ਸਿੱਧੇ ਬੀਜੇ ਝੋਨੇ ਵਿੱਚ ਜੇਕਰ ਨਦੀਨ ਉਗ ਪਏ ਤਾਂ ਘਬਰਾਉਣ ਦੀ ਲੋੜ ਨਹੀਂ

08/05/2020 11:12:29 AM

ਮੱਖਣ ਸਿੰਘ ਭੁੱਲਰ, ਤਰੁਨਦੀਪ ਕੌਰ, ਪਰਵਿੰਦਰ ਕੌਰ 
ਫਸਲ ਵਿਗਿਆਨ ਵਿਭਾਗ

ਇਸ ਸਾਲ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਾਫੀ ਵੱਡੇ ਪੱਧਰ ’ਤੇ ਹੋਈ ਹੈ। ਇਸ ਵਿਧੀ ਨਾਲ ਬੀਜੇ ਝੋਨੇ ਦੀ ਸਫਲਤਾ ਲਈ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਇਸ ਸਾਲ ਕਿਸਾਨਾਂ ਵੱਲੋ ਜ਼ਿਆਦਾਤਰ ਤਰ-ਵੱਤਰ ਖੇਤ ਵਿੱਚ ਰੌਣੀ ਕਰਕੇ ਸਿੱਧੀ ਬਿਜਾਈ ਕੀਤੀ ਗਈ ਹੈ ਅਤੇ ਸਮੇਂ ਸਿਰ ਪੈਂਡੀਮੈਥਾਲਿਨ ਦੀ ਵਰਤੋਂ ਕਰਨ ਕਰਕੇ ਜ਼ਿਆਦਾ ਕਰਕੇ ਖੇਤ ਨਦੀਨਾਂ ਤੋਂ ਰਹਿਤ ਹਨ। ਇਸ ਸਮੇਂ ਸਿੱਧੀ ਬਿਜਾਈ ਵਾਲੇ ਖੇਤ ਪਹਿਲੇ ਪਾਣੀ, ਜੋ ਕਿ ਤਕਰੀਬਨ ਬਿਜਾਈ ਤੋਂ 21 ਦਿਨ ਬਾਅਦ ਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ, ਲਾਉਣ ਲਈ ਤਿਆਰ ਹਨ ਜਾਂ ਕਈ ਖੇਤਾਂ ਵਿੱਚ ਪਾਣੀ ਲੱਗ ਚੁੱਕਾ ਹੈ।

ਪੜ੍ਹੋ ਇਹ ਵੀ ਖਬਰ - ਪੰਜਾਬ ’ਚ ਵਧੇਰੇ ਵਰਤਿਆ ਜਾਣ ਵਾਲਾ ਨਸ਼ਾ ਬਣਿਆ ‘ਹੈਰੋਇਨ’ (ਵੀਡੀਓ)

ਪਾਣੀ ਲਾਉਣ ਜਾਂ ਮੀਂਹ ਪੈਣ ਦੇ ਨਾਲ ਸਲਾਭ ਮਿਲਣ ਕਰਕੇ ਨਵੇਂ ਨਦੀਨ ਉਗ ਸਕਦੇ ਹਨ, ਜਿਨ੍ਹਾਂ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਲਾਜ਼ਮੀ ਹੈ। ਆਮ ਤੌਰ ’ਤੇ ਸਿੱਧੀ ਬਿਜਾਈ (ਪਰਮਲ/ਬਾਸਮਤੀ) ਵਾਲੇ ਖੇਤਾਂ ਵਿੱਚ ਮੌਸਮੀ ਘਾਹ, ਚੌੜੇ ਪੱਤੇ ਵਾਲੇ ਅਤੇ ਜਾਂ ਝੋਨੇ ਦੇ ਮੋਥੇ ਅਤੇ ਬਹੁ ਫਸਲੀ ਨਦੀਨ ਗੰਢੀ ਵਾਲਾ ਮੋਥਾ ਆਦਿ ਨਦੀਨਾਂ ਦੀ ਸਮੱਸਿਆ ਆ ਸਕਦੀ ਹੈ। ਪਰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਹਰ ਤਰ੍ਹਾਂ ਦੇ ਨਦੀਨਾਂ ਦੀ ਰੋਕਥਾਮ ਕਰਨ ਵਾਸਤੇ ਵੱਖ-ਵੱਖ ਨਦੀਨ ਨਾਸ਼ਕ ਹਨ, ਪਰ ਸਹੀ ਨਦੀਨ-ਨਾਸ਼ਕ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਉੱਗੇ ਹੋਏ ਨਦੀਨਾਂ ਦੀ ਪਛਾਣ ਕਰਨੀ ਆਉਣੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਜੇਕਰ ਸਿੱਧੀ ਬਿਜਾਈ (ਪਰਮਲ/ਬਾਸਮਤੀ) ਵਾਲੇ ਖੇਤ ਵਿੱਚ ਕੱਦੂ ਵਾਲੇ ਝੋਨੇ ਵਿੱਚ ਹੋਣ ਵਾਲੇ ਨਦੀਨ ਜਿਵੇਂ ਸਵਾਂਕ(ਸੌਕਾ), ਸਵਾਂਕੀ (ਛੋਟੀ ਸਵਾਂਕ), ਮਿਰਚ ਬੂਟੀ, ਛਤਰੀ ਵਾਲਾ ਮੋਥਾ ਆਦਿ ਹੋਣ ਤਾਂ ਨੋਮਨੀ ਗੋਲਡ/ ਤਾਰਕ/ ਮਾਚੋ 10 ਤਾਕਤ (ਬਿਸਪਾਇਰੀਬੈਕ ਸੋਡੀਆਮ) 100 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰ ਦਿਉ। ਜੇਕਰ ਉੱਪਰ ਦੱਸੇ ਨਦੀਨਾਂ ਦੇ ਨਾਲ 'ਚੀਨੀ ਘਾਹ' ਵੀ ਹੋਵੇ ਤਾਂ  ਵਿਵਾਇਆ 6 ਤਾਕਤ (ਪਿਨੌਕਸੁਲਮ + ਸਾਈਹੈਲੋਫਾਪ ਮਿਥਾਇਲ) 900 ਮਿ.ਲੀ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਹ ਨਦੀਨ-ਨਾਸ਼ਕ ਗੰਢੀ ਵਾਲੇ ਮੋਥੇ ਨੂੰ ਵੀ ਚੰਗਾ ਦਬਾ ਦਿੰਦਾ ਹੈ।

