20 ਨੂੰ ਸੰਗਰੂਰ ''ਚ ਗਰਜਣਗੇ ਮਜ਼ਦੂਰ ਤੇ ਕਿਸਾਨ

06/30/2016 3:18:05 PM

ਜਲੰਧਰ —ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸੱਦੇ ਤਹਿਤ ਪੰਚਾਇਤੀ ਜ਼ਮੀਨਾਂ ਦੀਆਂ ਹੋਈਆਂ ਫਰਜ਼ੀ ਬੋਲੀਆਂ ਰੱਦ ਕਰਵਾ ਕੇ ਅਸਲ ''ਚ ਦਲਿਤਾਂ ਨੂੰ ਦੇਣ, ਸੰਗਰੂਰ ਅੰਦਰ ਜ਼ਮੀਨ ਮੰਗਦੇ ਦਲਿਤਾਂ ''ਤੇ ਤਸ਼ੱਦਦ ਕਰਨ, ਗ੍ਰਿਫਤਾਰ ਆਗੂਆਂ ਨੂੰ ਰਿਹਾਅ ਕਰਨ ਅਤੇ ਝੂਠੇ ਕੇਸ ਰੱਦ ਕਰਨ, ਦਲਿਤਾਂ ''ਤੇ ਤਸ਼ੱਦਦ ਕਰਨ ਅਤੇ ਡੰਮੀ ਬੋਲੀਆਂ ਕਰਨ-ਕਰਾਉਣ ਵਾਲੇ ਸੰਗਰੂਰ ਦੇ ਡੀ. ਸੀ., ਐੱਸ. ਐੱਸ. ਪੀ. ਵਗੈਰਾ ਵਿਰੁੱਧ ਐੱਸ. ਸੀ., ਐੱਸ. ਟੀ. ਤਹਿਤ ਕਾਰਵਾਈ ਕਰਕੇ ਨੌਕਰੀ ਤੋਂ ਹਟਾਉਣ ਆਦਿ ਮੰਗਾਂ ਨੂੰ ਲੈ ਕੇ ਰਾਜ ਭਰ ''ਚ ਸੈਂਕੜੇ ਥਾਵਾਂ ''ਤੇ ਰੋਸ ਪ੍ਰਦਰਸ਼ਨ ਕਰਕੇ ਪੇਂਡੂ ਧਨਾਢਾਂ, ਹਾਕਮ ਧਿਰ, ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਗੱਠਜੋੜ ਦੇ ਪੁਤਲੇ ਫੂਕੇ ਗਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸੇ ਕੜੀ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਬਲਵਿੰਦਰ ਕੌਰ ਦਿਆਲਪੁਰ ਅਤੇ ਨੌਜਵਾਨ ਭਾਰਤ ਸਭਾ ਦੇ ਵੀਰ ਕੁਮਾਰ ਦੀ ਅਗਵਾਈ ਹੇਠ ਪੇਂਡੂ ਮਜ਼ਦੂਰਾਂ ਤੇ ਨੌਜਵਾਨਾਂ ਨੇ ਸ਼ਹਿਰ ''ਚ ਮੁਜ਼ਾਹਰਾ ਕਰਕੇ ਜਲੰਧਰ ਦੇ ਕੰਪਨੀ ਬਾਗ਼ ਚੌਕ ''ਚ ਦਲਿਤ ਵਿਰੋਧੀ ਗੱਠਜੋੜ ਦਾ ਪੁਤਲਾ ਫੂਕਿਆ ਗਿਆ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਸੱਤਾਧਾਰੀ ਸਰਕਾਰ ਪਿੰਡਾਂ ''ਚ ਪੰਚਾਇਤੀ ਜ਼ਮੀਨਾਂ ''ਚੋਂ ਕਾਨੂੰਨ ਅਨੁਸਾਰ ਬਣਦੇ ਆਪਣੇ ਤੀਜੇ ਹਿੱਸੇ ਦੀਆਂ ਜ਼ਮੀਨਾਂ ਅਤੇ ਰਿਹਾਇਸ਼ੀ ਪਲਾਟ ਮੰਗਦੇ ਦਲਿਤਾਂ ਦੀ ਆਵਾਜ਼ ਨੂੰ ਦਬਾਉਣ ਲਈ ਲਾਠੀ-ਗੋਲੀ ਦਾ ਸਹਾਰਾ ਲੈ ਰਹੀ ਹੈ। ਅੰਮ੍ਰਿਤਸਰ ਦਾ ਮਾਛੀਨੰਗਲ ਅਤੇ ਬਾਲਦ ਕਲਾਂ (ਸੰਗਰੂਰ) ਇਸਦੀ ਉਘੜਵੀਂ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ''ਚ ਜ਼ਮੀਨ ਮੰਗਦੇ ਅਤੇ ਹੱਕ ''ਚ ਆਵਾਜ਼ ਉਠਾਉਣ ਵਾਲੇ ਆਗੂਆਂ, ਦਲਿਤਾਂ ਨੂੰ ਝੂਠੇ ਕੇਸਾਂ ''ਚ ਜੇਲ ''ਚ ਬੰਦ ਕਰ ਰਹੀ ਹੈ। ਡੰਮੀ ਬੋਲੀਆਂ ਕਰਕੇ ਦਲਿਤਾਂ ਪਾਸੋਂ ਜ਼ਮੀਨ ਦਾ ਹੱਕ ਖੋਹਿਆ ਜਾ ਰਿਹਾ ਹੈ। ਐਲਾਨਾਂ, ਵਾਅਦਿਆਂ ਦੇ ਬਾਵਜੂਦ ਰਿਹਾਇਸ਼ੀ ਪਲਾਟ ਨਹੀਂ ਦਿੱਤੇ ਜਾ ਰਹੇ। 
ਜਥੇਬੰਦੀਆਂ ਵੱਲੋਂ ਆਗੂਆਂ ਨੇ ਕਿਹਾ ਕਿ 20 ਜੁਲਾਈ ਸੰਗਰੂਰ ਵਿਖੇ ਉਪਰੋਕਤ ਮੰਗਾਂ ਨੂੰ ਲੈ ਕੇ ਹੋਣ ਵਾਲੇ ਸੂਬਾ ਪੱਧਰੀ ਇਕੱਠ ''ਚ ਜਿੱਥੇ ਹਜ਼ਾਰਾਂ ਲੋਕ ਸ਼ਿਰਕਤ ਕਰਨਗੇ ਉੱਥੇ ਕਿਰਤੀ ਕਾਮੇ ਹਾਕਮਾਂ ਦੀਆਂ ਖਰਾਇਤਾਂ ਦੀ ਥਾਂ ਆਪਣੇ ਹਿੱਸੇ ਆਉਂਦੀ ਜ਼ਮੀਨ ''ਤੇ ਦਾਅਵੇਦਾਰੀ ਨੂੰ ਹੋਰ ਬੁਲੰਦ ਕਰਨਗੇ।