ਝੋਨੇ ਤੇ ਬਾਸਮਤੀ ਦੇ ਖੇਤਾਂ ਦੀ ਰਹਿੰਦ-ਖੂੰਹਦ ’ਚ ਇਸ ਸਾਲ ਆਈ 15 ਫੀਸਦੀ ਗਿਰਾਵਟ

10/21/2020 9:56:41 AM

ਗੁਰਦਾਸਪੁਰ (ਹਰਮਨਪ੍ਰੀਤ) - ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਝੋਨੇ ਹੇਠੋਂ ਰਕਬਾ ਘਟਾਉਣ ਦੇ ਕੀਤੇ ਗਏ ਯਤਨਾਂ ਦੇ ਚਲਦਿਆਂ ਇਸ ਸਾਲ ਝੋਨੇ ਹੇਠਲੇ ਰਕਬੇ ਵਿਚ ਗਿਰਾਵਟ ਆਈ ਹੈ। ਆਈ ਇਸ ਗਿਰਾਵਟ ਨੇ ਸਿਰਫ ਫਸਲੀ ਵਿਭਿੰਨਤਾ ਮੁਹਿੰਮ ਨੂੰ ਹੀ ਹੁੰਗਾਰਾ ਨਹੀਂ ਦਿੱਤਾ ਸਗੋਂ ਝੋਨੇ ਹੇਠ ਘਟੇ ਰਕਬੇ ਨਾਲ ਸੂਬੇ ਅੰਦਰ ਪੈਦਾ ਹੋਣ ਵਾਲੀ ਕਰੀਬ 20 ਮਿਲੀਅਨ ਟਨ ਪਰਾਲੀ ਦੀ ਮਾਤਰਾ ਵਿਚ ਵੀ ਗਿਰਾਵਟ ਲਿਆਂਦੀ ਹੈ।

ਹਰੇਕ ਸਾਲ ਪੈਦਾ ਹੁੰਦੀ ਰਹੀ ਔਸਤਨ 20 ਮਿਲੀਅਨ ਟਨ ਰਹਿੰਦ-ਖੂੰਹਦ
ਪਿਛਲੇ ਕਈ ਸਾਲਾਂ ਦੌਰਾਨ ਪੰਜਾਬ ਅੰਦਰ ਝੋਨੇ ਦੀ ਰਹਿੰਦ-ਖੂੰਹਦ ਦੇ ਰੂਪ ਵਿਚ ਕਰੀਬ 20 ਮਿਲੀਅਨ ਟਨ ਪਰਾਲੀ ਤੇ ਰਹਿੰਦ-ਖੂੰਹਦ ਤਿਆਰ ਹੁੰਦੀ ਰਹੀ ਹੈ। ਪਰ ਇਸ ਸਾਲ ਰਹਿੰਦ-ਖੂੰਹਦ ਦੀ ਮਾਤਰਾ ਘਟਕੇ 17 ਮਿਲੀਅਨ ਟਨ ਰਹਿ ਗਈ ਹੈ। ਇਸ ਸਾਲ ਸੂਬੇ ਅੰਦਰ ਕਰੀਬ 20 ਲੱਖ 76 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਕਾਸ਼ਤ ਕੀਤੀ ਗਈ ਸੀ ਜਦੋਂਕਿ ਕਰੀਬ 6 ਲੱਖ 60 ਹਜ਼ਾਰ ਹੈਕਟੇਅਰ ਰਕਬਾ ਬਾਸਮਤੀ ਹੇਠ ਸੀ। ਮਾਹਰਾਂ ਦਾ ਅਨੁਮਾਨ ਹੈ ਕਿ 1 ਹੈਕਟੇਅਰ ਝੋਨੇ ਦੇ ਖੇਤਾਂ ਵਿਚੋਂ 6.5 ਟਨ ਅਤੇ ਬਾਸਮਤੀ ਦੇ ਇਕ ਹੈਕਟੇਅਰ ਖੇਤ ਵਿਚੋਂ 5 ਟਨ ਦੇ ਕਰੀਬ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਇਸ ਤਰ੍ਹਾਂ ਪੰਜਾਬ ਅੰਦਰ ਇਸ ਸਾਲ ਝੋਨੇ ਹੇਠਲੇ ਕੁੱਲ ਰਕਬੇ ਵਿਚੋਂ 13.49 ਮਿਲੀਅਨ ਟਨ ਅਤੇ ਬਾਸਮਤੀ ਦੇ ਰਕਬੇ ਵਿਚੋਂ 3.3 ਮਿਲੀਅਨ ਟਨ ਪਰਾਲੀ ਤੇ ਰਹਿੰਦ-ਖੂੰਹਦ ਬਚਣ ਦਾ ਅਨੁਮਾਨ ਹੈ ਜਿਸਦੀ ਕੁੱਲ ਮਾਤਰਾ 16.79 ਮਿਲੀਅਨ ਟਨ ਬਣਦੀ ਹੈ।

ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

ਕੀ ਸੀ 2018 ਦੌਰਾਨ ਸਥਿਤੀ?
ਸਾਲ ਦੌਰਾਨ ਪੰਜਾਬ ਅੰਦਰ ਝੋਨੇ ਹੇਠ 25.92 ਲੱਖ ਹੈਕਟੇਅਰ ਸੀ ਜਦੋਂਕਿ ਬਾਸਮਤੀ ਦੀ ਕਾਸ਼ਤ ਕਰੀਬ 5.11 ਲੱਖ ਹੈਕਟੇਅਰ ਵਿਚ ਕੀਤੀ ਗਈ ਸੀ। ਉਸ ਮੌਕੇ ਸੂਬੇ ਅੰਦਰ ਕਰੀਬ 19 ਲੱਖ 55 ਹਜ਼ਾਰ ਟਨ ਰਹਿੰਦ-ਖੂੰਹਦ ਪੈਦਾ ਹੋਈ ਸੀ। ਉਸ ਤੋਂ ਬਾਅਦ ਹੁਣ ਤੱਕ ਸੂਬੇ ਅੰਦਰ ਝੋਨੇ ਤੇ ਬਾਸਮਤੀ ਹੇਠਲੇ ਰਕਬੇ ਵਿਚ 3.67 ਲੱਖ ਹੈਕਟੇਅਰ ਗਿਰਾਵਟ ਆਈ ਹੈ। ਪਰ ਜੇਕਰ ਇਕੱਲੇ ਝੋਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਦੌਰਾਨ ਪੰਜਾਬ ਅੰਦਰ ਝੋਨੇ ਹੇਠੋਂ ਕਰੀਬ 5 ਲੱਖ ਹੈਕਟੇਅਰ ਰਕਬਾ ਘੱਟ ਹੋਇਆ ਹੈ, ਜੋ 2018 ਦੌਰਾਨ 25.92 ਲੱਖ ਹੈਕਟੇਅਰ ਤੋਂ ਘਟਕੇ 21.76 ਲੱਖ ਹੈਕਟੇਅਰ ਰਹਿ ਗਿਆ ਹੈ।

ਪੜ੍ਹੋ ਇਹ ਵੀ ਖਬਰ - 40 ਫ਼ੀਸਦੀ ਸਿਖਿਆਰਥੀ 18 ਸਾਲ ਤੋਂ ਘੱਟ ਉਮਰ 'ਚ ਹੀ ਸ਼ੁਰੂ ਕਰ ਦਿੰਦੇ ਨੇ ਨਸ਼ਿਆਂ ਦਾ ਸੇਵਨ : ਰਿਪੋਰਟ (ਵੀਡੀਓ)

ਪਸ਼ੂਆਂ ਦੇ ਚਾਰੇ ਲਈ ਵਰਤੀ ਜਾਂਦੀ ਹੈ 3 ਲੱਖ ਟਨ ਰਹਿੰਦ-ਖੂੰਹਦ
ਖੇਤੀ ਮਾਹਰ ਝੋਨੇ ਹੇਠੋਂ ਘੱਟ ਹੋਏ ਰਕਬੇ ਨੂੰ ਸਿਰਫ ਫਸਲੀ ਵਿਭਿੰਨਤਾ ਤਹਿਤ ਹੋਈ ਪ੍ਰਾਪਤੀ ਤੱਕ ਸੀਮਤ ਰੱਖਣ ਦੀ ਬਜਾਏ ਇਸ ਗੱਲ ਨੂੰ ਲੈ ਕੇ ਸੰਤੁਸ਼ਟੀ ਪ੍ਰਗਟਾ ਰਹੇ ਹਨ ਕਿ ਝੋਨੇ ਦੀ ਫਸਲ ਘੱਟ ਹੋਣ ਕਾਰਣ ਰਹਿੰਦ-ਖੂੰਹਦ ਘੱਟ ਬਚੀ ਹੈ ਅਤੇ ਇਸ ਸਾਲ ਤਕਰੀਬਨ 17 ਮਿਲੀਅਨ ਟਨ ਰਹਿੰਦ-ਖੂੰਹਦ ਹੀ ਬਚੀ ਹੈ। ਇਸ ਵਿਚੋਂ ਤਿੰਨ ਲੱਖ ਟਨ ਰਹਿੰਦ-ਖੂੰਹਦ ਦੀ ਵਰਤੋਂ ਪਸ਼ੂਆਂ ਦੇ ਚਾਰੇ ਸਮੇਤ ਹੋਰ ਕੰਮਾਂ ਲਈ ਵਰਤੀ ਜਾਂਦੀ ਹੈ। ਬਾਕੀ ਦੀ 14 ਮਿਲੀਅਨ ਟਨ ਰਹਿੰਦ-ਖੂੰਹਦ ਵਿਚੋਂ ਜ਼ਿਆਦਾ ਮਾਤਰਾ ਵਿਚ ਖੇਤਾਂ ਵਿਚ ਮਿਲਾ ਲਈ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਨਵੇਂ ਖੇਤੀਬਾੜੀ ਆਰਡੀਨੈਂਸਾਂ ਦੇ ਸਬੰਧ ’ਚ ਜਾਣੋ ਆਖ਼ਰ ਕੀ ਕਹਿੰਦੇ ਹਨ ‘ਕਿਸਾਨ’