ਪੜ੍ਹੋ ਇਹ ਵੀ ਖਬਰ - ਸਬਜ਼ੀ ਲਈ ਹੀ ਨਹੀਂ, ਸਗੋਂ ਦਵਾਈਆਂ ਦੇ ਤੌਰ ’ਤੇ ਵੀ ਹੁੰਦੀ ਹੈ ਖੁੰਬਾਂ ਦੀ ਵਰਤੋਂ

ਜੇਕਰ ਖੇਤ ਵਿੱਚ ਘਾਹ ਵਾਲੇ ਨਦੀਨ ਜਿਵੇਂ ਗੁੜਤ ਮਧਾਣਾ, ਮੱਕੜਾ, ਚੀਨੀ ਘਾਹ, ਤੱਕੜੀ ਘਾਹ ਆਦਿ ਹੋਵੇ ਤਾਂ ਰਾਈਸਸਟਾਰ 6.7 ਤਾਕਤ (ਫਿਨੋਕਸਾਪਰਾਪ-ਪੀ-ਇਥਾਇਲ) 400 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰੋ। ਜੇਕਰ ਖੇਤ ਵਿੱਚ ਚੌੜੇ ਪੱਤੇ ਵਾਲੇ ਨਦੀਨ (ਚੁਪੱਤੀ, ਚੁਲਾਈ, ਤਾਂਦਲਾ, ਮਿਰਚ ਬੂਟੀ) ਅਤੇ ਮੋਥੇ (ਛਤਰੀ ਵਾਲਾ ਮੋਥਾ, ਗੰਢੀ ਵਾਲਾ ਮੋਥਾ) ਆਦਿ ਹੋਵੇ ਤਾਂ ਐਲਮਿਕਸ 20 ਤਾਕਤ (ਕਲੋਰੀਮਿਊਰਾਨ ਇਥਾਇਲ+ ਮੈਟਸਲਫੂਰਾਨ ਮਿਥਾਇਲ) 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਨ੍ਹਾਂ ਨਦੀਨ ਨਾਸ਼ਕਾਂ ਦਾ ਛਿੜਕਾਅ, ਜਦੋਂ ਨਦੀਨਾਂ ਦੇ ਬੂਟੇ ਛੋਟੇ ਹੋਣ (2 ਤੋਂ 4 ਪੱਤਿਆਂ ਦੀ ਅਵਸਥਾ ਵਿੱਚ), ਜੋ ਆਮ ਤੌਰ ’ਤੇ ਝੋਨੇ ਦੀ ਬਿਜਾਈ ਦੇ ਤਕਰੀਬਨ 20-25 ਦਿਨ ਬਾਅਦ ਕਰੋ।

