ਭਰਤਗੜ੍ਹ ਦੇ ਕਿਸਾਨਾਂ ਨੂੰ ਨਸੀਬ ਨਹੀਂ ਹੋਇਆ ਫੋਕਲ ਪੁਆਇੰਟ ਅਤੇ ਦਾਣਾ ਮੰਡੀ

04/26/2017 3:06:25 PM

ਸ੍ਰੀ ਕੀਰਤਪੁਰ ਸਾਹਿਬ— ਭਰਤਗੜ੍ਹ ਵਿਖੇ ਫੋਕਲ ਪੁਆਇੰਟ ਅਤੇ ਪੱਕੀ ਦਾਣਾ ਮੰਡੀ ਨਾ ਹੋਣ ਕਾਰਨ ਇਸ ਇਲਾਕੇ ਦੇ ਕਿਸਾਨਾਂ ਨੂੰ ਆਪਣੀ ਫਸਲ ਆਰਜ਼ੀ ਮੰਡੀ ਵਿਚ ਮਿੱਟੀ ਉਪਰ ਤਰਪਾਲਾਂ ਵਿਛਾ ਕਿ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ ਵਿਚ ਕਈ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਭਰਤਗੜ੍ਹ ਵਿਖੇ ਫੋਕਲ ਪੁਆਇੰਟ ਅਤੇ ਦਾਣਾ ਮੰਡੀ ਬਣਾਉਣ ਵਲ ਕੋਈ ਧਿਆਨ ਨਹੀਂ ਦਿਤਾ ਸਿਰਫ਼ ਆਪਣੀ ਸਰਕਾਰ ਦੇ ਆਖਰੀ ਸਾਲ ਵਿਚ ਲੋਕਾਂ ਦੀਆਂ ਵੋਟਾਂ ਬਟੋਰਨ ਲਈ ਨੀਂਹ ਪੱਥਰ ਰੱਖ ਕੇ ਹੀ ਕੰਮ ਸਾਰਦੇ ਰਹੇ । ਇਸ ਸਮੇਂ ਮਾਰਕਿਟ ਕਮੇਟੀ ਰੋਪੜ ਵੱਲੋਂ ਭਰਤਗੜ੍ਹ ਵਿਖੇ ਕਿਰਾਏ ਦੀ ਜਮੀਨ ਉਪਰ ਆਰਜ਼ੀ ਦਾਣਾ ਮੰਡੀ ਚਲਾਈ ਜਾ ਰਹੀ ਹੈ । ਪੰਜਾਬ ਮੰਡੀ ਬੋਰਡ ਨੂੰ ਭਰਤਗੜ੍ਹ ਦੀ ਇਸ ਆਰਜ਼ੀ ਦਾਣਾ ਮੰਡੀ ਤੋਂ 2% ਮਾਰਕੀਟ ਫੀਸ ਦੇ ਹਿਸਾਬ ਨਾਲ ਸਲਾਨਾ 25 ਲੱਖ ਤੋਂ ਵੱਧ ਆਮਦਨ ਹੋ ਜਾਂਦੀ ਹੈ।
ਮਾ.ਤਾਰਾ ਸਿੰਘ ਲਾਡਲ ਨੇ ਰੱਖਿਆ ਸੀ ਫੋਕਲ ਪੁਆਇੰਟ ਦਾ ਨੀਂਹ ਪੱਥਰ- ਅਕਾਲੀ ਸਰਕਾਰ ਸਮੇਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਭਰਤਗੜ੍ਹ ਵਿਖੇ ਫੋਕਲ ਪੁਆਇੰਟ ਬਣਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਉਸ ਸਮੇਂ ਦੇ ਵਿਧਾਇਕ ਮਾ. ਤਾਰਾ ਸਿੰਘ ਲਾਡਲ ਨੇ ਮਿਤੀ 30 ਅਗਸਤ 1997 ਨੂੰ ਇਸਦਾ ਨੀਂਹ ਪੱਥਰ ਰੱਖਿਆ ਸੀ ਪਰ 19 ਸਾਲ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਭਰਤਗੜ੍ਹ ਦੇ ਵਸਨੀਕਾਂ ਨੂੰ ਫੋਕਲ ਪੁਆਇੰਟ ਨਸੀਬ ਨਹੀਂ ਹੋਇਆ । ਹੁਣ ਇਸਦੇ ਬਣਨ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ। ਭਰਤਗੜ੍ਹ ਪੰਚਾਇਤ ਦੀ ਸ਼ਾਮਲਾਤ ਜਮੀਨ ਵਿਚ ਸਿਰਫ਼ ਫੋਕਲ ਪੁਆਇੰਟ ਦਾ ਨੀਂਹ  ਪੱਥਰ ਹੀ ਲਗਿਆ ਰਹਿ ਗਿਆ ਹੈ।
