ਕਮਾਈ ਦਾ ਅਹਿਮ ਧੰਦਾ ‘ਲਸਣ ਉਦਯੋਗ’, ਇੰਝ ਹੁੰਦੀ ਹੈ ਬੀਜਾਈ

11/26/2020 11:36:57 AM

ਪੰਜਾਬ ਵਿੱਚ ਲਸਣ ਦੀ ਖੇਤੀ ਤੇਰਾਂ ਸੌ ਹੈਕਟੇਅਰ ਰਕਬੇ ਤੋਂ ਵੱਧ ਹੁੰਦੀ ਹੈ। ਇਹ ਖੇਤੀ ਹੋਰ ਵੀ ਵੱਧ ਰਕਬੇ ਵਿੱਚ ਕੀਤੀ ਜਾ ਸਕਦੀ ਹੈ। ਲਸਣ ਦੀ ਫ਼ਸਲ ਆਮ ਤੌਰ 'ਤੇ ਹਰ ਤਰ੍ਹਾਂ ਦੀ ਮਿੱਟੀ ਵਿੱਚ ਲਾਈ ਜਾ ਸਕਦੀ ਹੈ ਪਰ ਵਧੀਆ ਅਤੇ ਉਪਜਾਓ, ਪਾਣੀ ਸੋਖਣ ਵਾਲੀ ਚੀਕਣੀ ਮਿੱਟੀ ਵਧੀਆ ਰਹਿੰਦੀ ਹੈ। ਭਾਰੀ ਮਿੱਟੀ ਵਿੱਚ ਲਸਣ ਦੀ ਪੁਟਾਈ ਵਧੀਆ ਨਹੀਂ ਹੁੰਦੀ। ਰੇਤਲੀ ਜਾਂ ਹਲਕੀ ਜ਼ਮੀਨ ਵਿੱਚ ਵੀ ਲਸਨ ਦਾ ਝਾੜ ਘਟਦਾ ਹੈ। ਲਸਣ ਦੀ ਬੀਜਾਈ ਦਾ ਠੀਕ ਸਮਾਂ ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾ ਹਫ਼ਤਾ ਹੈ। 

ਲਸਣ ਆਮ ਤੌਰ 'ਤੇ ਤੁਰੀਆਂ ਤੋਂ ਤਿਆਰ ਕੀਤਾ ਜਾਂਦਾ ਹੈ। ਘਰੇਲੂ ਬਗੀਚੀ ਵਿੱਚ ਜਾਂ ਛੋਟੇ ਪੱਧਰ 'ਤੇ ਚੌਕੇ ਨਾਲ ਬੀਜਾਈ ਕਰੋ ਪਰ ਜੇ ਵਧੇਰੇ ਰਕਬੇ ਵਿੱਚ ਬੀਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਬੀਜਾਈ ਕਰੋ। ਬੀਜਾਈ 3-5 ਸੈਟੀਮੀਟਰ ਡੂੰਘੀ ਕਰੋ। ਜ਼ਿਆਦਾ ਬੀਜਾਈ ਲਈ ਲਸਣ ਬੀਜਣ ਵਾਲੀ ਮਸ਼ੀਨ ਵੀ ਵਰਤੀ ਜਾ ਸਕਦੀ ਹੈ। ਇੱਕ ਏਕੜ ਦੀ ਬੀਜਾਈ ਲਈ 225-250 ਕਿੱਲੋ ਨਰੋਈਆਂ ਤੁਰੀਆਂ ਦੀ ਲੋੜ ਹੈ। ਵਧੇਰੇ ਝਾੜ ਲੈਣ ਲਈ, ਕਤਾਰ ਤੋਂ ਕਤਾਰ ਦਾ ਫਾਸਲਾ 15 ਸੈਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ 7.5 ਸੈਟੀਮੀਟਰ ਰੱਖੋ। ਲਸਨ ਦੀ ਬੀਜਾਈ ਕਰਨ ਤੋਂ ਪਹਿਲਾਂ ਵੀਹ ਕੁਇੰਟਲ ਗਲੀ-ਸੜੀ ਰੂੜੀ ਪ੍ਰਤੀ ਏਕੜ ਪਾਉ।   

