ਅਜੋਕੇ ਦੌਰ ’ਚ ਵੱਧ-ਫੁੱਲ ਰਿਹੈ ਸਜਾਵਟੀ ਘਾਹ ਤਿਆਰ ਕਰਨ ਦਾ ਕਾਰੋਬਾਰ

09/09/2020 10:41:26 AM

ਗੁਰਦਾਸਪੁਰ (ਹਰਮਨਪ੍ਰੀਤ) - ਅਜੋਕੇ ਦੌਰ ਵਿਚ ਵਪਾਰਕ ਅਤੇ ਜਨਤਕ ਥਾਵਾਂ ਦੀ ਲੈਂਡਸਕੇਪਿੰਗ ਕਰਵਾਉਣ ਪ੍ਰਤੀ ਲੋਕਾਂ ਦਾ ਰੁਝਾਨ ਕਾਫੀ ਵਧ ਰਿਹੈ। ਉਸ ਦੇ ਨਾਲ ਹੀ ਘਰਾਂ ਦੇ ਬਗੀਚਿਆਂ ਵਿਚ ਸਜਾਵਟੀ ਘਾਟ ਲਗਾਉਣ ਦੀ ਮੰਗ ਵਿਚ ਵੀ ਤੇਜੀ ਨਾਲ ਵਾਧਾ ਹੋ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰ ਸਿਮਰਤ ਸਿੰਘ ਅਤੇ ਕਿਰਨਜੋਤ ਕੌਰ ਢੱਟ ਨੇ ਦੱਸਿਆ ਕਿ ਘਾਹ ਨੂੰ ਜ਼ਮੀਨ ਵਿਚੋਂ ਖੁਰਚ ਕੇ ਬੋਰੀਆਂ ਵਿਚ, ਪ੍ਰਤੀ ਵਰਗ ਫ਼ੁੱਟ ਦੇ ਹਿਸਾਬ ਨਾਲ ਜਾਂ ਇਸ ਦੀਆਂ ਸਲੈਬਾਂ ਕੱਟ ਕੇ ਵੇਚੀਆਂ ਜਾ ਸਕਦੀਆਂ ਹਨ। ਸਾਲ ਵਿਚ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਘਾਹ ਦੀਆਂ 3-4 ਫ਼ਸਲਾਂ ਅਤੇ ਟਰਫ਼ ਵਜੋਂ 2-3 ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਘਾਹ ਦੀ ਕਾਸ਼ਤ ਕਰ ਕੇ 1 ਲੱਖ ਪ੍ਰਤੀ ਏਕੜ ਮੁਨਾਫ਼ਾ ਕਮਾਇਆ ਜਾ ਰਿਹਾ ਹੈ।

ਜਾਣੋ ਆਰਥਿਕ ਪੱਖੋਂ ਕਿੰਨਾ ਕੁ ਵੱਡਾ ਹੈ ‘ਪਬਜੀ’ ਦਾ ਮੱਕੜ ਜਾਲ (ਵੀਡੀਓ)

