ਜੈਵਿਕ ਖੇਤੀ ਨਾਲ ਹੋਵੇਗਾ ਕਿਸਾਨ ਖੁਸ਼ਹਾਲ ਅਤੇ ਵਾਤਾਵਰਣ ਸੁਰੱਖਿਅਤ

07/13/2022 12:17:03 PM

ਜੈਵਿਕ ਖੇਤੀ ਜਾਪਾਨ ਦੇ ਕਿਸਾਨ ਅਤੇ ਦਾਰਸ਼ਨਿਕ ‘ਮਾਸਾਨੋਬੂ ਫੁਕੁਓਕਾ’ ਵੱਲੋਂ ਸਥਾਪਿਤ ਖੇਤੀ ਅਤੇ ਵਾਤਾਵਰਣ ਨੂੰ ਆਕਰਸ਼ਿਤ ਕਰਨ ਵਾਲਾ ਤਰੀਕਾ ਹੈ। ‘ਫੁਕੁਓਕਾ’ ਨੇ ਇਸ ਢੰਗ ਦਾ ਵੇਰਵਾ ਜਾਪਾਨੀ ਭਾਸ਼ਾ ’ਚ ਲਿਖੀ ਆਪਣੀ ਪੁਸਤਕ ‘ਸਿਜੇਨ ਨੋਹੋ’ ’ਚ ਕੀਤਾ ਹੈ। ਇਸ ਲਈ ਖੇਤੀਬਾੜੀ ਦੇ ਇਸ ਢੰਗ ਨੂੰ ‘ਫੁਕੁਓਕਾ ਵਿਧੀ’ ਵੀ ਕਹਿੰਦੇ ਹਨ। ਇਸ ਢੰਗ ਨਾਲ ‘ਕੁਝ ਵੀ ਨਾ ਕਰਨ’ ਦੀ ਸਲਾਹ ਦਿੱਤੀ ਜਾਂਦੀ ਹੈ ਜਿਵੇਂ ਵਹਾਈ ਨਾ ਕਰਨਾ, ਗੋਡੀ ਨਾ ਕਰਨਾ, ਖਾਦ ਨਾ ਪਾਉਣਾ, ਕੀਟਨਾਸ਼ਕ ਨਾ ਪਾਉਣਾ, ਨਿਰਾਈ ਨਾ ਕਰਨਾ ਆਦਿ। ਭਾਰਤ ’ਚ ਖੇਤੀ ਦੀ ਇਸ ਪ੍ਰਣਾਲੀ ਨੂੰ ‘ਰਿਸ਼ੀ ਖੇਤੀ’ ਕਹਿੰਦੇ ਹਨ। ਜੈਵਿਕ ਖੇਤੀ ਰਵਾਇਤੀ ਖੇਤੀ ਦੇ ਢੰਗਾਂ ਦਾ ਇਕ ਰਸਾਇਣ ਮੁਕਤ ਬਦਲ ਹੈ। ਜੈਵਿਕ ਖੇਤੀ ’ਚ ਮਿੱਟੀ ’ਤੇ ਰਸਾਇਣਕ ਜਾਂ ਜੈਵਿਕ ਖਾਦ ਦੀ ਵਰਤੋਂ ਨਹੀਂ ਹੁੰਦੀ। ਅਸਲ ’ਚ ਨਾ ਤਾਂ ਵਧੇਰੇ ਪੋਸ਼ਕ ਤੱਤ ਮਿਟੀ ’ਚ ਪਾਏ ਜਾਂਦੇ ਹਨ ਅਤੇ ਨਾ ਹੀ ਰੁੱਖਾਂ ਨੂੰ ਦਿੱਤੇ ਜਾਂਦੇ ਹਨ। ਇਹ ਸੂਖਮਜੀਵਾਂ ਅਤੇ ਗੰਡੋਇਆਂ ਦੁਆਰਾ ਕਾਰਬਨਿਕ ਪਦਾਰਥਾਂ ਦੇ ਟੁੱਟਣ ਨੂੰ ਉਤਸ਼ਾਹਿਤ ਕਰਦਾ ਹੈ।

