ਕੀੜੇਮਾਰ ਦਵਾਈਆਂ ਦੇ ਡੀਲਰਾਂ ਦੀ ਹੋਈ ਅਚਨਚੇਤ ਚੈਕਿੰਗ, ਇਕ ਦਾ ਕੀਤਾ ਲਾਈਸੈਂਸ ਰੱਦ

06/18/2022 7:56:26 PM

ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਵੱਲੋਂ ਆਪਣੀ ਮੌਜੂਦਗੀ ਵਿੱਚ ਕੀਤੀ ਅਚਨਚੇਤ ਚੈਕਿੰਗ ਦੌਰਾਨ ਵੀ.ਕੇ ਐਂਡ ਸਨਜ਼ ਅੱਡਾ ਕਠਾਰ ਬਲਾਕ ਆਦਮਪੁਰ ਦਾ ਪੇਸਟੀਸਾਇਡਜ਼ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਬੰਧਿਤ ਫਰਮ ਦੇ ਮਾਲਕ ਦੇ ਵਿਦੇਸ਼ ਜਾਣ ਕਰਕੇ ਅਤੇ ਮੌਕੇ’ ਤੇ ਹਾਜ਼ਰ ਇਸ ਫਰਮ ਦੇ ਨੁਮਾਇੰਦੇ ਦੀ ਬੇਨਤੀ ’ਤੇ ਇਸ ਫਰਮ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਨੁਮਾਇੰਦੇ ਨੂੰ ਹਦਾਇਤ ਕੀਤੀ ਗਈ ਕਿ ਜੋ ਵੀ ਦਵਾਈਆਂ ਮੌਕੇ ’ਤੇ ਪਈਆਂ ਹਨ, ਉਨ੍ਹਾਂ ਦੀ ਵੀਕਰੀ ਕਿਸਾਨ ਨੂੰ ਨਾ ਕੀਤੀ ਜਾਵੇ ਅਤੇ ਇਹ ਸਮੁੱਚਾ ਮਾਲ ਸਬੰਧਤ ਕੰਪਨੀਆਂ ਨੂੰ ਵਾਪਿਸ ਭੇਜ ਦਿੱਤਾ ਜਾਵੇ। 

ਡਾ.ਸਿੰਘ ਵੱਲੋਂ ਇਲਾਕੇ ਦੇ ਵਿਕਰੇਤਾ ਅਗਰਵਾਲ ਸੀਡ ਸਟੋਰ ਦੀ ਚੈਕਿੰਗ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਡੀਲਰ ਨੂੰ ਅਣ ਅਧਿਕਾਰਿਤ ਬੀਜਾਂ ਦੀ ਵਿਕਰੀ ਕਰਨ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਡਾ.ਸਿੰਘ ਨੇ ਜ਼ਿਲ੍ਹਾ ਜਲੰਧਰ ਦੇ ਸਮੂਹ ਖਾਦ ਬੀਜ ਅਤੇ ਦਵਾਈ ਵਿਕਰੇਤਾਵਾਂ ਨੂੰ ਕਿਹਾ ਕਿ ਉਹ ਆਪਣੇ ਲਾਇਸੈਂਸ ਵਿੱਚ ਅਧਿਕਾਰਿਤ ਖੇਤੀ ਵਸਤਾਂ ਦੇ ਬਿੱਲ ਜਾਰੀ ਕਰਦੇ ਹੋਏ ਕਿਸਾਨਾਂ ਨੂੰ ਵਿਕਰੀ ਕਰਨ। ਰੋਜ਼ਾਨਾ ਸਟੋਰ ਸਟਾਕ ਬੋਰਡ ਮੇਨਟੈਨ ਕੀਤਾ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਜਬਰਦਸਤੀ ਕਿਸੇ ਵਸਤੂ ਦੀ ਵਿਕਰੀ ਨਾ ਕੀਤੀ ਜਾਵੇ। 

