ਝੋਨੇ ਦੀਆਂ ਅਦਾਇਗੀਆਂ ਨਾ ਹੋਣ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਦੀਆਂ ਦੇਣਦਾਰੀਆਂ ਰੁਕੀਆਂ

12/14/2016 4:52:20 PM

ਗੁਰਦਾਸਪੁਰ (ਵਿਨੋਦ)—ਪੰਜਾਬ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਸੀ ਅਤੇ ਉਸ ਦੀ ਅਦਾਇਗੀ 48 ਘੰਟਿਆਂ ਵਿੱਚ ਕਰਨ ਦੇ ਦਮਗਜੇ ਮਾਰੇ ਗਏ ਸਨ ਪਰ ਅੱਜ ਤੱਕ ਢਾਈ ਮਹੀਨੇ ਬੀਤਣ ਦੇ ਬਾਵਜੂਦ ਵੀ ਪੰਜਾਬ ਦੇ ਹਜ਼ਾਰਾਂ ਆੜ੍ਹਤੀਆਂ ਦੀਆਂ ਪੰਜਾਬ ਸਰਕਾਰ ਵੱਲੋਂ ਖਰੀਦੀ ਝੋਨੇ ਦੀਆਂ ਅਦਾਇਗੀਆਂ ਨਹੀਂ ਕੀਤੀ ਗਈਆਂ। 

ਸਥਾਨਕ ਐਸੋਸੀਏਸ਼ਨ ਦੇ ਆਗੂ ਮੋਹਣ ਸਿੰਘ ਧੰਦਲ ਅਤੇ ਲਖਵਿੰਦਰਜੀਤ ਸਿੰਘ ਭੱਟੀਆਂ ਨੇ ਸਾਥੀਆਂ ਦੀਆਂ ਹਾਜ਼ਰੀ ਵਿੱਚ ਦੱਸਿਆ ਕਿ ਇਕੱਲੀ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਆੜ੍ਹਤੀਆਂ ਦੀਆਂ ਕਰੋੜਾਂ ਰੁਪਏ ਦੀਆਂ ਦੇਣਦਾਰੀਆਂ ਸਰਕਾਰ ਵੱਲ ਬਾਕੀ ਹਨ। 

ਮੋਹਨ ਸਿੰਘ ਧੰਦਲ ਨੇ ਦੱਸਿਆ ਕਿ ਉਸ ਦੀ 45 ਲੱਖ ਦੇ ਕਰੀਬ ਸਰਵਣ ਸਿੰਘ ਭੱਟੀਆਂ ਦੀ 43 ਲੱਖ ਦੇ ਕਰੀਬ ਲਖਵਿੰਦਰਜੀਤ ਸਿੰਘ ਦੀ 23 ਲੱਖ ਦੇ ਕਰੀਬ ਇਸ ਤੋਂ ਇਲਾਵਾ ਹੋਰ ਦਰਜਨਾਂ ਆੜ੍ਹਤੀਆਂ ਦੀਆਂ ਵੱਡੀਆਂ ਰਕਮਾਂ ਸਰਕਾਰ ਵੱਲ ਫਸੀਆਂ ਹੋਈਆਂ ਹਨ। ਆੜ੍ਹਤੀਆਂ ਦੇ ਵਫਦ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੀਆਂ ਅਦਾਇਗੀਆਂ ਆੜਤੀਆਂ ਵੱਲ ਬਕਾਇਆ ਹਨ, ਉਨ੍ਹਾਂ ਵੱਲੋਂ ਆੜ੍ਹਤੀਆਂ ਦੇ ਘਰਾਂ ਵਿੱਚ ਲਗਾਏ ਜਾਂਦੇ ਅੱਤ ਦੇ ਗੇੜਿਆਂ ਤੋਂ ਆੜ੍ਹਤੀ ਅਤੇ ਕਿਸਾਨ ਪਰਿਵਾਰ ਵੀ ਤੰਗ ਆ ਚੁੱਕੇ ਹਨ। ਆੜ੍ਹਤੀ ਵਫਦ ਨੇ ਸਰਕਾਰ ਤੋਂ ਮੰਗੇ ਕੀਤੀ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀਆਂ ਅਦਾਇਗੀਆਂ ਕੀਤੀਆਂ ਜਾਣ।