ਕੁਦਰਤੀ ਖੇਤੀ ਸਮੇਂ ਦੀ ਲੋੜ ਹੈ ਅਤੇ ਮਹੱਤਵਪੂਰਨ ਹੈ ਕਿ ਅਸੀਂ ਵਿਗਿਆਨਕ ਢੰਗਾਂ ਦੀ ਪਛਾਣ ਕਰੀਏ, ਤਾਂ ਕਿ ਇਹ ਯਕੀਨੀ ਕਰ ਸਕੀਏ ਕਿ ਕਿਸਾਨ ਇਸ ਤੋਂ ਸਿੱਧਾ ਲਾਭ ਲੈਣ ਅਤੇ ਉਨ੍ਹਾਂ ਦੀ ਆਮਦਨ ਵਧੇ। ਰਸਾਇਣਾਂ ਅਤੇ ਖਾਦਾਂ ਦੀ ਵੱਧ ਵਰਤੋਂ ਦੇ ਕਾਰਨ ਅਨਾਜਾਂ ਅਤੇ ਸਬਜ਼ੀਆਂ ਦੀ ਉਤਪਾਦਨ ਲਾਗਤ ਵਧ ਗਈ ਹੈ। ਮਾਹਿਰਾਂ ਦਾ ਸਪੱਸ਼ਟ ਮੰਨਣਾ ਹੈ ਕਿ ਦੁਨੀਆ ਭਰ ’ਚ ਵਧਦੇ ਵਾਤਾਵਰਣ ਸੰਕਟ ਨੂੰ ਘਟਾਉਣ ’ਚ ਜੈਵਿਕ ਜਾਂ ਕੁਦਰਤੀ ਖੇਤੀ ਇਕ ਇਲਾਜ ਦੀ ਭੂਮਿਕਾ ਨਿਭਾਅ ਸਕਦੀ ਹੈ।

ਸ਼ੁਰੂ ’ਚ ਆਦਿਵਾਸੀ ਅਤੇ ਹੋਰਨਾਂ ਅਜਿਹੇ ਇਲਾਕਿਆਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜੋ ਰਵਾਇਤੀ ਤੌਰ ’ਤੇ ਕੁਦਰਤੀ ਖੇਤੀ ਦਾ ਅਭਿਆਸ ਕਰ ਰਹੇ ਹਨ, ਤਾਂ ਕਿ ਉਨ੍ਹਾਂ ਖੇਤਰਾਂ ’ਚ ਮਿੱਟੀ ਨੂੰ ਰਸਾਇਣਾਂ ਦੇ ਹਾਨੀਕਾਰਕ ਪ੍ਰਭਾਵ ਤੋਂ ਬਚਾਇਆ ਜਾ ਸਕੇ। ਖੇਤੀ ਮੰਤਰਾਲਾ ਨੇ ਹਾਲ ਹੀ ’ਚ ਕੁਦਰਤੀ ਖੇਤੀ ਨੂੰ ਅਪਣਾਉਣ ’ਤੇ ਪੈਦਾ ਹੋਣ ਵਾਲੇ ਉਤਪਾਦਨ ਦੇ ਮਾਪਦੰਡਾਂ ਦੀ ਸਿਫਾਰਿਸ਼ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ। ਮੰਤਰਾਲਾ ਮੌਜੂਦਾ ਰਾਸ਼ਟਰੀ ਜੈਵਿਕ ਖੇਤੀ ਕੇਂਦਰ (ਐੱਨ. ਸੀ. ਓ. ਐੱਫ.) ਦਾ ਨਾਂ ਬਦਲ ਕੇ ਰਾਸ਼ਟਰੀ ਜੈਵਿਕ ਅਤੇ ਕੁਦਰਤੀ ਖੇਤੀ ਕੇਂਦਰ ਕਰਨ ’ਤੇ ਵੀ ਵਿਚਾਰ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ’ਚ ਖੇਤੀ ਦੀ ਲਾਗਤ ਵੀ ਵਧੀ ਹੈ। ਅਜਿਹੇ ’ਚ ਪ੍ਰਗਤੀਸ਼ੀਲ ਕਿਸਾਨਾਂ ਨੇ ਕੁਦਰਤੀ ਖੇਤੀ ਨੂੰ ਇਕ ਮਜ਼ਬੂਤ ਬਦਲ ਦੇ ਤੌਰ ’ਤੇ ਅਪਣਾਉਣਾ ਸ਼ੁਰੂ ਕੀਤਾ ਹੈ।