ਜੇਕਰ ਬਾਰਿਸ਼ ਪੈ ਜਾਵੇ, ਜਾਂ ਜੇਕਰ ਝੋਨਾ ਸੁੱਕੇ ਖੇਤ ਵਿੱਚ ਬੀਜਿਆ ਹੋਵੇ ਅਤੇ ਨਦੀਨ ਪਹਿਲਾਂ ਉਗ ਪੈਣ ਤਾਂ ਨੋਮਿਨੀਗੋਲਡ 10 ਤਾਕਤ ਬਿਜਾਈ ਤੋਂ 15 ਦਿਨ ਬਾਅਦ ਅਤੇ ਵਿਵਾਇਆ 6 ਤਾਕਤ ਬਿਜਾਈ ਤੋਂ 10 ਦਿਨ ਬਾਅਦ ਵੀ ਵਰਤੀ ਜਾ ਸਕਦੀ ਹੈ। ਰਾਈਸ ਸਟਾਰ 6.7 ਤਾਕਤ ਅਤੇ ਐਲਮਿਕਸ 20 ਤਾਕਤ ਦੀ ਵਰਤੋਂ ਨੂੰ ਬਿਜਾਈ ਤੋਂ 20 ਦਿਨ ਬਾਅਦ ਕਰਨ ਨੂੰ ਤਰਜੀਹ ਦਿਉ, ਕਿਉਂਕਿ ਝੋਨੇ ਦੀ ਛੋਟੀ ਫਸਲ ’ਤੇ ਵਰਤਣ ਨਾਲ ਇਹ ਫਸਲ ਦਾ ਨੁਕਸਾਨ ਕਰ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਜਾਣੋ ਗੁਜਰਾਤ ਦੇ ਜੂਨਾਗੜ੍ਹ ਨੂੰ ਪਾਕਿਸਤਾਨ ਨੇ ਕਿਉਂ ਦਰਸਾਇਆ ਆਪਣੇ ਨਵੇਂ ਨਕਸ਼ੇ ''ਚ (ਵੀਡੀਓ)

ਇਨ੍ਹਾਂ ਨਦੀਨ ਨਾਸ਼ਕਾਂ ਨੂੰ ਚੰਗੀ ਸਲਾਭ ਵਾਲੇ ਖੇਤ ਵਿੱਚ ਸਵੇਰ ਵੇਲੇ ਜਾਂ ਦੁਪਿਹਰ ਤੋ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਕੱਟ ਵਾਲੀ ਨੋਜ਼ਲ ਵਰਤ ਕੇ ਛਿੜਕਾਅ ਕਰੋ। ਜੇਕਰ ਕਿਸੇ ਖੇਤ ਵਿੱਚ ਇੱਕ ਤੋਂ ਜ਼ਿਆਦਾ ਨਦੀਨ ਨਾਸ਼ਕ ਦੇ ਵਰਤਣ ਦੀ ਲੋੜ ਪੈ ਜਾਵੇ ਤਾਂ 4-5 ਦਿਨ ਦਾ ਵਕਫਾ ਜ਼ਰੂਰ ਪਾ ਲਉ ਅਤੇ ਕਦੇ ਵੀ ਆਪਣੇ ਹਿਸਾਬ  ਨਦੀਨ-ਨਾਸ਼ਕਾਂ ਨੂੰ ਰਲ਼ਾ ਕੇ ਨਾ ਵਰਤੋਂ। 

ਇਸ ਤਰ੍ਹਾਂ ਸਿੱਧੇ ਬੀਜੇ ਝੋਨੇ ਦੀ ਫ਼ਸਲ ਵਿੱਚ ਬਿਜਾਈ ਸਮੇਂ ਅਤੇ ਖੜ੍ਹੀ ਫ਼ਸਲ ਵਿੱਚ ਨਦੀਨ-ਨਾਸ਼ਕਾਂ ਦੀ ਵਰਤੋਂ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜੇਕਰ ਨਦੀਨ-ਨਾਸ਼ਕਾਂ ਦੇ ਨਾਲ-ਨਾਲ ਕਾਸ਼ਤ ਦੇ ਚੰਗੇ ਢੰਗ ਅਪਣਾਏ ਜਾਣ ਤਾਂ ਸਿੱਧੇ ਬੀਜੇ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਹੋਰ ਵੀ ਸੁਖਾਲੀ ਹੋ ਜਾਂਦੀ ਹੈ।     

ਪੜ੍ਹੋ ਇਹ ਵੀ ਖਬਰ - ਪਾਣੀ ਦੀ ਬਚਤ ਸਮੇਤ ਕਈ ਸਮੱਸਿਆਵਾਂ ਦਾ ਹੱਲ ਕਰੇਗਾ ‘ਰੇਨ ਗੰਨ ਇਰੀਗੇਸ਼ਨ’ ਸਿਸਟਮ

ਮੱਖਣ ਸਿੰਘ ਭੁੱਲਰ : 
98728-11350

rajwinder kaur

This news is Content Editor rajwinder kaur