ਟਰਫਗ੍ਰਾਸ ਫਾਰਮਿੰਗ ਵਜੋਂ ਪ੍ਰਸਿੱਧ ਹੈ ਘਾਹ ਦੀ ਖੇਤੀ
ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿਚ ਘਾਹ ਦੀ ਖੇਤੀ ਨੂੰ ਟਰਫ਼ਗ੍ਰਾਸ ਫ਼ਾਰਮਿੰਗ ਵਜੋਂ ਜਾਣਿਆ ਜਾਂਦਾ ਹੈ। ਟਰਫ਼ਗ੍ਰਾਸ ਫ਼ਾਰਮਿੰਗ ਅਜੋਕੇ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਬਹੁਤ ਵੱਡਾ ਕਾਰੋਬਾਰ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਜਗ੍ਹਾ ਅਤੇ ਮੌਸਮ ਦੇ ਅਧਾਰ ’ਤੇ ਘਾਹ ਨੂੰ ਮੁੱਖ ਰੂਪ ਵਿਚ ਦੋ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ। ਜਿਸ ਤਹਿਤ ਗਰਮ ਜਲਵਾਯੂ ਘਾਹ ਅਤੇ ਠੰਡੀ ਜਲਵਾਯੂ ਘਾਹ ਵਜੋਂ ਦੋ ਕਿਸਮਾਂ ਪ੍ਰਚਲਿਤ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਆਬੋ-ਹਵਾ ਜ਼ਿਆਦਾਤਰ ਗਰਮ ਰਹਿਣ ਕਾਰਣ ਇਥੇ ਗਰਮ ਜਲਵਾਯੂ ਘਾਹ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਵਿਚ ਮੁੱਖ ਤੌਰ ’ਤੇ ਕਲਕੱਤਾ ਘਾਹ, ਕੋਰੀਅਨ ਘਾਹ ਅਤੇ ਨੌ-ਮੋਅ ਘਾਹ ਦੀਆਂ ਕਿਸਮਾਂ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕਲਕੱਤਾ ਘਾਹ ਬਰਮੂਡਾ ਘਾਹ ਦੀ ਹੀ ਸੁਧਰੀ ਹੋਈ ਸਖ਼ਤ ਜਾਨ ਕਿਸਮ ਹੈ ਜੋ ਬਹੁਤ ਹੀ ਤੇਜ਼ੀ ਨਾਲ ਵੱਧਦੀ ਹੈ। ਇਸ ਘਾਹ ਦੇ ਸੰਪੂਰਨ ਵਾਧੇ ਲਈ ਖੁੱਲੀ ਧੁੱਪ, ਹਵਾ ਅਤੇ ਚੰਗੇ ਨਿਕਾਸ ਵਾਲੀ ਉਪਜਾਉ ਜ਼ਮੀਨ ਢੁਕਵੀਂ ਮੰਨੀ ਜਾਂਦੀ ਹੈ। ਇਹ ਘਾਹ ਸੋਕੇ ਨੂੰ ਵੀ ਸਹਾਰ ਸਕਦਾ ਹੈ ਅਤੇ ਸਮੇਂ ਸਿਰ ਕੀਤੀ ਕਟਾਈ ਉਪਰੰਤ ਜ਼ਮੀਨ ਉੱਪਰ ਸੰਘਣਾ ਕਾਰਪਟ ਬਣਾ ਲੈਂਦਾ ਹੈ। ਇਸ ਘਾਹ ਨੂੰ ਆਮ ਤੌਰ ’ਤੇ ਘਰਾਂ ਅਤੇ ਛੋਟੇ ਪਾਰਕਾਂ ਵਿਚ ਲਗਾਉਣ ਲਈ ਢੁੱਕਵਾਂ ਮੰਨਿਆ ਜਾਂਦਾ ਹੈ।

‘ਥਰਮਲ ਪਲਾਂਟ ਬੰਦ ਕਰਨ ਨਾਲ ਪੰਜਾਬ ਨੂੰ ਭੁਗਤਣੇ ਪੈਣਗੇ ਭਿਆਨਕ ਨਤੀਜੇ’

