਖ ਦੇਸ਼ਾਂ ਵਿਚ ਐਕਸਪੋਰਟ ਹੁੰਦਾ ਹੈ। ਪਰ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਤੋਂ ਗਈ ਬਾਸਮਤੀ ਵਿਚ ਰਸਾਇਣਕ ਦਵਾਈਆਂ ਦੇ ਤੱਤ ਜ਼ਿਆਦਾ ਹੋਣ ਕਾਰਣ ਕਈ ਦੇਸ਼ਾਂ ਨੇ ਭਾਰਤ ਦੀ ਬਾਸਮਤੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਹਿਤ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਬਾਸਮਤੀ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਬਾਸਮਤੀ ਦੀ ਫਸਲ ’ਤੇ ਐਸੀਫੇਟ, ਟਰਾਈਜੋਫਾਸ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜੋਲ, ਪ੍ਰੋਪੀਕੋਨਾਜੋਲ, ਕਾਰਬੋਬਿਊਰੋਨ, ਬੁਪਰੋਫਿਜਿਨ, ਥਾਇਆਮਿਥੋਕਸਮ, ਥਾਇਉਫੀਨੇਟ ਮਿਥਾਈਲ ਦੀ ਵਰਤੋਂ ਰੋਕਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ।

ਪੜ੍ਹੋ ਇਹ ਵੀ ਖਬਰ - ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲਾ 'ਸ਼ਹੀਦ ਊਧਮ ਸਿੰਘ' 

‘ਆਸ਼ਾ’ ਨੇ ਬਿਨਾਂ ਦੇਰੀ ਨੋਟੀਫਿਕੇਸ਼ਨ ਕਰਨ ਦੀ ਕੀਤੀ ਮੰਗ
ਆਸ਼ਾ ਦੀ ਕਨਵੀਨਰ ਕਵਿਤਾ ਕੁਰੁਗਾਤੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਨਾਂ ਦੇਰੀ ਇਹ ਜ਼ਹਿਰ ਬੰਦ ਕਰਨ ਲਈ ਨੋਟੀਫਿਕੇਸ਼ਨ ਕਰਨਾ ਚਾਹੀਦਾ ਹੈ ਜਿਸ ਲਈ ਉਹ ਵੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ 2018 ਵਿਚ ਲਾਈ ਪਾਬੰਦੀ ਦੇ ਬਾਵਜੂਦ ਸਰਕਾਰ ਸਾਰੇ ਜ਼ਹਿਰਾਂ ਦੀ ਵਰਤੋਂ ਤੇ ਵਿਕਰੀ ਨੂੰ ਨਹੀਂ ਰੋਕ ਸਕੀ ਅਤੇ 18 ਵਿਚੋਂ 6 ਨੂੰ ਅਜੇ ਵੀ ਇਸ ਫੈਸਲੇ ਦੇ ਕਰੀਬ ਸਵਾ ਦੋ ਸਾਲਾਂ ਬਾਅਦ ਬੰਦ ਕੀਤਾ ਜਾਣਾ ਹੈ।

ਪੜ੍ਹੋ ਇਹ ਵੀ ਖਬਰ - ਮਾਨਸਿਕ ਤੇ ਸਰੀਰਕ ਸਮਰੱਥਾ ਨੂੰ ਖੋਰਾ ਲਗਾ ਰਹੀ ‘ਰਵਾਇਤੀ ਖੁਰਾਕ’ ਤੋਂ ਮੂੰਹ ਮੋੜਨ ਦੀ ਆਦਤ

ਵਰਤੋਂ ਅਤੇ ਵਿਕਰੀ ਰੋਕਣ ਦੇ ਨਾਲ ਕੰਪਨੀਆਂ ’ਤੇ ਵੀ ਲੱਗੇ ਰੋਕ
ਕਈ ਖੇਤੀ ਮਾਹਿਰਾਂ, ਕਿਸਾਨਾਂ ਤੇ ਵਪਾਰੀਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਦੇਰੀ ਅਜਿਹੇ ਕੀਟਨਾਸ਼ਕਾਂ ਨੂੰ ਰੋਕਣ ਲਈ ਨੋਟੀਫਿਕੇਸ਼ਨ ਕਰੇ ਅਤੇ ਬਾਅਦ ਵਿਚ ਇਨ੍ਹਾਂ ਦਵਾਈਆਂ ਦੀ ਵਰਤੋਂ ਨੂੰ 100 ਫੀਸਦੀ ਰੋਕਣ ਲਈ ਸਿਰਫ ਵਿਕਰੀ ਰੋਕਣ ਤੱਕ ਸੀਮਤ ਰਹਿਣ ਦੀ ਬਜਾਏ ਅਜਿਹੇ ਕੀਟ ਨਾਸ਼ਕ ਤਿਆਰ ਕਰਨ ਵਾਲੀਆਂ ਕੰਪਨੀਆਂ ਖਿਲਾਫ ਵੀ ਸਿਕੰਜਾ ਕੱਸੇ। ਜੇਕਰ ਇਹ ਖਤਰਨਾਕ ਕੀਟਨਾਸ਼ਕ ਸਹੀ ਮਾਇਨਿਆਂ ਵਿਚ ਬੈਨ ਹੋ ਜਾਂਦੇ ਹਨ ਤਾਂ ਪੰਜਾਬ ਸਮੇਤ ਪੂਰੇ ਦੇਸ਼ ਦੇ ਲੋਕਾਂ ਨੂੰ ਕਈ ਗੰਭੀਰ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’

rajwinder kaur

This news is Content Editor rajwinder kaur