ਕਿਸਾਨਾਂ ਨੂੰ ਛੋਲਿਆਂ ਦੀ ਫਸਲ ਅਤੇ ਮਸਰ-ਮੂੰਗੀ ਮਾਂਹ ਦੀ ਬਿਜਾਈ ਬਾਰੇ ਦਿੱਤੇ ਸੁਝਾਅ

02/28/2017 1:12:04 PM

ਬਠਿੰਡਾ (ਪਰਮਿੰਦਰ ) - ਡਾ.ਪਰਮੇਸ਼ਵਰ ਸਿੰਘ, ਡਿਪਟੀ ਡਾਇਰੈਕਟਰ, ਖੇਤੀਬਾੜੀ (ਦਾਲਾਂ) ਪੰਜਾਬ, ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਹਰਪ੍ਰੀਤ ਸ਼ਰਮਾ, ਖੇਤੀਬਾੜੀ ਵਿਕਾਸ ਅਫਸਰ (ਦਾਲਾਂ) ਬਠਿੰਡਾ ਨੇ ਛੋਲਿਆਂ ਦੀ ਫਸਲ ਦਾ ਸਰਵੇਖਣ ਕਰਨ ਉਪਰੰਤ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਫਸਲ ਬਿਲਕੁਲ ਸਹੀ ਹਾਲਤ ਵਿੱਚ ਹੈ। 
ਪਰ ਫਿਰ ਵੀ ਆਉਣ ਵਾਲੇ ਸਮੇਂ ਦੌਰਾਨ ਜੇਕਰ ਛੋਲਿਆਂ ''ਤੇ ਸੁੰਡੀ ਦਾ ਹਮਲਾ ਹੋ ਜਾਵੇ ਤਾਂ ਇਸ ਦੀ ਰੋਕਥਾਮ ਲਈ 200 ਮਿਲੀਲੀਟਰ ਕਿੰਗਡੌਕਸਾ 14.5 ਐ੍ਰਸ.ਸੀ. ਜਾਂ 60 ਮਿਲੀਲੀਟਰ ਟਰੇਸਰ ਜਾਂ 100 ਮਿਲੀਲੀਟਰ ਸੁਮੀਸੀਡੀਨ ਜਾਂ 160 ਮਿਲੀਲੀਟਰ ਡੈਸਿਸ ਦਵਾਈਆਂ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਇੱਕ ਏਕੜ ਲਈ ਛਿੜਕਾਅ ਕਰਨ ਦੀ ਸਲਾਹ ਦਿੱਤੀ ।
ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਈ ਵਾਰੀ ਬੱਦਲਵਾਈ ਅਤੇ ਰੁਕ-ਰੁਕ ਕੇ ਮੀਂਹ ਪੈਣ ਵਾਲੀ ਹਾਲਤ ਵਿੱਚ ਛੋਲਿਆਂ ਦੀ ਫਸਲ ''ਤੇ ਝੁੱਲਸ ਰੋਗ (ਜਿਸ ਨੂੰ ਚਾਂਦਨੀ ਵੀ ਕਹਿੰਦੇ ਹਨ) ਦਾ ਹਮਲਾ ਹੋ ਜਾਂਦਾ ਹੈ ਤਾਂ ਇਸ ਦੀ ਰੋਕਥਾਮ ਲਈ ਕਿਸਾਨਾਂ ਨੂੰ 100 ਮਿਲੀ ਲੀਟਰ ਟਿਲਟ ਦਵਾਈ ਪ੍ਰਤੀ ਏਕੜ 15 ਦਿਨਾਂ ਦੇ ਫਰਕ ਨਾਲ ਤਿੰਨ ਛਿੜਕਾਅ ਕਰਨ ਦੀ ਅਪੀਲ ਕੀਤੀ ਜਾਂ 360 ਗ੍ਰਾਮ ਪ੍ਰਤੀ ਏਕੜ ਇੰਡੋਫਿਲ ਐਮ-45 ਜਾਂ ਕੈਪਟਾਨ ਦਵਾਈ ਨੂੰ 100 ਲੀਟਰ ਪਾਣੀ ਵਿੱਚ ਪਾ ਕੇ 10 ਦਿਨਾਂ ਦੇ ਫਰਕ ਨਾਲ 3-5 ਛਿੜਕਾਅ ਕਰਨ ਲਈ ਕਿਹਾ ।
ਇਸ ਮੌਕੇ ''ਤੇ ਡਾ. ਨਵਰਤਨ ਕੌਰ, ਖੇਤੀਬਾੜੀ ਵਿਕਾਸ ਅਫਸਰ (ਦਾਲਾਂ) ਬਠਿੰਡਾ ਨੇ ਕਿਸਾਨਾਂ ਨੂੰ ਮਸਰ-ਮੂੰਗ ਅਤੇ ਮਸਰ-ਮਾਂਹ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ ਸਮੇਂ ਸਿਰ ਕਰਨ ਦੀ ਸਲਾਹ ਦਿੱਤੀ ਅਤੇ ਕਿਸਾਨ ਵੀਰਾਂ ਨੂੰ ਇਹ ਵੀ ਸੁਝਾਅ ਦਿੱਤਾ ਕਿ ਮੂੰਗੀ ਅਤੇ ਮਾਂਹ ਦੇ ਬੀਜ ਨੂੰ ਟੀਕਾ ਲਾ ਕੇ ਬੀਜਿਆ ਜਾਵੇ ਤਾਂ ਝਾੜ ਵੱਧ ਮਿਲਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਈਕਰੋ ਬਾਇਓਲੋਜੀ ਵਿਭਾਗ ਪਾਸੋਂ ਪ੍ਰਾਪਤ ਕੀਤਾ ਜਾ ਸਕਦਾ ਹੈ।