ਮੱਧ ਪ੍ਰਦੇਸ਼ ਸਮੁੱਚੇ ਦੇਸ਼ ਵਿੱਚੋ ਲਸਣ ਦਾ ਸਭ ਤੋਂ ਵੱਡਾ ਉਤਪਾਦਕ ਹੈ। ਦੇਸ਼ ਦੇ ਕੁੱਲ ਉਤਪਾਦਨ ਦਾ 35 ਫੀਸਦੀ ਲਸਣ ਇਸ ਰਾਜ ਦੇ ਕਿਸਾਨ ਪੈਦਾ ਕਰਦੇ ਹਨ, ਜਿਸ ਕਰਕੇ ਮੱਧ ਪ੍ਰਦੇਸ਼ ਵਿੱਚ ਇਸ ਕਾਰੋਬਾਰ ਦੀਆਂ ਬਹੁਤ ਸੰਭਾਵਨਾਵਾਂ ਹਨ। ਲਸਣ ਦੀ ਸਭ ਤੋਂ ਵੱਧ ਪੈਦਾਵਾਰ ਮਾਲਵਾ ਅਤੇ ਨਿਮਾੜ ਇਲਾਕੇ ਵਿੱਚ ਹੁੰਦੀ ਹੈ। ਇਸ ਕਾਰੋਬਾਰ ਨਾਲ ਜੁੜੀਆਂ ਹੋਈਆਂ ਫੈਕਟਰੀਆਂ ਇਸ ਇਲਾਕੇ ਵਿੱਚ ਹੀ ਲੱਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਕੱਚਾ ਮਾਲ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ। ਲਸਣ ਦੀ ਪ੍ਰੋਸੈਸਿੰਗ ਇਕਾਈ ਲਾ ਕੇ ਕਈ ਕੰਪਨੀਆਂ ਸੁੱਕੇ ਲਸਣ ਦਾ ਓਤਪਾਦਨ ਕਰ ਰਹੀਆਂ ਹਨ। ਇਹ ਕੰਪਨੀਆਂ ਲਸਣ ਦਾ ਪੇਸਟ, ਚਿਪਸ, ਪਾਓਡਰ ਆਦਿ ਤਿਆਰ ਕਰ ਰਹੀਆਂ ਹਨ।

ਪੰਜਾਬ ਵਿੱਚ ਕੁਝ ਵੱਡੀਆਂ ਫੈਕਟਰੀਆਂ ਨੇ ਲਸਣ ਦੇ ਉਤਪਾਦ ਬਣਾਉਣੇ ਸ਼ੁਰੂ ਕੀਤੇ ਹਨ। ਮੱਧ ਪ੍ਰਦੇਸ਼ ਵਿੱਚ ਲਸਣ ਦੀ ਇਕਾਈ ਲਾਓਣ ਲਈ ਰਾਜ ਅਤੇ ਕੇਂਦਰ ਸਰਕਾਰ ਵੱਲੋ ਸਬਸਿਡੀ ਦਿੱਤੀ ਜਾਂਦੀ ਹੈ। ਸੁੱਕੇ ਲਸਣ ਦੀ ਇਕਾਈ ਲਾਉਣ ਵਾਸਤੇ 4 ਕਰੋੜ ਦੇ ਲੱਗਭੱਗ ਖ਼ਰਚ ਆਉਂਦਾ ਹੈ ਪਰ ਦੇਸ਼ ਵਿੱਚ ਵੱਡੇ ਲਸਣ ਓਤਪਾਦਕ ਵਜੋਂ ਸਾਹਮਣੇ ਆਉਣ ਦੇ ਬਾਵਜੂਦ ਲਸਣ ਉਦਯੋਗ ਇਕਾਈਆਂ ਦੀ ਮਾਤਰਾ ਘੱਟ ਹੈ। ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਇਕਾਈਆਂ ਹਨ। ਸੁੱਕੇ ਲਸਣ ਦੇ ਕਾਰੋਬਾਰ ਵਿੱਚ ਲੱਗੀਆਂ ਸਭ ਤੋਂ ਜ਼ਿਆਦਾ 80 ਇਕਾਈਆਂ ਗੁਜਰਾਤ ਵਿੱਚ ਚੱਲ ਰਹੀਆਂ ਹਨ। ਸੁੱਕੇ ਲਸਣ ਨੂੰ ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ। ਇਸ ਦੀ ਅਮਰੀਕਾ ਅਤੇ ਯੂਰਪੀ ਦੇਸ਼ਾਂ ਤੋਂ ਇਲਾਵਾ ਏਸ਼ੀਆ ਵਿੱਚ ਵੀ ਭਾਰੀ ਮੰਗ ਹੈ। 

ਬ੍ਰਿਸ ਭਾਨ ਬੁਜਰਕ 
ਕਾਹਨਗੜ੍ਹ ਰੋਡ ਪਾਤੜਾ 
ਜ਼ਿਲ੍ਹਾ ਪਟਿਆਲਾ 98761-01698  

 

rajwinder kaur

This news is Content Editor rajwinder kaur