ਕਿਸਾਨਾਂ ਨੂੰ ਹਰੀ ਖਾਦ ਲਈ ਢੈਂਚੇ ਦੀ ਬੀਜਾਈ ਕਰਨ ਦੀ ਸਲਾਹ: ਡਾ. ਸੁਰਿੰਦਰ ਸਿੰਘ

05/05/2022 7:45:13 PM

ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਢੈਂਚੇ ਦਾ ਬੀਜ ਜ਼ਿਲ੍ਹੇ ਦੇ ਸਮੂਹ ਬਲਾਕ ਦਫ਼ਤਰਾਂ ਵਿਖੇ ਪੁੱਜ ਚੁੱਕਾ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਇਹ ਬੀਜ ਸਬਸਿਡੀ ’ਤੇ ਪ੍ਰਾਪਤ ਕਰਦੇ ਹੋਏ ਜ਼ਰੂਰ ਬੀਜਣ। ਉਨ੍ਹਾਂ ਕਿਹਾ ਕਿ ਇਹ ਬੀਜ ਬਲਾਕ ਦਫ਼ਤਰਾਂ ਵਿਖੇ ਰੁਪਏ 2000 ਪ੍ਰਤੀ ਕੁਇੰਟਲ ਸਬਸਿਡੀ ’ਤੇ ਉਪਲੱਬਧ ਹਨ। 6-8 ਹਫ਼ਤਿਆਂ ਦੀ ਢੈਂਚੇ ਦੀ ਫ਼ਸਲ ਨੂੰ ਖੇਤ ਵਿੱਚ ਵਾਹ ਕੇ ਜਦੋ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਝੋਨੇ ਵਿੱਚ 25 ਕਿਲੋ ਨਾੲਟਰੋਜਨ ਤੱਤ ਭਾਵ  55 ਕਿਲੋ ਯੂਰਿਆ ਤੱਤ ਦੀ ਬਚ੍ਹਤ ਕੀਤੀ ਜਾ ਸਕਦੀ ਹੈ।

ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹਾ ਭਰ ਦੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਦੀ ਵੱਧ ਰਹੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸਾਨੂੰ ਸਭ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਤਹੱਇਆ ਕਰਨਾ ਚਾਹੀਦਾ ਹੈ। ਹਰੀ ਖਾਦ ਵੱਜੋਂ ਬੀਜੀ ਜਾਂਦੀ ਇਸ ਫ਼ਸਲ ਨਾਲ ਕਣਕ ਦਾ ਨਾੜ ਜ਼ਮੀਨ ਵਿੱਚ ਵਾਹਿਆ ਜਾ ਸਕਦਾ ਹੈ ਅਤੇ ਕਣਕ ਦੇ ਨਾੜ ਨੂੰ ਅੱਗ ਦੇ ਹਵਾਲੇ ਕਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹਰੀ ਖਾਦ ਵੱਜੋ ਇਸ ਢੈਂਚੇ ਦੀ ਫ਼ਸਲ ਕਰਕੇ ਜਿਥੇ ਜ਼ਮੀਨ ਦੀ ਉਪਜਾੳ ਸ਼ਕਤੀ ਵਿੱਚ ਸੁਧਾਰ ਹੋ ਸਕਦਾ ਹੈ, ਉਥੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ। 

