ਨਰਮੇ ਦੀ ਬੰਪਰ ਫ਼ਸਲ ਹੋਣ ਨਾਲ ਕਿਸਾਨਾਂ ਦੇ ਚਿਹਰਿਆਂ ਆਈ ਰੌਣਕ

09/28/2016 3:15:39 PM

ਲੰਬੀ (ਜਟਾਣਾ )—ਪਿਛਲੀ ਵਾਰ ਨਰਮੇ ਦੀ ਫਸਲ ਖਰਾਬ ਹੋਣ ਨਾਲ ਕਿਸਾਨਾਂ ਨੂੰ ਭਾਰੀ ਘਾਟੇ ਦੀ ਮਾਰ ਝੱਲਣੀ ਪਈ ਸੀ ਤੇ ਇਸ ਦੇ ਨਾਲ ਹੀ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਵੀ ਕਾਫੀ ਸੱਟ ਲੱਗੀ ਸੀ ਪਰ ਇਸ ਵਾਰ ਭਾਵੇਂ ਨਰਮੇ ਦੀ ਬਜਾਂਦ ਭਾਵੇਂ ਘੱਟ ਹੈ ਪਰ ਜਿਸ ਕਿਸਾਨ ਨੇ ਵੀ ਨਰਮੇ ਦੀ ਫ਼ਸਲ ਬੀਜੀ ਹੈ ਉਹ ਕਿਸਾਨ ਨਰਮੇ ਦੀ ਫ਼ਸਲ ਨੂੰ ਲੈ ਕੇ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਇਸ ਵਾਰ ਨਰਮੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦਾ ਸਾਥ ਚੰਗੇ ਮੌਸਮ ਨੇ ਵੀ ਦਿੱਤਾ ਹੈ ਕਿਉਂਕਿ ਇਹ ਆਮ ਕਹਾਵਤ ਹੈ ਕਿ ਨਰਮੇ ਦੀ ਫ਼ਸਲ ਬਾਰਿਸ਼ ਘੱਟ ਭਾਲਦੀ ਹੈ ਤੇ ਇਸ ਵਾਰ ਬਾਰਿਸ਼ ਵੀ ਬਹੁਤ ਘੱਟ ਪਈ ਹੈ। ਪਿੰਡ ਢਾਣੀ ਕੁੰਦਣ ਸਿੰਘ ਦੇ ਕਿਸਾਨ ਗੁਰਲਾਲ ਸਿੰਘ, ਜੁਗਲਾਲ ਸਿੰਘ, ਗੁਰਪ੍ਰੀਤ ਸਿੰਘ ਗੌਰਾ ਆਦਿ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੇ ਪੰਜ ਏਕੜ ਨਰਮੇ ਦੀ ਫਸਲ ਬੀਜੀ ਹੈ ਤੇ ਹੁਣ ਤੱਕ 8 ਮਣ ਨਰਮਾ ਚੁੱਗ ਚੁੱਕੇ ਹਾਂ ਤੇ ਪੂਰੀ ਫ਼ਸਲ 30 ਮਣ ਦੇ ਕਰੀਬ ਪੈਦਾਵਾਰ ਹੋਣ ਦੀ ਆਸ ਹੈ ਤੇ ਉੱਪਰੋ ਇਸ ਵਾਰ ਨਰਮੇ ਦਾ ਭਾਅ ਵੀ ਵਧੀਆ ਮਿਲ ਰਿਹਾ ਜਿਸ ਕਰਕੇ ਪਿਛਲਾ ਘਾਟਾ ਇਸ ਵਾਰ ਪੂਰਾ ਹੋ ਸਕਦਾ ਹੈ। 