ਸੰਘਣੇ ਫੈਲਾਅ ਲਈ ਪ੍ਰਸਿੱਧ ਹੈ ਕੋਰੀਅਨ ਘਾਹ
ਉਨ੍ਹਾਂ ਦੱਸਿਆ ਕਿ ਕੋਰੀਅਨ ਘਾਹ ਜਾਂ ਜਾਪਾਨੀ ਘਾਹ ਆਪਣੇ ਸੰਘਣੇ ਫ਼ੈਲਾਅ ਲਈ ਜਾਣਿਆ ਜਾਂਦਾ ਹੈ। ਇਸ ਕਾਰਣ ਇਸ ਵਿਚ ਨਦੀਨਾਂ ਦੀ ਸਮੱਸਿਆ ਨਾ-ਮਾਤਰ ਪਾਈ ਜਾਂਦੀ ਹੈ। ਨੋ-ਮੋਅ ਘਾਹ ਆਪਣੀ ਵਿਲੱਖਣ ਛੋਟੀਆਂ ਹਰੀਆਂ ਪਹਾੜੀਆਂ ਬਣਾ ਕੇ ਬਹੁਤ ਹੀ ਆਕਰਸ਼ਕ ਦਿਖ ਪ੍ਰਦਾਨ ਕਰਦਾ ਹੈ। ਪੂਰੀ ਤਰ੍ਹਾਂ ਵਿਕਸਤ ਹੋਣ ਅਤੇ ਜ਼ਮੀਨ ਉੱਪਰ ਛੋਟੇ-ਛੋਟੇ ਹਰੇ ਪਹਾੜਾਂ ਦੀਆਂ ਢਲਾਣਾਂ ਬਣੀਆਂ ਪ੍ਰਤੀਤ ਹੁੰਦੀਆਂ ਹਨ। ਇਸ ਘਾਹ ਨੂੰ ਛਾਂ ਵਿਚ ਵੀ ਲਗਾਇਆ ਜਾ ਸਕਦਾ ਹੈ। ਇਸ ਦਾ ਵਾਧਾ ਗੰਢਦਾਰ ਜੜਾਂ ਨਾਲ ਹੁੰਦਾ ਹੈ ਜੋ ਕਿ ਬਹੁਤ ਹੌਲੀ ਵੱਧਦਾ ਹੋਇਆ ਗੂੜੇ ਹਰੇ ਰੰਗ ਦੇ ਕਾਰਪਟ ਵਾਂਗ ਵਿਛ ਜਾਂਦਾ ਹੈ।

ਹਰੀਆਂ ਸਬਜ਼ੀਆਂ ਦੇਖਦੇ ਹੀ ਮੂੰਹ ਬਣਾਉਣ ਵਾਲੇ ਲੋਕਾਂ ਲਈ ਖਾਸ ਖਬਰ, ਹੋਣਗੇ ਫਾਇਦੇ

ਹਲਕੀ ਤੋਂ ਦਰਮਿਆਨੀ ਜ਼ਮੀਨ ਢੁੱਕਵੀਂ
ਮਾਹਰਾਂ ਨੇ ਦੱਸਿਆ ਕਿ ਘਾਹ ਲਗਾਉਣ ਲਈ ਹਲਕੀ ਤੋਂ ਦਰਮਿਆਨੀ ਜ਼ਮੀਨ ਢੁੱਕਵੀਂ ਮੰਨੀ ਜਾਂਦੀ ਹੈ। ਗਰਮੀ ਦੇ ਮਹੀਨਿਆਂ ਦੌਰਾਨ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਸੂਰਜ ਦੀ ਧੁੱਪ ਲਗਾਈ ਜਾਂਦੀ ਹੈ। ਇਸ ਪ੍ਰਕਿਰਿਆ ਨਾਲ ਨਦੀਨ ਅਤੇ ਉਲ੍ਹੀ ਦੇ ਰੋਗਾਂ ਨੂੰ ਖਤਮ ਕਰਨ ਵਿਚ ਵੀ ਮਦਦ ਮਿਲਦੀ ਹੈ। ਜ਼ਮੀਨ ਵਿਚ ਬਰਸਾਤ ਦੇ ਵਾਧੂ ਪਾਣੀ ਦੇ ਨਿਕਾਸ ਲਈ ਇਸ ਨੂੰ ਸਮਤਲ ਬਣਾ ਕੇ ਇਕ ਪਾਸੇ ਹਲਕੀ ਢਲਾਣ ਦਿੱਤੀ ਜਾਂਦੀ ਹੈ ਤਾਂ ਜੋ ਵਾਧੂ ਪਾਣੀ ਦਾ ਨਿਕਾਸ ਹੋ ਸਕੇ ਅਤੇ ਜ਼ਮੀਨ ਵਿਚ ਘਾਹ ਦੀਆਂ ਜੜ੍ਹਾਂ ਤੱਕ ਹਵਾ ਦਾ ਸੰਚਾਰ ਹੋ ਸਕੇ। ਭਾਰੀਆਂ ਜ਼ਮੀਨਾਂ ਵਿਚ ਪੂਰੀ ਤਰ੍ਹਾਂ ਗਲ੍ਹੀ-ਸੜੀ ਰੂੜੀ ਦੀ ਖਾਦ ਰਲਾ ਕੇ ਸੋਧ ਕਰ ਲੈਣੀ ਚਾਹੀਦੀ ਹੈ। ਪਰ, ਟਰਫ਼ ਦੀ ਨਰਸਰੀ ਬਣਾਉਣ ਲਈ ਭਾਰੀ ਜ਼ਮੀਨ ਉੱਤਮ ਮੰਨੀ ਜਾਂਦੀ ਹੈ ਕਿਉਂਕਿ ਇਹ ਘਾਹ ਦੀਆਂ ਸਲੈਬਾਂ ਕੱਟਣ ਉਪਰੰਤ ਜੜ੍ਹਾਂ ਨਾਲ ਜੂੜੀ ਰਹਿੰਦੀ ਹੈ ਅਤੇ ਜੜ੍ਹਾਂ ਨੂੰ ਨਮੀ ਪ੍ਰਦਾਨ ਕਰਨ ਵਿਚ ਸਹਾਈ ਹੁੰਦੀ ਹੈ।

