ਆਮਦਨੀ ਤੋਂ ਵੱਧ ਕਿਸਾਨਾਂ ਦੇ ਖਰਚੇ, ਤਾਂ ਹੀ ਕਰਦੇ ਨੇ ਖੁਦਕੁਸ਼ੀਆਂ (ਵੀਡੀਓ)

04/28/2016 5:09:56 PM

ਚੰਡੀਗੜ੍ਹ, (ਮਨਮੋਹਨ ਸਿੰਘ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਖਰਚੇ ਉਨ੍ਹਾਂ ਦੀ ਕਮਾਈ ਨਾਲੋਂ ਕਿਤੇ ਵੱਧ ਹਨ, ਜਿਸ ਕਰਕੇ ਉਹ ਖੁਦਕੁਸ਼ੀ ਕਰਦੇ ਹਨ। ਸ਼੍ਰੀ ਬਾਦਲ ਚੰਡੀਗੜ੍ਹ ਵਿਖੇ ਗੱਲਬਾਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਵਿਚ ਸਾਡਾ ਕੋਈ ਕਸੂਰ ਨਹੀਂ। ਗੱਲ ਸਿਰਫ ਇਹ ਹੈ ਕਿ ਕਿਸਾਨਾਂ ਦੇ ਖਰਚੇ ਉਨ੍ਹਾਂ ਦੀ ਆਮਦਨ ਤੋਂ ਵੱਧ ਹਨ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਥੇ ਕਿਸਾਨ ਫਸਲ ਨੂੰ ਬੱਚਿਆਂ ਵਾਂਗ ਪਾਲਦੇ ਹਨ। ਉਹ ਪਤਨੀ ਦੇ ਗਹਿਣੇ ਜਾਂ ਘਰ ਤੱਕ ਨੂੰ ਗਹਿਣੇ ਰੱਖ ਕੇ ਖੇਤੀ ਨੂੰ ਪਹਿਲ ਦਿੰਦੇ ਹਨ। ਇਸ ਤਰ੍ਹਾਂ ਇਕ ਫਸਲ ਦੀ ਪੈਦਾਵਾਰ ''ਤੇ ਕਾਫੀ ਖਰਚਾ ਹੋ ਜਾਂਦਾ ਹੈ ਪਰ ਮੁਨਾਫਾ ਜ਼ਿਆਦਾ ਨਹੀਂ ਹੁੰਦਾ। ਸਿੱਟੇ ਵਜੋਂ ਖੇਤੀ ਲਈ ਲਿਆ ਕਰਜ਼ਾ ਨਾ ਮੋੜ ਸਕਣ ''ਤੇ ਉਹ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਸੂਬਾ ਸਰਕਾਰ ਉਪਰਾਲੇ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਖੇਤੀ ਨੂੰ ਮੁਨਾਫੇ ਵਾਲਾ ਧੰਦਾ ਬਣਾਉਣ ਲਈ ਕਾਨੂੰਨ ਬਣਾਵੇ ਅਤੇ ਸਭ ਤੋਂ ਪਹਿਲਾਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰੇ। 
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਜਾਰੀ ਇਕ ਰਿਪੋਰਟ ਵਿਚ ਪੂਰੇ ਦੇਸ਼ ਵਿਚ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਨੂੰ ਅਜਿਹਾ ਸੂਬਾ ਦੱਸਿਆ ਗਿਆ ਹੈ ਜਿੱਥੇ ਕਿਸਾਨ ਸਭ ਤੋਂ ਵੱਧ ਖੁਦਕੁਸ਼ੀ ਕਰਦੇ ਹਨ।