ਜਿਸ ਨਾਲ ਸਾਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸੇ ਪਿੰਡ ਦੇ ਰਾਜਾ ਸਿੰਘ ਤੇ ਸਰਪੰਚ ਪਿੱਪਲ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਨਰਮੇ ਦੀ ਫ਼ਸਲ ਕਾਫੀ ਚੰਗੀ ਹੈ, ਪਰ ਇਸ ਵਾਰ ਬਹੁਤ ਸਾਰੇ ਮਜ਼ਦੂਰ ਦੂਜੇ ਰਾਜਾਂ ਗੁਜਰਾਤ ਆਦਿ ਵਿੱਚ ਰੁਜ਼ਗਾਰ ਲਈ ਗਏ ਹਨ ਜਿਸ ਕਰਕੇ ਮਜ਼ਦੂਰੀ ਦੀ ਬਹੁਤ ਘਾਟ ਹੋਣ ਕਾਰਨ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਇਕੱਠੀ ਕਰਨ ਵਿੱਚ ਕਾਫੀ ਤਕਲੀਫ ਆ ਰਹੀ ਹੈ। ਜਸਪਾਲ ਸਿੰਘ ਪੁੱਤਰ ਜਲੌਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਨਰਮੇ ਦੇ ਬੀਜ ਵਿੱਚ ਵੀ ਕਾਫ਼ੀ ਸੋਧ ਕੀਤੀ ਗਈ ਜਿਸ ਕਰਕੇ ਨਰਮੇ ਨੂੰ ਕੋਈ ਵੀ ਬਿਮਾਰੀ ਨਹੀਂ ਪਈ ਤੇ ਨਾ ਹੀ ਇਸ ਵਾਰ ਬਹੁਤੀ ਸਪਰੇਅ ਕਰਨੀ ਪਈ ਹੈ ਜਿਸ ਕਰਕੇ ਖਰਚਾ ਘੱਟ ਹੋਣ ਨਾਲ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਵਿੱਚ ਕਾਫੀ ਆਮਦ ਹੋਣ ਦੇ ਅਸਾਰ ਹੋਣ ਦੀ ਆਸ ਹੈ। ਇਸ ਦੇ ਨਾਲ ਹੀ ਆੜਤੀ ਯੂਨੀਅਨ ਦੇ ਪ੍ਰਧਾਨ ਕਲਵਿੰਦਰ ਸਿੰਘ ਪੂਨੀਆ, ਸ਼ੈਲਰ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਬਰਾੜ ਤੇ ਗੁਰਦੀਪ ਸਿੰਘ ਜਟਾਣਾ ਆਦਿ ਆੜਤੀਆਂ ਦਾ ਕਹਿਣਾ ਹੈ ਕਿ ਇਸ ਵਾਰ ਨਰਮੇ ਦੀ ਕਾਫੀ ਫ਼ਸਲ ਮਾਰਕੀਟ ਵਿਚ ਆ ਗਈ ਅਤੇ ਨਰਮੇ ਦਾ ਭਾਅ ਵੀ ਹਰ ਰੋਜ ਕੁੱਝ ਨਾ ਕੁੱਝ ਵਧਦਾ ਹੀ ਰਹਿੰਦਾ ਹੈ। ਜਿਸ ਨਾਲ ਕਿਸਾਨ ਤੇ ਆੜਤੀਆਂ ਨੂੰ ਕਾਫੀ ਫਾਇਦਾ ਹੋਣ ਦੀ ਆਸ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਬਸੰਤ ਸਿੰਘ ਕੰਗ ਦਾ ਕਹਿਣਾ ਹੈ ਕਿ ਇਸ ਵਾਰ ਨਰਮੇ ਦੀ ਚੰਗੀ ਫਸਲ ਨਾਲ ਮਾਰਕੀਟ ਕਮੇਟੀ ਨੂੰ ਵੀ ਕਾਫੀ ਫਾਇਦਾ ਹੋਵੇਗਾ ਤੇ ਕਿਸਾਨ ਵੀਰਾਂ ਦੇ ਵੀ ਚੰਗੇ ਦਿਨ ਵਾਪਿਸ ਆਏ ਹਨ। ਇਸ ਵਾਰ ਨਰਮੇ ਦੀ ਬੰਪਰ ਫਸਲ ਨਾਲ ਜਿੱਥੇ ਕਿਸਾਨ ਕਾਫ਼ੀ ਖੁਸ਼ ਹਨ, ਉੱਥੇ ਬਜਾਰ ਵਿੱਚ ਵੀ ਕਾਫੀ ਰੌਣਕ ਆਉਣ ਦੇ ਭਾਰੀ ਅਸਾਰ ਹਨ।