#SaalBhar60: ਦੇਸ਼ ਦੀ ਆਬੋ-ਹਵਾ ਬਚਾਉਣ ਲਈ 12 ਸਾਲਾ ਬੱਚੀ ਨੇ ਮੋਦੀ ਨੂੰ ਪੱਤਰ ਲਿਖ ਕਹੀ ਇਹ ਗੱਲ

ਘਾਹ ਦੀ ਲਵਾਈ
ਘਾਹ ਦੀ ਲਵਾਈ ਡਿਬਲਿੰਗ ਜਾਂ ਟਰਫ਼ਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ। ਆਮ ਤੌਰ ’ਤੇ ਡਿਬਲਿੰਗ ਪ੍ਰਕਿਰਿਆ ਰਾਹੀਂ ਘਾਹ ਲਗਾਇਆ ਜਾਂਦਾ ਹੈ ਜਿਸ ਵਿਚ ਜਾਣਕਾਰ ਸਰੋਤਾਂ ਤੋਂ ਨਦੀਨ-ਮੁਕਤ ਘਾਹ ਲੈ ਕੇ ਇਸ ਦੀਆਂ ਜੜ੍ਹਾਂ ਨਿਖੇੜ ਕੇ ਤਿਆਰ ਕੀਤੀ ਜ਼ਮੀਨ ਉੱਪਰ 4-6 ਇੰਚ ਦੀ ਦੂਰੀ ’ਤੇ ਲਗਾਈਆਂ ਜਾਂਦੀਆਂ ਹਨ। ਟਰਫ਼ਿੰਗ ਵਿਧੀ ਨਾਲ ਘਾਹ ਦੀ ਲਵਾਈ ਕਰਨ ਲਈ ਘਾਹ ਦੀਆਂ 1 ਇੰਚ ਤੋਂ ਘੱਟ ਮੋਟਾਈ ਵਾਲੀਆਂ ਸਲੈਬਾਂ ਕੱਟ ਕੇ ਤਿਆਰ ਕੀਤੀ ਜ਼ਮੀਨ ਉੱਪਰ ਮੈਟ ਵਾਂਗ ਰੱਖੀਆਂ ਜਾਂਦੀਆਂ ਹਨ। ਪਾਣੀ ਦੇ ਸਰੋਤ ਦੀ ਉਪਲੱਬਤਾ ਨੂੰ ਦੇਖਦੇ ਹੇਏ ਘਾਹ ਦੀ ਲੁਆਈ ਫ਼ੱਗਣ ਜਾਂ ਸਾਉਣ ਦੇ ਮਹੀਨੇ ਕੀਤੀ ਜਾਂਦੀ ਹੈ। ਸਾਉਣ ਦੌਰਾਨ ਕੁਦਰਤੀ ਪੈਣ ਵਾਲੀ ਬਰਸਾਤ ਦੇ ਪਾਣੀ ਨਾਲ ਘਾਹ ਜਲਦੀ ਵੱਧਦਾ ਹੈ ਅਤੇ ਪਹਿਲੀ ਕਟਾਈ ਹੋਣ ਲਈ ਲਗਭਗ 1-1.5 ਮਹੀਨੇ ਵਿਚ ਤਿਆਰ ਹੋ ਜਾਂਦਾ ਹੈ।