ਫਸਲਾਂ ਦੇ ਸੁਚੱਜੇ ਨਿਪਟਾਰੇ ਲਈ ਮੌਜੂਦ ਹਨ 40 ਹਜ਼ਾਰ ਮਸ਼ੀਨਾਂ
ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਅੰਦਰ ਕਰੀਬ 23 ਹਜ਼ਾਰ ਹੈੱਪੀ ਸੀਡਰ ਅਤੇ ਸੁਪਰ ਸੀਡਰ ਮੌਜੂਦ ਹਨ ਜਦੋਂ ਕਿ 6500 ਦੇ ਕਰੀਬ ਕੰਬਾਇਨਾਂ ਉਪਰ ਸੁਪਰ ਐੱਸਐੱਮਐੱਸ ਸਿਸਟਮ ਲੱਗੇ ਹੋਏ ਹਨ। ਇਸ ਤੋਂ ਇਲਾਵਾ ਖੇਤਾਂ ਵਿਚ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਕਰੀਬ 40 ਹਜ਼ਾਰ ਹੋਰ ਮਸ਼ੀਨਾਂ ਅਤੇ ਸੰਦ ਵੀ ਕਿਸਾਨਾਂ ਕੋਲ ਮੌਜੂਦ ਹਨ। ਸਰਕਾਰ ਵਲੋਂ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਕਰੀਬ 19 ਹਜ਼ਾਰ ਕਸਟਮ ਹਾਇਰਿੰਗ ਸੈਂਟਰ ਬਣਾਏ ਜਾ ਚੁੱਕੇ ਹਨ ਜਿਥੋਂ ਕਿਸਾਨ ਖੇਤੀ ਮਸ਼ੀਨਰੀ ਕਿਰਾਏ ’ਤੇ ਲੈ ਕੇ ਇਸਦਾ ਨਿਪਟਾਰਾ ਕਰ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਹੋ ਰਹੀਆਂ ਲੱਖਾਂ ਮੌਤਾਂ, 3 ਸਾਲ ਪਹਿਲਾਂ ਰਿਪੋਰਟ ’ਚ ਹੋਇਆ ਸੀ ਖੁਲਾਸਾ

ਜਾਗਰੂਕ ਹੋ ਰਹੇ ਹਨ ਕਿਸਾਨ
ਗੁਰਦਾਸਪੁਰ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਜਾਗਰੂਕ ਹੋ ਰਹੇ ਹਨ ਜਿਨ੍ਹਾਂ ਵਲੋਂ ਖੇਤੀ ਸੰਦਾਂ ਅਤੇ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰ ਕੇ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਮੌਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਉਪਰਾਲਿਆਂ ਦੀ ਬਦੌਲਤ ਝੋਨੇ ਹੇਠੋਂ ਰਕਬਾ ਘੱਟ ਹੋਇਆ ਸੀ ਜਿਸ ਦੇ ਬਾਅਦ ਨਾ ਸਿਰਫ ਧਰਤੀ ਹੇਠਲੇ ਪਾਣੀ ਦੀ ਬਚਤ ਹੋਈ ਹੈ, ਸਗੋਂ ਹੁਣ ਖੇਤਾਂ ਵਿਚ ਰਹਿੰਦ-ਖੂੰਹਦ ਦੀ ਮਾਤਰਾ ਵੀ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਰਹਿੰਦ-ਖੂੰਹਦ ਨੂੰ ਕਿਸਾਨ ਚਾਰੇ ਲਈ ਵਰਤ ਲੈਂਦੇ ਹਨ ਅਤੇ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਵੀ ਕਿਸਾਨਾਂ ਵਲੋਂ ਵੱਖ-ਵੱਖ ਤਰੀਕਿਆਂ ਨਾਲ ਇਕੱਤਰ ਕਰ ਕੇ ਚਾਰੇ ਸਮੇਤ ਹੋਰ ਕਈ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਹੋਰ ਵੀ ਸਾਰਥਕ ਨਤੀਜੇ ਸਾਹਮਣੇ ਆਉਣਗੇ।

ਪੜ੍ਹੋ ਇਹ ਵੀ ਖਬਰ - ਕਾਜੂ ਤੇ ਅਖਰੋਟ ਤੋਂ ਵੱਧ ਫਾਇਦੇਮੰਦ ਹੁੰਦੈ ‘ਪਿਸਤਾ’, ਰੋਜ਼ਾਨਾ ਖਾਣ ’ਤੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਮੁਕਤੀ


rajwinder kaur

Content Editor

Related News