ਮਦਨ ਮੋਹਨ ਮਿੱਤਲ ਨੇ ਰੱਖਿਆ ਖਰੀਦ ਕੇਂਦਰ ਦਾ ਨੀਂਹ ਪੱਥਰ - ਪਿਛਲੀ ਅਕਾਲੀ -ਭਾਜਪਾ ਗਠਜੋੜ ਸਰਕਾਰ ਵਿਚ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਫੋਕਲ ਪੁਆਇੰਟ ਦੀ ਬਜਾਏ ਪੰਜਾਬ ਮੰਡੀ ਬੋਰਡ ਵੱਲੋਂ ਭਰਤਗੜ੍ਹ ਪੰਚਾਇਤ ਵੱਲੋਂ ਦਿਤੀ ਮੁਫ਼ਤ ਜਮੀਨ ਵਿਚ ਖਰੀਦ ਕੇਂਦਰ ਬਣਾਉਣ ਲਈ 23 ਦਸੰਬਰ 2016 ਨੂੰ ਨੀਂਹ ਪੱਥਰ ਰੱਖਿਆ ਸੀ ਪਰ ਇਸਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ। 
ਭਰਤਗੜ੍ਹ ਪੰਚਾਇਤ ਨੇ ਦਿੱਤੀ ਮੁਫ਼ਤ 5 ਕਿਲ੍ਹੇ ਜਮੀਨ : ਗ੍ਰਾਮ ਪੰਚਾਇਤ ਭਰਤਗੜ੍ਹ ਦੇ ਸਰਪੰਚ ਸੁਖਦੇਵ ਸਿੰਘ ਕੋਂਡਲ ਨੇ ਦੱਸਿਆ ਕਿ ਉਹਨਾਂ ਨੇ  ਡਿਪਟੀ ਕਮਿਸ਼ਨਰ ਰੂਪਨਗਰ ਦੀ ਸਲਾਹ ਲੈਣ ਤੋਂ ਬਾਅਦ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਮਤਾ ਪਾ ਕੇ ਪੰਜਾਬ ਮੰਡੀ ਬੋਰਡ ਨੂੰ ਭਰਤਗੜ੍ਹ ਵਿਖੇ ਖਰੀਦ ਕੇਂਦਰ ਬਣਾਉਣ ਲਈ ਸ਼ਾਮਲਾਤ ਜਮੀਨ ਦੇ ਪੰਜ ਕਿਲ੍ਹੇ ਮੁਫ਼ਤ ਦਿੱਤੇ ਹਨ । ਉਹਨਾਂ ਦੱਸਿਆ ਕਿ ਭਰਤਗੜ੍ਹ ਪੰਚਾਇਤ ਦੀ ਜੋ ਸ਼ਾਮਲਾਤ ਜਮੀਨ ਹੈ ਉਹ ਕਿਸਾਨਾਂ ਦੀ ਬਚਤ ਵਾਲੀ ਜਮੀਨ ਹੈ। ਕਿਸਾਨਾਂ ਦੇ ਹਿੱਤ ਲਈ ਫਸਲ ਦਾ ਖਰੀਦ ਕੇਂਦਰ ਬਣਾਉਣ ਲਈ  ਉਹਨਾਂ ਨੇ ਮਤਾ ਪਾ ਕੇ ਪੰਜ ਕਿਲ੍ਹੇ ਜਮੀਨ ਮੁਫ਼ਤ ਦਿਤੀ ਹੈ ।
ਪੰਚਾਇਤ ਕਮਾਈ ਵਾਲੇ ਅਦਾਰੇ ਨੂੰ ਨਹੀਂ ਦੇ ਸਕਦੀ ਮੁਫ਼ਤ ਜਮੀਨ:ਸਾਬਕਾ ਸਰਪੰਚ ਯੋਗੇਸ਼ ਪੁਰੀ -ਇਸ ਸਬੰਧੀ ਭਰਤਗੜ੍ਹ ਪੰਚਾਇਤ ਦੇ ਸਾਬਕਾ ਸਰਪੰਚ ਯੋਗੇਸ਼ ਪੁਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਸੰਨ 2012-13 ਵਿਚ  ਦਾਣਾ ਮੰਡੀ ਬਣਾਉਣ ਲਈ 30 ਹਜਾਰ ਰੁਪਏ ਪ੍ਰਤੀ ਏਕੜ ਸਲਾਨਾ ਜਾਂ ਆਮਦਨ ਦਾ 10% ਹਿੱਸਾ ਦੇਣ ਦੀ ਸ਼ਰਤ  ਤੇ ਪੰਜਾਬ ਮੰਡੀ ਬੋਰਡ ਨੂੰ ਲੀਜ਼ ਤੇ ਜਮੀਨ ਦੇਣ ਦਾ ਮਤਾ ਪਾਇਆ ਸੀ। ਪੰਚਾਇਤ ਐਕਟ ਦੇ ਅਨੁਸਾਰ ਪੰਚਾਇਤ ਜਨ ਹਿਤ ਵਿਚ ਸਰਕਾਰੀ ਸਕੂਲ, ਹਸਪਤਾਲ ਜਾਂ ਪਸੂ ਹਸਪਤਾਲ ਨੂੰ ਮੁਫ਼ਤ ਜਮੀਨ ਦੇ ਸਕਦੀ ਹੈ। ਪਰ ਕਮਾਈ ਕਰਨ ਵਾਲੇ ਕਿਸੇ ਵੀ ਅਦਾਰੇ ਨੂੰ ਮੁਫ਼ਤ ਜਮੀਨ ਨਹੀਂ ਦੇ ਸਕਦੀ । ਪੰਜਾਬ ਮੰਡੀ ਬੋਰਡ 2% ਮਾਰਕੀਟ ਫੀਸ ਲੈ ਕਿ ਕਮਾਈ ਕਰਦਾ ਹੈ। ਇਸ ਲਈ ਮੌਜੂਦਾ ਪੰਚਾਇਤ ਨੇ ਪੰਜਾਬ ਮੰਡੀ ਬੋਰਡ ਨੂੰ ਮੁਫ਼ਤ ਜਮੀਨ ਦੇ ਕੇ ਪੰਚਾਇਤੀ ਰੂਲਾਂ ਦੇ ਵਿਰੁਧ ਕੰਮ ਕੀਤਾ ।
ਮਾਰਕਿਟ ਕਮੇਟੀ ਨੇ ਖਰੀਦ ਕੇਂਦਰ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੂੰ 10 ਲੱਖ ਰੁਪਏ ਦਿੱਤੇ-ਜਿਲ੍ਹਾ ਮੰਡੀ ਅਫਸਰ- ਇਸ ਸਬੰਧੀ ਜਦੋਂ ਜਿਲ੍ਹਾ ਮੰਡੀ ਅਫਸਰ ਕੁਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਭਰਤਗੜ੍ਹ ਵਿਖੇ ਫਸਲ ਲਈ ਖਰੀਦ ਕੇਂਦਰ ਬਣਾਉਣ ਲਈ ਭਰਤਗੜ੍ਹ ਪੰਚਾਇਤ ਵੱਲੋਂ  ਪੰਜਾਬ ਮੰਡੀ ਬੋਰਡ ਨੂੰ  ਜਮੀਨ ਮੁਫ਼ਤ ਦਿਤੀ ਹੈ ਜਿਸਦਾ ਇੰਤਕਾਲ ਵੀ ਹੋ ਗਿਆ ਹੈ। ਮਾਰਕਿਟ ਕਮੇਟੀ ਰੋਪੜ ਵੱਲੋਂ ਖਰੀਦ ਕੇਂਦਰ ਬਣਾਉਣ ਲਈ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਨੂੰ 10 ਲੱਖ ਰੁਪਏ ਦਾ ਚੈੱਕ ਦਿਤਾ ਹੈ। ਖਰੀਦ ਕੇਂਦਰ ਤੇ ਖਰਚਾ ਜਿਆਦਾ ਆਉਣ ਕਾਰਨ ਇਸਦਾ ਕੰਮ ਸ਼ੁਰੂ ਨਹੀਂ ਹੋ ਸਕਿਆ । ਹੁਣ ਕਣਕ ਦੇ ਸੀਜ਼ਨ ਦੀ ਮਾਰਕੀਟ ਕਮੇਟੀ ਨੂੰ ਜੋ ਕਮਾਈ ਹੋਵੇਗੀ ਉਸ ਚੋਂ ਹੋਰ ਪੈਸੇ ਇਸ ਖਰੀਦ ਕੇਂਦਰ ਲਈ ਸਾਡੇ ਵੱਲੋਂ ਭੇਜੇ ਜਾਣਗੇ।
ਦੂਸਰੇ ਪਾਸੇ ਇਲਾਕੇ ਦੇ ਕਿਸਾਨਾਂ ਬਲਵੀਰ ਸਿੰਘ, ਵਿਜੈ ਕੁਮਾਰ, ਗੁਰਚਰਨ ਸਿੰਘ, ਅਮਰੀਕ ਸਿੰਘ, ਗੁਰਦੇਬ ਸਿੰਘ, ਸੱਜਣ ਸਿੰਘ, ਜਗਤਾਰ ਸਿੰਘ, ਨਿਰਮਲ ਸਿੰਘ ਆਦਿ ਨੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਭਰਤਗੜ੍ਹ ਵਿਖੇ ਜਲਦ ਦਾਣਾ ਮੰਡੀ/ਖਰੀਦ ਕੇਂਦਰ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਕਿਸਾਨ ਆਪਣੀ ਫਸਲ ਨੂੰ ਮਿੱਟੀ ਵਿਚ ਸੁੱਟਣ ਲਈ ਮਜਬੂਰ ਨਾ ਹੋਣ।