ਡਾ.ਸਿੰਘ ਨੇ ਜ਼ਿਲ੍ਹਾ ਜਲੰਧਰ ਵਿੱਚ ਖੇਤੀਬਾੜੀ ਵਿਭਾਗ ਅਧੀਨ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਡੀਲਰ ਜੋ ਕੁਆਲਿਟੀ ਕੰਟਰੋਲ ਐਕਟ ਦੀ ਉਲਘੰਨਾ ਕਰਦੇ ਹਨ, ਬਾਰੇ ਇਸ ਦਫ਼ਤਰ ਨੂੰ ਤੁਰੰਤ ਸੂਚਿਤ ਕਰਨ ਤਾਂ ਜੋ ਉਨ੍ਹਾਂ ਦਾ ਲਾਇਸੈਂਸ ਰੱਦ ਕੀਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਉਹ ਸਿਰਫ ਅਧਿਕਾਰਿਤ ਵਿਕਰੇਤਾਵਾਂ ਪਾਸੋਂ ਖੇਤੀ ਵਸਤਾਂ ਦੀ ਖ੍ਰੀਦ, ਬਿੱਲ ਪ੍ਰਾਪਤ ਕਰਦੇ ਹੋਏ ਕਰਨ। ਇਸ ਦੌਰੇ ਦੌਰਾਨ ਡਾ ਸਿੰਘ ਵੱਲੋਂ ਇਲਾਕੇ ਵਿੱਚ ਝੋਨੇ ਦੀ ਸਿੱਧੀ ਬੀਜਾਈ ਦਾ ਜਾਇਜ਼ਾ ਲਿਆ ਗਿਆ। ਪਿੰਡ ਮੰਡੇਰ ਵਿਖੇ ਕਿਸਾਨ ਗੁਰਨਾਮ ਸਿੰਘ ਅਤੇ ਗਿਆਨ ਸਿੰਘ ਵੱਲੋਂ 2 ਏਕੜ ਰਕਬੇ ਅਧੀਨ ਕੀਤੀ ਗਈ ਝੋਨੇ ਦੀ ਸਿੱਧੀ ਬੀਜਾਈ ਦਾ ਖੇਤ ਦੇਖਿਆ। 

ਕਿਸਾਨ ਨੇ ਜਾਣਕਾਰੀ ਦਿੱਤੀ ਕਿ ਉਸ ਵੱਲੋਂ 9 ਕਿਲੋ ਬੀਜ ਪ੍ਰਤੀ ਏਕੜ ਡਰਿੱਲ ਰਾਹੀਂ ਕੇਰਿਆ ਗਿਆ। ਕਿਸਾਨ ਵੱਲੋਂ ਸ਼ਾਮ ਵੇਲੇ ਬੀਜਾਈ ਕਰਨ ਉਪਰੰਤ ਉਸੇ ਵੇਲੇ ਸਟੋਂਪ ਦਵਾਈ ਦਾ ਸਪਰੇ ਕੀਤਾ ਗਿਆ। ਡਾ.ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬੀਜਾਈ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਅਤੇ ਦੱਸਿਆ ਕਿ ਮਿਤੀ 30 ਜੂਨ ਤੱਕ ਕਿਸਾਨ ਨਿਰਧਾਰਿਤ ਪੋਰਟਲ ’ਤੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ। ਉਪਰੰਤ ਵਿਭਾਗ ਦੇ ਨੁਮਾਇੰਦੇ ਵੱਲੋਂ ਵੈਰੀਫਿਕੇਸ਼ਨ ਕਰਨ ਉਪਰੰਤ ਸਰਕਾਰ ਦੀ ਸਕੀਮ ਅਨੁਸਾਰ ਰੁਪਏ 1500 ਪ੍ਰਤੀ ਏਕੜ ਦੀ ਦਰ ’ਤੇ ਬਣਦੀ ਰਾਸ਼ੀ ਕਿਸਾਨ ਦੇ ਬੈਂਕ ਖਾਤੇ ਵਿੱਚ ਜਮਾਂ ਕੀਤੀ ਜਾਵੇਗੀ। 
                        
ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।


rajwinder kaur

Content Editor

Related News