ਝੋਨੇ ਦੇ ਬੀਜ ਦੀ ਕਾਲਾਬਜ਼ਾਰੀ ਕਰਨ ਵਾਲੇ ਡੀਲਰ ਵਿਰੁੱਧ ਹੋਵੇਗੀ ਸਖਤ ਕਾਰਵਾਈ : ਡਾ.ਸੁਰਿੰਦਰ ਸਿੰਘ

05/09/2020 6:40:19 PM

ਜਲੰਧਰ - ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਵਲੋਂ ਜ਼ਿਲੇ ਦੇ ਸਮੂਹ ਬੀਜ ਵਿਕਰੇਤਾਵਾਂ ਨੂੰ ਝੋਨੇ ਦੇ ਬੀਜ ਦੀ ਵਿਕਰੀ ਵਿਚ ਕਾਲਾ ਬਾਜ਼ਾਰੀ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਸਿਰਫ ਤਸਦੀਕਸ਼ੁਦਾ ਅਤੇ ਪ੍ਰਮਾਨਿਤ ਕਿਸਮਾਂ ਦਾ ਬੀਜ ਹੀ ਕਿਸਾਨਾਂ ਨੂੰ ਨਿਰਧਾਰਿਤ ਰੇਟ ’ਤੇ ਸਮੇਤ ਬਿੱਲ ਦਿੱਤਾ ਜਾਵੇ। ਉਨ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਉਹ ਲੋੜੀਂਦੇ ਝੋਨੇ ਆਦਿ ਦੇ ਬੀਜ ਦੀ ਮੰਗ ਭਰੋਸੇਯੋਗ ਅਤੇ ਅਪਰੂਵਡ ਡੀਲਰ ਪਾਸੋਂ ਕਰਦੇ ਹੋਏ ਬੀਜ ਪਿੰਡ ਵਿਚ ਹੀ ਪ੍ਰਾਪਤ ਕਰਨ। ਡਾ.ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਸਮੂਹ ਡੀਲਰ ਸਹਿਬਾਨ ਆਪਣੇ ਪਾਸ ਰੱਖੇ ਸਟਾਕ ਦਾ ਵੇਰਵਾ ਵੀ ਕਿਸਾਨਾ ਲਈ ਜਰੂਰ ਦਰਸਾਉਣ ਅਤੇ ਬਗੈਰ ਕਿਸੇ ਵਾਧੂ ਚਾਰਜ ਤੋਂ ਕਿਸਾਨਾ ਨੂੰ ਝੋਨੇ ਦਾ ਲੋੜੀਂਦਾ ਬੀਜ ਪੁੱਜਦਾ ਕਰਨ। ਡਾ.ਸਿੰਘ ਨੇ ਕਿਸਾਨਾ ਨੂੰ ਬੇਨਤੀ ਕੀਤੀ ਹੈ ਕਿ ਉਹ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦਾ ਬੀਜ ਭਰੋਸੇਯੋਗ ਆਦਾਰੇ ਪਾਸੋ ਖਰੀਦ ਕਰਨ ਅਤੇ ਬਿੱਲ ਵੀ ਜਰੂਰ ਪ੍ਰਾਪਤ ਕਰਨ।

ਇਸ ਮੌਕੇ ਉਨ੍ਹਾਂ ਸਲਾਹ ਦਿੱਤੀ ਗਈ ਹੈ ਕਿ ਪੂਸਾ -44 ਅਤੇ ਹੋਰ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੇ ਬੀਜ ਦੀ ਖਰੀਦ ਬਿਲਕੁਲ ਵੀ ਨਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਇਸ ਦੇ ਸਬੰਧ ਵਿਚ ਕਿਸਾਨ ਵੀਰ ਲੋੜ ਪੈਣ ’ਤੇ ਆਪਣੀ ਲਿਖਤੀ ਸ਼ਿਕਾਇਤ ਵੀ ਸਬੰਧਤ ਬਲਾਕ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਵਿਕਾਸ ਅਫਸਰ ਪਾਸ ਜਰੂਰ ਕਰਨ।  

ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ-ਕਮ-ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਜਲੰਧਰ


rajwinder kaur

Content Editor

Related News