ਜੈਵਿਕ ਖੇਤੀ ਨੂੰ ਲੈ ਕੇ ਖੋਜਾਂ ਵੀ ਕਾਫ਼ੀ ਹੋ ਰਹੀਆਂ ਹਨ। ਕਿਸਾਨ ਨਵੇਂ-ਨਵੇਂ ਪ੍ਰਯੋਗ ਕਰ ਰਹੇ ਹਨ, ਇਸ ਨਾਲ ਖੇਤੀ ਵਿਗਿਆਨੀ ਵੀ ਵੱਧ ਉਤਸ਼ਾਹਿਤ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਜੈਵਿਕ ਜਾਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਨਾਲ ਵਾਤਾਵਰਣ, ਅਨਾਜ, ਜ਼ਮੀਨ, ਇਨਸਾਨ ਦੀ ਸਿਹਤ, ਪਾਣੀ ਦੀ ਸ਼ੁੱਧਤਾ ਹੋਰ ਵਧੀਆ ਬਣਾਉਣ ’ਚ ਮਦਦ ਮਿਲਦੀ ਹੈ। ਆਮ ਤੌਰ ’ਤੇ ਖੇਤੀਬਾੜੀ ਅਤੇ ਬਾਗਬਾਨੀ ’ਚ ਵਧੀਆ ਉਪਜ ਲੈਣ ਅਤੇ ਬੀਮਾਰੀਆਂ ਦੇ ਖ਼ਾਤਮੇ ਲਈ ਫ਼ਸਲਾਂ ’ਚ ਕੀਟਨਾਸ਼ਕਾਂ ਦੀ ਵਰਤੋਂ ਜ਼ਰੂਰੀ ਮੰਨੀ ਜਾਂਦੀ ਹੈ ਪਰ ਦੇਸੀ ਢੰਗ ਨਾਲ ਕੀਤੀ ਜਾਣ ਵਾਲੀ ਖੇਤੀ ਅਤੇ ਬਾਗਬਾਨੀ ਨੇ ਇਸ ਧਾਰਨਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਕੀਟਨਾਸ਼ਕ ਵਧੀਆ ਉਪਜ ਜਾਂ ਬੀਮਾਰੀਅਾਂ ਨੂੰ ਖ਼ਤਮ ਕਰਨ ਲਈ ਬੇਸ਼ੱਕ ਜ਼ਰੂਰੀ ਮੰਨੇ ਜਾਂਦੇ ਹੋਣ ਪਰ ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਔਕੜਾਂ ਪੈਦਾ ਹੋ ਗਈਆਂ ਹਨ। ਇਹ ਬੀਮਾਰੀਆਂ ਦਾ ਕਾਰਨ ਬਣ ਗਏ ਹਨ। ਕੁਦਰਤੀ ਅਤੇ ਜੈਵਿਕ ਦੋਵਾਂ ਤਰ੍ਹਾਂ ਦੀ ਖੇਤੀ ਦੇ ਢੰਗ ਰਸਾਇਣਕ ਮੁਕਤ ਹਨ। ਦੋਵੇਂ ਪ੍ਰਣਾਲੀਆਂ ਕਿਸਾਨਾਂ ਨੂੰ ਪੌਦਿਆਂ ’ਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਕਿਸੇ ਵੀ ਹੋਰ ਖੇਤੀ ਪ੍ਰਣਾਲੀ ’ਚ ਸ਼ਾਮਲ ਹੋਣ ਤੋਂ ਰੋਕਦੀਆਂ ਹਨ। ਦੋਵਾਂ ਨੇ ਖੇਤੀ ਦੇ ਦੋਵਾਂ ਢੰਗਾਂ ’ਚ ਸਥਾਨਕ ਬੀਜ ਨਸਲਾਂ ਅਤੇ ਸਬਜ਼ੀਆਂ, ਅਨਾਜ, ਫਲੀਆਂ ਅਤੇ ਨਾਲ ਹੀ ਹੋਰਨਾਂ ਫ਼ਸਲਾਂ ਦੀਆਂ ਦੇਸੀ ਕਿਸਾਨਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਜੈਵਿਕ ਅਤੇ ਕੁਦਰਤੀ ਖੇਤੀ ਵਿਧੀਆਂ ਰਾਹੀਂ ਗੈਰ-ਰਸਾਇਣਕ ਅਤੇ ਘਰੇਲੂ ਕੀਟ ਕੰਟਰੋਲ ਹੱਲਾਂ ਨੂੰ ਬੜ੍ਹਾਵਾ ਦਿੱਤਾ ਜਾਂਦਾ ਹੈ।

ਜਦੋਂ ਤੋਂ ਦੇਸ਼ ’ਚ ਬਹੁ-ਰਾਸ਼ਟਰੀ ਕੰਪਨੀਆਂ ਦਾ ਦਬਦਬਾ ਵਧਿਆ ਹੈ ਉਦੋਂ ਤੋਂ ਖੇਤੀ ਅਤੇ ਬਾਗਬਾਨੀ ਲਈ ਕੀਟਨਾਸ਼ਕਾਂ ਦੀਆਂ ਵਿਦੇਸ਼ੀ ਦਵਾਈਆਂ ਵੱਧ ਵਰਤੀਆਂ ਜਾਣ ਲੱਗੀਆਂ ਹਨ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਓਧਰ ਦੂਜੇ ਪਾਸੇ ਕੁਦਰਤੀ ਖੇਤੀ ਨਾਲ ਸਿੱਕਮ ’ਚ ਜਿਸ ਰਫ਼ਤਾਰ ਨਾਲ ਵਾਤਾਵਰਣ ਨੂੰ ਮਦਦ ਮਿਲੀ ਹੈ, ਉਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਜੇਕਰ ਭਾਰਤ ਦਾ ਹਰੇਕ ਕਿਸਾਨ ਜੈਵਿਕ ਖੇਤੀ ਨੂੰ ਅਪਣਾ ਲਵੇ ਤਾਂ ਭਾਰਤੀ ਸਮਾਜ ਦੀਆਂ ਕਈ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਹਵਾ ਪ੍ਰਦੂਸ਼ਣ ਦਾ ਇਕ ਕਾਰਨ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਵੀ ਹੈ। ਦੇਖਿਆ ਜਾਵੇ ਤਾਂ ਬੱਚਿਆਂ ਦੀਆਂ ਕਈ ਸਮੱਸਿਆਵਾਂ ਕੀਟਨਾਸ਼ਕਾਂ ਦੇ ਕਾਰਨ ਹੀ ਪੈਦਾ ਹੋ ਰਹੀਆਂ ਹਨ। ਕੈਂਸਰ, ਚਮੜੀ ਰੋਗ, ਅੱਖ, ਦਿਲ ਅਤੇ ਪਾਚਨ ਸਬੰਧੀ ਕਈ ਸਮੱਸਿਆਵਾਂ ਦਾ ਕਾਰਨ ਕੀਟਨਾਸ਼ਕ ਹੀ ਹਨ। ਮਹੱਤਵਪੂਰਨ ਹੈ ਕਿ ਜਿਹੜੇ ਕੀਟਨਾਸ਼ਕਾਂ ’ਤੇ ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ’ਚ ਪਾਬੰਦੀ ਲਾਈ ਜਾ ਚੁੱਕੀ ਹੈ, ਉਨ੍ਹਾਂ ਨੂੰ ਭਾਰਤ ’ਚ ਧੜੱਲੇ ਨਾਲ ਵਰਤਿਆ ਜਾ ਰਿਹਾ ਹੈ।

ਵਧੇਰੇ ਖੇਤੀ ਵਿਗਿਆਨੀ ਹੁਣ ਜੈਵਿਕ ਖੇਤੀ ਨੂੰ ਕਿਸਾਨ ਅਤੇ ਕਿਸਾਨੀ ਲਈ ਫ਼ਾਇਦੇਮੰਦ ਅਤੇ ਸੁਰੱਖਿਅਤ ਮੰਨਣ ਲੱਗੇ ਹਨ। ਇਸ ਨਾਲ ਮਿੱਟੀ ਦੀ ਉਪਜਾਊ ਸਮਰੱਥਾ ’ਚ ਵਾਧਾ ਹੋ ਜਾਂਦਾ ਹੈ। ਸਿੰਚਾਈ ਵਕਫੇ ’ਚ ਵਾਧਾ ਹੁੰਦਾ ਹੈ। ਰਸਾਇਣਕ ਖਾਦ ’ਤੇ ਨਿਰਭਰਤਾ ਘੱਟ ਹੋਣ ਨਾਲ ਲਾਗਤ ’ਚ ਕਮੀ ਆਉਂਦੀ ਹੈ। ਫ਼ਸਲਾਂ ਦੀ ਉਤਪਾਦਕਤਾ ’ਚ ਵਾਧਾ ਹੁੰਦਾ ਹੈ। ਬਾਜ਼ਾਰ ’ਚ ਜੈਵਿਕ ਉਤਪਾਦਾਂ ਦੀ ਮੰਗ ਵਧਣ ਨਾਲ ਕਿਸਾਨਾਂ ਦੀ ਆਮਦਨ ’ਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੈਵਿਕ ਖੇਤੀ ਨਾਲ ਖੇਤੀ ਘਾਟੇ ’ਚੋਂ ਨਿਕਲ ਕੇ ਫ਼ਾਇਦੇ ’ਚ ਆ ਸਕਦੀ ਹੈ। ਇਸ ਨਾਲ ਪਿੰਡਾਂ ਤੋਂ ਸ਼ਹਿਰਾਂ ਵੱਲ ਵਧ ਰਿਹਾ ਪਲਾਇਨ ਘੱਟ ਹੋਵੇਗਾ। ਬਦਲਦੇ ਰੁਤ ਚੱਕਰ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕੀਟਨਾਸ਼ਕਾਂ ਤੋਂ ਰਹਿਤ ਖੇਤੀ ਅਤੇ ਬਾਗਬਾਨੀ ਦੇ ਇਸ ਪ੍ਰਯੋਗ ਨੂੰ ਅਪਣਾਉਣ ਦੀ ਲੋੜ ਹੈ। ਇਸ ਦੇ ਲਈ ਕਿਸਾਨਾਂ ਦੇ ਹਿੱਤ ਚਾਹੁਣ ਵਾਲੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਹੋਵੇਗਾ।

ਪ੍ਰਿੰ. ਡਾ. ਮੋਹਨ ਲਾਲ ਸ਼ਰਮਾ
 


Harnek Seechewal

Content Editor

Related News