ਡਾ.ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਹੁਣ ਜਿਥੇ ਕਣਕ ਦੇ ਨਾੜ ਨੂੰ ਸੰਭਾਲਣ ਦੀ ਜ਼ਰੂਰਤ ਹੈ, ਉਥੇ ਕਿਸਾਨ ਵੀਰਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਤੇ ਪੰਜਾਬ ਸਰਕਾਰ ਦੇ ਪ੍ਰੀਜਰਵੇਸ਼ਨ ਆਫ ਸਬ ਸੁਆਈਲ ਵਾਟਰ ਐਕਟ 2009 ਅਨੁਸਾਰ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ। ਝੋਨੇ ਦੀ ਸਿੱਧੀ ਬੀਜਾਈ ਸਰਕਾਰ ਦੇ ਹੁਕਮਾਂ ਅਨੁਸਾਰ 20 ਮਈ ਤੋਂ ਆਰੰਭੀ ਜਾ ਸਕਦੀ ਹੈ। ਸਰਕਾਰ ਵੱਲੋਂ ਕੀਤੀ ਘੋਸ਼ਣਾ ਅਨੁਸਾਰ ਝੋਨੇ ਦੀ ਸਿੱਧੀ ਬਗੈਰ ਕੁੱਦੂ ਕੀਤੇ ਬੀਜਾਈ ਕਰਨ ਵਾਲੇ ਕਿਸਾਨ ਨੂੰ ਰੁਪਏ 1500 ਪ੍ਰਤੀ ਏਕੜ ਲਾਭ ਵੀ ਦਿੱਤਾ ਜਾਵੇਗਾ। ਕਿਸਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਕੁੱਦੂ ਕਰਦੇ ਹੋਏ ਝੋਨੇ ਦੀ ਕਾਸ਼ਤ ਕਰਨੀ ਹੈ ਤਾਂ ਪਨੀਰੀ ਦੀ ਬੀਜਾਈ ਲਈ ਕਾਹਲੀ ਨਾ ਕਰਨ ਅਤੇ 20 ਮਈ ਤੋਂ ਬਾਅਦ ਪਨੀਰੀ ਦੀ ਬਿਜਾਈ ਕਰਨ। ਇਸ ਤਰਾਂ ਕਰਨ ਨਾਲ ਧਰਤੀ ਹੇਠਲੇ ਪਾਣੀ ’ਤੇ ਘੱਟ ਬੋਝ ਪਵੇਗਾ। 

ਕਿਸਾਨ ਵੀਰਾ ਨੂੰ ਡਾ.ਸਿੰਘ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਝੌਨੇ ਦੀਆਂ ਘੱਟ ਸਮਾਂ ਲੈਣ ਵਾਲਿਆਂ ਕਿਸਮਾਂ ਦੇ ਬੀਜ ਦੀ ਖ੍ਰੀਦ ਕਰਨ। ਕਿਸਾਨ ਵੀਰ ਪੂਸਾ-44, ਪੀਲੀ ਪੂਸਾ ਕਿਸਮ ਬੀਜਣ ਤੋਂ ਪਰਹੇਜ ਕਰਨ, ਕਿਉਂਕਿ ਇਹ ਕਿਸਮ ਪੱਕਣ ਨੂੰ ਵਧੇਰੇ ਸਮਾਂ ਲੈਂਦੀ ਹੈ ਅਤੇ ਇਸੇ ਕਰਕੇ ਪਾਣੀ ਦੀ 15-20 % ਖਪਤ ਇਨ੍ਹਾਂ ਕਿਸਮਾਂ ’ਤੇ ਦੂਜਿਆਂ ਕਿਸਮਾਂ ਨਾਲੋਂ ਜ਼ਆਦਾ ਹੁੰਦੀ ਹੈ। ਡਾ.ਸਿੰਘ ਨੇ ਕਿਹਾ ਹੈ ਕਿ ਸਾਨੂੰ ਗੈਰ ਸਿਫਾਰਸ਼ਸ਼ੁਦਾ ਅਤੇ ਹਾਇਬ੍ਰਿਡ ਕਿਸਮਾਂ ਦੀ ਕਾਸ਼ਤ ਤੋਂ ਗੁਰੇਜ ਕਰਨਾ ਚਾਹੀਦਾ ਹੈ ।

ਡਾ.ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫ਼ਸਰ-ਕਮ-ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਜਲੰਧਰ।

rajwinder kaur

This news is Content Editor rajwinder kaur