ਰਸੋਈ ’ਚ ਕੰਮ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਜਾਣੋ ਕਿਉਂ

ਘਾਹ ਦੀ ਕਟਾਈ

ਘਾਹ ਦੇ ਸੰਪੂਰਨ ਵਾਧੇ ਲਈ ਇਸ ਦੀ ਪਹਿਲੀ ਕਟਾਈ ਬਹੁਤ ਮਹਤੱਤਾ ਰੱਖਦੀ ਹੈ। ਜਦੋਂ ਘਾਹ ਦੀਆਂ ਤੰਦਾਂ ਲਗਭਗ 2 ਇੰਚ ਲੰਬੀਆਂ ਹੋ ਜਾਣ ਤਾਂ ਦਾਤੀ ਜਾਂ ਤਿੱਖੀ ਤਲਵਾਰ ਨਾਲ ਇਸ ਨੂੰ ਇਕਸਾਰ ਉਪਰੋਂ ਕੱਟ ਦੇਣਾ ਚਾਹੀਦਾ ਹੈ। ਘਾਹ ਦੇ ਵਾਧੇ ਨੂੰ ਦੇਖਦੇ ਹੇਏ ਦੂਸਰੀ ਕਟਾਈ ਘਾਹ ਕੱਟਣ ਵਾਲੀ ਮਸ਼ੀਨ (ਲਾਅਨ ਮੋਵਰ) ਨਾਲ ਕਰਨੀ ਚਾਹੀਦੀ ਹੈ। ਜ਼ਿਆਦਾ ਨਮੀ ਵਾਲੀ ਜ਼ਮੀਨ ਉੱਪਰ ਤੁਰਨ ਅਤੇ ਮਸ਼ੀਨ ਚਲਾਉਣ ਨਾਲ ਘਾਹ ਦੱਬ ਜਾਂਦਾ ਹੈ ਅਤੇ ਜੜ੍ਹਾਂ ਵਿਚ ਹਵਾ-ਪਾਣੀ ਦਾ ਸੰਚਾਰ ਵਿਗੜਣ ਨਾਲ ਘਾਹ ਦੇ ਵਾਧੇ ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਜ਼ਮੀਨ ਵਿਚ ਨਮੀ ਦੀ ਮਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ ਘਾਹ ਦੀ ਕਟਾਈ ਕਰਨੀ ਚਾਹੀਦੀ ਹੈ। ਕਿਆਰੀਆਂ, ਰੁੱਖਾਂ, ਕੰਧਾਂ, ਖੁੰਝਿਆਂ ਆਦਿ ਥਾਵਾਂ ਦੁਆਲੇ ਹੋਏ ਘਾਹ ਨੂੰ ਹੈਜ ਕੱਟਣ ਵਾਲੀ ਕੈਂਚੀ ਜਾਂ ਦਾਤੀ ਨਾਲ ਕੱਟ ਦੇਣਾ ਚਾਹੀਦਾ ਹੈ। ਘਾਹ ਉੱਪਰ ਨਿਰੰਤਰ ਤੁਰਨ, ਖੇਡਣ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਵਰਤੋਂ ਕਾਰਣ ਜ਼ਮੀਨ ਸਖ਼ਤ, ਦਬੀ ਹੋਈ ਅਤੇ ਸੁਖਮ ਸੁਰਾਖ ਮੁਕਤ ਹੋ ਜਾਂਦੀ ਹੈ। ਇਨ੍ਹਾਂ ਹਾਲਾਤਾਂ ਵਿਚ ਘਾਹ ਨੂੰ ਮੁੜ ਸੁਰਜੀਤ ਕਰਨ ਲਈ ਸਾਉਣ ਮਹੀਨੇ ਸਖ਼ਤ ਹੋਈ ਜ਼ਮੀਨ ਨੂੰ ਵੱਤਰ ਸਥਿਤੀ ਵਿਚ 6-8 ਇੰਚ ਦੀ ਡੂੰਘਾਈ ਤੱਕ ਖੁਰਚਣਾ, ਗੁੱਡਣਾ ਅਤੇ ਹਲਕਾ ਵਾਹੁਣਾ ਚਾਹੀਦਾ ਹੈ।


rajwinder kaur

Content Editor

Related News