ਨੋਟਬੰਦੀ ਦੇ ਚੱਲਦੇ ਕਿਸਾਨ ਬੈਂਕਾਂ ਦੇ ਬਾਹਰ ਭਿਖਾਰੀ ਬਣ ਕੇ ਹੋਏ ਖੜ੍ਹੇ

12/14/2016 4:25:14 PM

ਨਵਾਂਸ਼ਹਿਰ (ਤ੍ਰਿਪਾਠੀ)—ਕਿਰਤੀ ਕਿਸਾਨ ਯੂਨੀਅਨ ਦੀ ਬੈਠਕ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਪ੍ਰਦੇਸ਼ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਦੀ ਅਗਵਾਈ ਹੇਠ ਹੋਈ। ਬੈਠਕ ''ਚ ਨੋਟਬੰਦੀ ਦੇ ਕਾਰਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ''ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਉਪਰੰਤ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਪਹਿਲਾਂ ਹੀ ਘਾਟੇ ਵਿਚ ਚੱਲ ਰਹੇ ਕਿਸਾਨਾਂ ਨੂੰ ਹੁਣ ਮੋਦੀ ਸਰਕਾਰ ਨੇ ਨੋਟਬੰਦੀ ਦਾ ਨਵਾਂ ਫਰਮਾਨ ਸੁਣਾ ਕੇ ਬੈਂਕਾਂ ਦੇ ਬਾਹਰ ਭਿਖਾਰੀ ਬਣਾ ਕੇ ਖੜ੍ਹਾ ਕਰ ਦਿੱਤਾ ਹੈ। ਜਿਸਦੇ ਕਾਰਨ ਨਾ ਕੇਵਲ ਕਣਕ ਦੀ ਬਿਜਾਈ ''ਚ ਦੇਰੀ ਹੋ ਰਹੀ ਹੈ ਸਗੋਂ ਕਿਸਾਨਾਂ ਨੂੰ ਆਪਣੀ ਲਿਮਟ ਦੇ ਕਰਜ਼ੇ ਉਤਾਰਨ ਅਤੇ ਘਰੇਲੂ ਆਰਥਿਕ ਸਮੱਸਿਆਵਾਂ ਨਾਲ ਵੀ ਜੂਝਣਾ ਪੈ ਰਿਹਾ ਹੈ। 

ਕੇਂਦਰ ਸਰਕਾਰ ਨੇ ਕਣਕ ਦੀ ਦਰਾਮਦ ਡਿਊਟੀ ਘੱਟ ਕਰ ਦਿੱਤੀ ਹੈ ਜਿਸਦੇ ਨਤੀਜੇ ਵਜੋਂ ਹੁਣ ਵੱਡੇ ਰਾਸ਼ਟਰ ਆਪਣੀ ਸਰਪਲੱਸ ਕਣਕ ਨੂੰ ਮਨਮਰਜੀ ਦੀਆਂ ਕੀਮਤਾਂ ''ਤੇ ਵਿਕਰੀ ਕਰ ਸਕਣਗੇ। ਜਿਸ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਦੀ ਹੁਣ ਮੰਡੀਆਂ ਵਿਚ ਰੁਲਣ ਦੀ ਸੰਭਾਵਨਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪਿੱਛਲੇ ਡੇਢ ਮਹੀਨੇ ਤੋਂ ਕਿਸਾਨਾਂ ਨੂੰ ਉਨ੍ਹਾਂ ਦੇ ਝੋਨੇ ਦੀ ਅਦਾਇਗੀ ਨਹੀਂ ਹੋ ਰਹੀ ਹੈ। ਕਿਸਾਨਾਂ ਦੀ ਰੀੜ ਦੀ ਹੱਡੀ ਸਮਝੇ ਜਾਣ ਵਾਲੇ ਕੋ-ਆਪ੍ਰੇਟਿਵ ਬੈਂਕਾਂ ਤੋਂ ਉਨ੍ਹਾਂ ਦੇ ਅਧਿਕਾਰ ਖੋਹ ਲਏ ਗਏ ਹਨ। ਕਿਸਾਨਾਂ ਦੇ ਪੁਰਾਣੇ ਨੋਟ ਕੋ-ਆਪ੍ਰੇਟਿਵ ਬੈਂਕਾਂ ''ਚ ਜਮ੍ਹਾ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਹੋਰ ਵਪਾਰਿਕ ਬੈਂਕਾਂ ਵੱਲ ਰੁੱਖ ਕਰਨਾ ਪੈ ਰਿਹਾ ਹੈ ਜਿਸ ਕਾਰਨ ਜਿੱਥੇ ਕੋ-ਆਪ੍ਰੇਟਿਵ ਬੈਂਕਾਂ ਤੇ ਸੋਸਾਇਟੀਆਂ ਦੇ ਕਾਰੋਬਾਰ ''ਤੇ ਉਲਟ ਪ੍ਰਭਾਵ ਪਏਗਾ ਉੱਥੇ ਕਿਸਾਨਾਂ ''ਤੇ ਖੜ੍ਹੇ ਕੋ-ਆਪ੍ਰੇਟਿਵ ਬੈਂਕਾਂ ਦੇ ਕਰਜ ਤੇ ਵਿਆਜ ਦਾ ਭਾਰ ਵੱਧੇਗਾ। 

ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਨਹੀਂ ਕੀਤਾ ਤਾਂ ਉਨ੍ਹਾਂ ਦੀ ਜੱਥੇਬੰਦੀ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।