ਨਰਮੇ ਦੀ ਫਸਲ ਬਿਹਤਰ ਸਥਿਤੀ ''ਚ, ਕਿਸਾਨਾਂ ਦੇ ਕਰੋੜਾਂ ਰੁਪਏ ਬਚੇ

08/27/2016 1:53:17 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਭੁਪਿੰਦਰ)— ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਇਸ ਵਾਰ ਨਰਮੇ ਦੀ ਫਸਲ ਸੰਬੰਧੀ ਫਸਲ ਦੀ ਬਿਜਾਈ ਤੋਂ ਪਹਿਲਾਂ ਆਰੰਭੀ ਕਿਸਾਨ ਚੇਤਨਾ ਮੁਹਿੰਮ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਫਲਤਾ ਨਾਲ ਚਲਾਈ ਗਈ ਨਦੀਨ ਮਾਰੋ ਮੁਹਿੰਮ ਦੇ ਸਕਦੇ ਇਸ ਵਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਨਰਮੇ ਦੀ ਫਸਲ ਬਹੁਤ ਹੀ ਬਿਹਤਰ ਹਾਲਤ ''ਚ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੀਆਂ ਤਕਨੀਕੀ ਸੇਧਾਂ ਅਨੁਸਾਰ ਨਰਮੇ ਦੀ ਖੇਤੀ ਕਰਦਿਆਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਹੀ ਘੱਟ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ, ਜਿਸ ਕਾਰਨ ਉਨ੍ਹਾਂ ਦੇ 8 ਕਰੋੜ ਰੁਪਏ ਬਚੇ ਹਨ। ਉਕਤ ਜਾਣਕਾਰੀ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈ. ਏ. ਐੱਸ. ਦੀ ਅਗਵਾਈ ''ਚ ਹੋਈ ਜ਼ਿਲ੍ਹਾ ਖੇਤੀਬਾੜੀ ਵਿਕਾਸ ਕਮੇਟੀ ਦੀ ਬੈਠਕ ਦੌਰਾਨ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਬੇਅੰਤ ਸਿੰਘ ਨੇ ਦਿੱਤੀ। ਇਸ ਪ੍ਰਾਪਤੀ ਲਈ ਵਿਭਾਗ ਨੂੰ ਵਧਾਈ ਦਿੰਦਿਆਂ ਏ. ਡੀ. ਸੀ. ਨੇ ਕਿਹਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਕਿਸਾਨਾਂ ਨੂੰ ਵਧ ਤੋਂ ਵਧ ਤਕਨੀਕੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਖੇਤੀ ਚੰਗੀ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਨੂੰ ਵੀ ਸਖ਼ਤੀ ਨਾਲ ਤਾੜਨਾ ਕੀਤੀ ਕਿ ਜ਼ਿਲ੍ਹੇ ''ਚ ਅਣਅਧਿਕਾਰਤ ਸੀਮਨ ਲਿਆ ਕੇ ਪਸ਼ੂਆਂ ਵਿਚ ਮਨਸੂਈ ਗਰਭਧਾਨ ਕਰਨ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ''ਚ ਖੇਤੀਬਾੜੀ ਵਿਭਾਗ ਦੀਆਂ ਦੋ ਮਿੱਟੀ ਪਰਖ ਪ੍ਰਯੋਗਸ਼ਾਲਾਵਾਂ ਚੱਲ ਰਹੀਆਂ ਹਨ। ਬੈਠਕ ਦੌਰਾਨ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਦੁੱਧ ਦੇ ਸੈਂਪਲ ਲੈਣ ਦੀ ਹਦਾਇਤ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ''ਚ ਖਾਦਾਂ ਦੀ ਕੋਈ ਘਾਟ ਨਹੀਂ ਹੈ। ਬੈਠਕ ''ਚ ਹੋਰਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਡੇਅਰੀ ਕਰਨੈਲ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਨਰਿੰਦਰਜੀਤ ਸਿੰਘ, ਪੀ. ਏ. ਯੂ.  ਦੇ ਵਿਗਿਆਨੀ ਡਾ. ਅਜਮੇਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।